ਭੜ੍ਹਕੇ ਪ੍ਰਦਰਸ਼ਨਕਾਰੀਆਂ ਨੇ ਉਮੀਦਵਾਰਾਂ ਦੇ ਬੈਨਰ ਫੂਕੇ ਤੇ ਮਾਰੀਆਂ ਜੁੱਤੀਆਂ
ਆਪ ਮੁਹਾਰੇ ਪਹੁੰਚੇ ਕਿਸਾਨਾਂ ਨੇ ਕਿਹਾ, ਕੁਝ ਦਿਨ ਪਹਿਲਾਂ ਜੱਗਾ ਟੇਲਰ ਗਾਉਂਦਾ ਰਿਹੈ ਕਿਸਾਨ ਸੰਘਰਸ਼ ‘ਚ ਭਾਜਪਾ ਵਿਰੁੱਧ ਗੀਤ
ਆਉਣ ਵਾਲੇ ਦਿਨਾਂ ‘ਚ ਹੋਰ ਵੱਧ ਸਕਦੀਆਂ ਨੇ ਪ੍ਰਸ਼ਾਸ਼ਨ ਦੀਆਂ ਮੁਸ਼ਕਿਲਾਂ !
ਸੋਨੀ ਪਨੇਸਰ /ਰਵੀ ਸੈਣ ,ਬਰਨਾਲਾ 5 ਫਰਵਰੀ 2021
ਨਗਰ ਕੌਸਲ ਚੋਣਾਂ ਲਈ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦੇਣ ਤੋਂ ਬਾਅਦ ਬੇਸ਼ੱਕ ਸਿਵਲ ਪ੍ਰਸ਼ਾਸ਼ਨ ਕੰਮ ਸ਼ਾਂਤੀ ਪੂਰਨ ਢੰਗ ਨਾਲ ਨੇਪਰੇ ਚੜ੍ਹ ਗਿਆ। ਪਰੰਤੂ ਚੋਣ ਨਿਸ਼ਾਨ ਅਲਾਟ ਹੁੰਦਿਆਂ ਹੀ ਭਾਜਪਾ ਉਮੀਦਵਾਰਾਂ ਵੱਲੋਂ ਪ੍ਰਚਾਰ ਕਰਨ ਵਿੱਚ ਕਿਸਾਨਾਂ ਵੱਲੋਂ ਅੜਿੱਕੇ ਪਾਉਣ ਦੀ ਕਥਿਤ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਾ ਸਭ ਤੋਂ ਪਹਿਲਾ ਸ਼ਿਕਾਰ ਸ਼ਹਿਰ ਦੇ ਸੇਖਾ ਰੋਡ ਖੇਤਰ ਵਿੱਚ ਪੈਂਦੇ ਵਾਰਡ ਨੰਬਰ 22 ਦੇ ਉਮੀਦਵਾਰ ਜੱਗਾ ਸਿੰਘ ਟੇਲਰ ਨੂੰ ਬਣਨਾ ਪਿਆ। ਦੇਰ ਸ਼ਾਮ ਜਦੋਂ ਹੀ ਭਾਜਪਾ ਉਮੀਦਵਾਰ ਨੇ ਚੋਣ ਨਿਸ਼ਾਨ ਦੇ ਬੈਨਰ ਅਤੇ ਪੋਸਟਰ ਲਾਉਣੇ ਸ਼ੁਰੂ ਕੀਤੇ ਤਾਂ ਇਸ ਦੀ ਭਿਣਕ ਕਿਸਾਨਾਂ ਨੂੰ ਵੀ ਪੈ ਗਈ। ਸਭ ਤੋਂ ਪਹਿਲਾਂ ਇਕੱਠੇ ਹੋਏ ਕਿਸਾਨ ਗਲੀ ਨੰਬਰ 5 ਵਿਖੇ ਸਥਿਤ ਜੱਗਾ ਟੇਲਰ ਦੀ ਟੇਲਰਿੰਗ ਦੀ ਦੁਕਾਨ ਅਤੇ ਵਾਰਡ ਨੰਬਰ 20 ਦੇ ਭਾਜਪਾ ਉਮੀਦਵਾਰ ਅਸ਼ਵਨੀ ਕੁਮਾਰ ਦੀ ਰੈਡੀਮੇਡ ਦੀ ਦੁਕਾਨ ਅੱਗੇ ਨਾਅਰੇਬਾਜੀ ਕਰਦੇ ਹੋਏ ਪਹੁੰਚ ਗਏ। ਪਰੰਤੂ ਕਿਸਾਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਵੇਂ ਭਾਜਪਾ ਉਮੀਦਵਾਰ ਆਪਣੀਆਂ ਦੁਕਾਨਾਂ ਤੋਂ ਦੱਬੇ ਪੈਰੀਂ ਖਿਸਕ ਗਏ। ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ: ਦਾ ਕਾਫਿਲਾ ਕਾਕੇ ਦੀਆਂ ਬੇਰੀਆਂ ਕੋਲ ਜੱਗਾ ਸਿੰਘ ਟੇਲਰ ਦੇ ਘਰ ਅੱਗੇ ਭਾਜਪਾ ਅਤੇ ਭਾਜਪਾ ਉਮੀਦਵਾਰਾਂ ਦੇ ਵਿਰੁੱਧ ਨਾਅਰੇ ਮਾਰਦਾ ਪਹੁੰਚ ਗਿਆ। ਪਰੰਤੂ ਜੱਗਾ ਸਿੰਘ ਘਰ ਵੀ ਨਹੀਂ ਮਿਲਿਆ। ਕਾਫੀ ਦੇਰ ਤੱਕ ਪ੍ਰਦਰਸ਼ਨਕਾਰੀ ਕਿਸਾਨ ਉਸ ਦੇ ਘਰ ਨੂੰ ਘੇਰਾ ਪਾ ਕੇ ਨਾਅਰੇਬਾਜੀ ਕਰਦੇ ਰਹੇ।ਭੜ੍ਹਕੇ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਉਮੀਦਵਾਰਾਂ ਦੇ ਬੈਨਰ ਤੇ ਪੋਸਟਰ ਲਾਹ ਕੇ ਬੈਨਰਾਂ ਤੇ ਲੱਗੀਆਂ ਫੋਟੋਆਂ ਤੇ ਜੁੱਤੀਆਂ ਮਾਰੀਆਂ, ਫਿਰ ਬੈਨਰਾਂ ਨੂੰ ਫੂਕ ਕੇ ਜੋਰਦਾਰ ਨਾਅਰੇਬਾਜ਼ੀ ਵੀ ਕੀਤਾ। ਇਸ ਮੌਕੇ ਕਿਸਾਨ ਆਗੂ ਨਿਰਭੈ ਸਿੰਘ ਅਤੇ ਗਗਨਦੀਪ ਸਿੰਘ ਨੇ ਕਿਹਾ ਕਿਹਾ ਕਿ ਹੁਣ ਭਾਜਪਾ ਦੀ ਟਿਕਟ ਤੇ ਚੋਣ ਮੈਦਾਨ ਵਿੱਚ ਉਤਰਿਆ ਜੱਗਾ ਸਿੰਘ ਹਾਲੇ ਕੁਝ ਦਿਨ ਪਹਿਲਾਂ ਹੀ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਜਾਰੀ ਸਾਂਝੇ ਕਿਸਾਨ ਸੰਘਰਸ਼ ਦੀ ਸਟੇਜ ਤੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਗੀਤ ਗਾ ਕੇ ਕਿਸਾਨਾਂ ਦੀ ਹਮਦਰਦੀ ਲੈਣ ਦਾ ਯਤਨ ਕਰਦਾ ਰਿਹਾ। ਜਦੋਂ ਕਿ ਹੁਣ ਭਾਜਪਾ ਦੀ ਟਿਕਟ ਤੇ ਚੋਣ ਮੈਦਾਨ ਵਿੱਚ ਉਤਰਨ ਤੋਂ ਬਾਅਦ ਉਸ ਦਾ ਕਿਸਾਨ ਹਿਤੈਸ਼ੀ ਹੋਣ ਦਾ ਮਖੌਟਾ ਉਤਰ ਗਿਆ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਉਹ ਭਾਜਪਾ ਉਮੀਦਵਾਰਾਂ ਦੇ ਖਿਲਾਫ ਉਨਾਂ ਦੇ ਵਾਰਡਾਂ ਵਿੱਚ ਜਾ ਕੇ ਪ੍ਰਚਾਰ ਕਰਕੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ ਕਿ ਭਾਜਪਾ ਉਮੀਦਵਾਰਾਂ ਨੂੰ ਵੋਟਾਂ ਪਾਉਣ ਦਾ ਸਿੱਧਾ ਮਤਲਬ ਕਿਸਾਨ ਸੰਘਰਸ਼ ਨੂੰ ਨੀਵਾਂ ਦਿਖਾਉਣ ਦੇ ਬਰਾਬਰ ਹੀ ਹੋਵੇਗਾ। ਕੁਝ ਵੀ ਹੋਵੇ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦੁਆਰਾ ਭਾਜਪਾ ਉਮੀਦਵਾਰਾਂ ਦੇ ਵਾਰਡਾਂ ਵਿੱਚ ਵਿਰੋਧ ਪ੍ਰਦਰਸ਼ਨਾਂ ਕਾਰਣ ਉਮੀਦਵਾਰਾਂ ਤੋਂ ਇਲਾਵਾ ਪੁਲਿਸ ਪ੍ਰਸ਼ਾਸ਼ਨ ਦੀਆਂ ਮੁਸ਼ਕਿਲਾਂ ਵੀ ਵੱਧ ਸਕਦੀਆਂ ਹਨ।