ਕੁੱਲ 27 ਉਮੀਦਵਾਰਾਂ ਨੇ ਨਾਮਜਦਗੀ ਪੇਪਰ ਲਏ ਵਾਪਿਸ, 7 ਦੇ ਕਾਗਜ ਹੋਏ ਰੱਦ
ਹਰਿੰਦਰ ਨਿੱਕਾ, ਬਰਨਾਲਾ 5 ਫਰਵਰੀ 2021
ਨਗਰ ਕੌਂਸਲ ਬਰਨਾਲਾ ਦੇ 31 ਵਾਰਡਾਂ ‘ਚ 27 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਿਸ ਲੈਣ ਤੋਂ ਬਾਅਦ ਹੁਣ 149 ਉਮੀਦਵਾਰ ਕਿਸਮਤ ਅਜਮਾਈ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ / ਐਸਡੀਐਮ ਵਰਜੀਤ ਸਿੰਘ ਵਾਲੀਆਂ ਨੇ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਲਈ ਕੁੱਲ 183 ਉਮੀਦਵਾਰਾਂ ਨੇ ਨਾਮਜਦਗੀ ਪੇਪਰ ਦਾਖਿਲ ਕੀਤੇ ਸਨ। ਜਿੰਨ੍ਹਾਂ ਵਿੱਚੋਂ ਪੜਤਾਲ ਦੌਰਾਨ 7 ਉਮੀਦਵਾਰਾਂ ਦੇ ਕਾਗਜ ਰੱਦ ਹੋ ਗਏ। ਇਨ੍ਹਾਂ ਵਿੱਚ 26 ਨੰਬਰ ਵਾਰਡ ਤੋਂ ਅਕਾਲੀ ਦਲ ਦੇ ਉਮੀਦਵਾਰ ਭਜਨ ਸਿੰਘ ਅਤੇ 6 ਅਜਾਦ ਉਮੀਦਵਾਰ ਸ਼ਾਮਿਲ ਹਨ। ਅੱਜ ਵੱਖ ਵੱਖ ਵਾਰਡਾਂ ਦੇ 27 ਉਮੀਦਵਾਰਾਂ ਨੇ ਆਪਣੇ ਕਾਗਜ ਵਾਪਿਸ ਲੈ ਲਏ। ਹੁਣ ਕੁੱਲ 149 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਜਿੰਨਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਜਿਲ੍ਹਾ ਚੋਣ ਅਫਸਰ/ ਡਿਪਟੀ ਕਮਿਸ਼ਨਰ ਤੇਜਪ੍ਰਤਾਪ ਸਿੰਘ ਫੂਲਕਾ ਨੇ ਜਿਲ੍ਹੇ ਦੀਆਂ ਸਾਰੀਆਂ ਨਗਰ ਕੌਂਸਲਾਂ ਲਈ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਨਿਸਚਿਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ। ਉਨਾਂ ਕਿਹਾ ਕਿ ਜੇਕਰ ਕੋਈ ਵੀ ਉਮੀਦਵਾਰ ਚੋਣ ਜਾਬਤੇ ਦਾ ਉਲੰਘਣ ਕਰਗੇ, ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਉਮੀਦਵਾਰ ਦੇ ਹੱਕ ਵਿੱਚ ਵੋਟ ਮੰਗਦੇ ਅਤੇ ਪ੍ਰਚਾਰ ਕਰਦੇ ਸਮੇਂ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ। ਫੂਲਕਾ ਨੇ ਮੀਡੀਆ ਨੂੰ ਵੀ ਕਿਹਾ ਕਿ ਅਗਰ ਕਿਤੇ ਵੀ ਚੋਣ ਜਾਬਤੇ ਦੀ ਉਲੰਘਣਾ, ਉਨਾਂ ਦੇ ਧਿਆਨ ਵਿੱਚ ਆਵੇ ਤਾਂ,ਉਹ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਉਣ।