ਤਰਕਸ਼ੀਲ ਆਗੂ ਮੇਘ ਰਾਜ ਮਿੱਤਰ ਕੋਲ ਮੁਕੇਸ਼ ਨੇ ਜਮਾਂ ਕਰਵਾਈ ਇੱਕ ਲੱਖ ਦੀ ਜ਼ਮਾਨਤੀ ਰਾਸ਼ੀ
ਹਰਿੰਦਰ ਨਿੱਕਾ , ਬਰਨਾਲਾ, 6 ਫਰਵਰੀ 2021
ਤਰਕਸ਼ੀਲ ਸੁਸਾਇਟੀ ਦੀ ਸਥਾਪਨਾ 1984 ਵਿੱਚ ਇਸ ਦੇ ਮੋਢੀ ਆਗੂ ਮੇਘ ਰਾਜ ਮਿੱਤਰ ਵੱਲੋਂ ਡਾ. ਇਬਰਾਹਿਮ ਟੀ ਕਬੂਰ ਦੀ ਕਿਤਾਬ ‘…ਤੇ ਦੇਵ ਪੁਰਸ਼ ਹਾਰ ਗਏ’ ਦੇ ਅਨੁਵਾਦ ਨਾਲ ਹੋਈ ਸੀ। ਉਸ ਸਮੇਂ ਤੋਂ ਹੀ ਤਰਕਸ਼ੀਲ ਸੁਸਾਇਟੀ ਨੇ ਆਪਣੀ ਇੱਕ 23 ਚੁਣੌਤੀਆਂ ਦਿੰਦੀ ਸ਼ਰਤ ਜਾਰੀ ਕੀਤੀ ਗਈ ਹੈ। ਇਨਾਂ 23 ਸ਼ਰਤਾਂ ਵਿੱਚੋਂ ਕਿਸੇ ਵੀ ਇੱਕ ਨੂੰ ਪੂਰਾ ਕਰਨ ਤੇ ਸੁਸਾਇਟੀ ਵੱਲੋਂ ਲੱਖਾਂ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਹੋਇਆ ਸੀ। ਕੁੱਝ ਵਰੇ ਪਹਿਲਾਂ ਤਰਕਸ਼ੀਲ ਸੁਸਾਇਟੀ ਭਾਰਤ ਵੱਲੋਂ ਇਸ ਚੁਣੌਤੀ ਵਿੱਚੋਂ ਕੋਈ ਵੀ ਇੱਕ ਸ਼ਰਤ ਪੂਰੇ ਕਰਨ ਉੱਤੇੇ 1 ਕਰੋੜ ਰੁਪਏ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਸੀ। ਚੁਣੌਤੀ ਦੀ ਇਸ ਸ਼ਰਤ ਨੂੰ ਕਬੂਲ ਕਰਨ ਤੋਂ ਪਹਿਲਾਂ ਦਾਅਵੇਦਾਰ ਨੂੰ ਸੁਸਾਇਟੀ ਵੱਲੋਂ ਤੈਅਸ਼ੁਦਾ ਇੱਕ ਲੱਖ ਰੁਪਏ ਦੀ ਜਮਾਨਤੀ ਰਾਸ਼ੀ ਜਮਾ ਕਰਵਾਉਣੀ ਜ਼ਰੂਰੀ ਹੈ।
ਤਰਕਸ਼ੀਲ ਸੁਸਾਇਟੀ ਦੇ ਕੌਮੀ ਪ੍ਰਧਾਨ ਰਾਜਾ ਰਾਮ ਹੰਡਿਆਇਆ ਅਤੇ ਕਾਰਕੁੰਨ ਅਮਿੱਤ ਮਿੱਤਰ ਨੇ ਦੱਸਿਆ ਕਿ ਆਗਰਾ ਦੇ ਰਹਿਣ ਵਾਲੇ ਮੁਕੇਸ਼ ਕੁਮਾਰ ਨਾਮੀ ਵਿਅਕਤੀ ਵੱਲੋਂ ਸਾਡੇ ਕੋਲ ਦਾਅਵਾ ਕੀਤਾ ਹੈ ਕਿ ਉਹ ਜਾਂ ਉਸਦੇ ਗੁਰੂ ਜੀ ਸੁਸਾਇਟੀ ਦੀਆਂ 23 ਸ਼ਰਤਾਂ ਵਿੱਚੋਂ ਇੱਕ ਸੀਲ ਬੰਦ ਲਿਫ਼ਾਫੇ ਵਿੱਚ ਪਏ ਨੋਟਾਂ ਦੇ ਸੀਰੀਅਲ ਨੰਬਰਾਂ ਨੂੰ ਆਪਣੀ ਦੈਬੀ ਸ਼ਕਤੀ ਨਾਲ ਦੱਸ ਸਕਦੇ ਹਨ। ਇਸ ਸੰਬੰਧੀ ਮੁਕੇਸ਼ ਨੇ ਆਪਣੇ ਬੇਟੇ ਨਾਲ ਤਰਕਸ਼ੀਲ ਸੁਸਾਇਟੀ ਭਾਰਤ ਦੇ ਦਫ਼ਤਰ ਵੱਚ ਹਾਜ਼ਰ ਹੋ ਕੇ ਇੱਕ ਲੱਖ ਰੁਪਏ ਦੀ ਜਮਾਨਤੀ ਰਾਸ਼ੀ ਜਮਾ ਕਰਵਾ ਦਿੱਤੀ ਹੈ। ਤਰਕਸ਼ੀਲਾਂ ਨੇ ਦੱਸਿਆ ਕਿ ਮੁਕੇਸ਼ ਕੁਮਾਰ ਜੀ ਨੂੰ 30 ਅਪ੍ਰੈਲ 2021 ਤੱਕ ਦਾ ਸਮਾਂ ਦਿੱਤਾ ਗਿਆ ਹੈ, ਜਿਸ ਤੋਂ ਪਹਿਲਾਂ ਕਿਸੇ ਵੀ ਦਿਨ ਸਮਾਂ ਤੈਅ ਕਰਕੇ ਮੁਕੇਸ਼ ਕੁਮਾਰ ਜਾਂ ਉਨਾਂ ਦੇ ਗੁਰੂ ਇਸ ਚੁਣੌਤੀ ਨੂੰ ਪੂਰਾ ਕਰ ਸਕਦੇ ਹਨ।
ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਜੇ ਮੁਕੇਸ਼ 30 ਅਪ੍ਰੈਲ ਤੋਂ ਪਹਿਲਾਂ ਆਪਣਾ ਇਹ ਦਾਅਵਾ ਪੂਰਾ ਕਰਨ ਵਿੱਚ ਅਸਮੱਰਥ ਰਹਿੰਦਾ ਹੈ ਤਾਂ ਉਸ ਦੀ ਜਮਾਨਤੀ ਰਾਸ਼ੀ ਜਬਤ ਕਰ ਲਈ ਜਾਵੇਗੀ। ਪਰ ਜੇ ਉਹ ਨਿਧਾਰਤ ਸਮੇਂ ਵਿੱਚ ਸ਼ਰਤ ਨੂੰ ਜਿੱਤਣ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਤਰਕਸ਼ੀਲ ਸੁਸਾਇਟੀ ਭਾਰਤ ਵੱਲੋਂ ਇੱਕ ਕਰੋੜ ਰੁਪਏ ਦੇ ਨਾਲ ਹੀ ਜਮਾਨਤੀ ਰਾਸ਼ੀ ਵੀ ਵਾਪਿਸ ਕਰ ਦਿੱਤੀ ਜਾਵੇਗੀ।
ਵਰਨਣਯੋਗ ਹੈ ਕਿ ਤਰਕਸ਼ੀਲ ਸੁਸਾਇਟੀ 1984 ਤੋਂ ਪੰਜਾਬ ਅਤੇ ਉੱਤਰੀ ਭਾਰਤ ਦੇ ਲੋਕਾਂ ਨੂੰ ਅੰਧਵਿਸ਼ਵਾਸਾਂ ਵਿੱਚੋਂ ਬਾਹਰ ਕੱਢਣ ਲਈ ਯਤਨਸ਼ੀਲ ਹੈ। ਸੁਸਾਇਟੀ ਵੱਲੋਂ ਵਿਗਿਆਨਕ ਵਿਚਾਰਧਾਰ ਦਾ ਪ੍ਰਚਾਰ ਤੇ ਪ੍ਰਸਾਰ ਕਰਦੀਆਂ ਸੈਂਕੜੇ ਕਿਤਾਬਾਂ ਪੰਜਾਬੀ ਅਤੇ ਹਿੰਦੀ ਵਿੱਚ ਲਿਆਂਦੀਆਂ ਗਈਆਂ ਹਨ। ਇਸ ਤੋਂ ਇਲਾਵਾ ਸੁਸਾਇਟੀ ਸਮੇਂ-ਸਮੇਂ ‘ਤੇ ਜਨਤਕ ਇਕੱਠ ਕਰਕੇ ਲੋਕਾਂ ਨੂੰ ਆਪਣੇ ਤਰਕਸ਼ੀਲ ਨਾਟਕਾਂ ਜਾਂ ਗੀਤ ਸੰਗੀਤ ਜਰੀਏ ਵੀ ਅੰਧਵਿਸ਼ਵਾਸਾਂ ਵਿੱਚੋਂ ਨਿੱਕਲਣ ਦਾ ਸੱਦਾ ਦਿੰਦੀ ਰਹੀ ਹੈ।
ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਪਹਿਲਾਂ ਵੀ ਸਮੇਂ-ਸਮੇਂ ‘ਤੇ ਕਈ ਵਿਅਕਤੀਆਂ ਨੇ ਤਰਕਸ਼ੀਲ ਸੁਸਾਇਟੀ ਦੀ ਚੁਣੌਤੀ ਨੂੰ ਕਬੂਲ ਕੀਤਾ ਹੈ। ਜਿੰਨਾਂ ਵਿੱਚ ਇੱਕ ਵਿਅਕਤੀ ਦਾ ਦਾਅਵਾ ਸੀ ਕਿ ਉਹ ਜਦੋਂ ਚਾਹੇ ਮੀਂਹ ਪਵਾ ਸਕਦਾ ਹੈ ਅਤੇ ਜਦ ਚਾਹੇ ਆਪਣੀ ਦੈਬੀ ਸ਼ਕਤੀ ਨਾਲ ਰੋਕ ਸਕਦਾ ਹੈ। ਦੂਜੇ ਕਈ ਹੋਰ ਵਿਅਕਤੀ ਵੀ ਆਪਣੀਆਂ ਦੈਬੀ ਸ਼ਕਤੀਆਂ ਦਾ ਮੁਜਾਹਰਾ ਕਰਨ ਲਈ ਸੁਸਾਇਟੀ ਦੀ ਚੁਣੌਤੀ ਨੂੰ ਕਬੂਲ ਕਰਦੇ ਰਹੇ ਹਨ, ਪਰ ਇਨਾਂ ਵਿੱਚੋਂ ਕੋਈ ਵੀ ਆਪਣੀ ਜਮਾਨਤੀ ਰਾਸ਼ੀ ਵਾਪਿਸ ਨਾ ਕਰਵਾ ਸਕਿਆ। ਜਦੋਂ ਤੋਂ ਤਰਕਸ਼ੀਲ ਸੁਸਾਇਟੀ ਭਾਰਤ ਵੱਲੋਂ ਆਪਣੀ ਇਨਾਮੀ ਰਾਸ਼ੀ ਇੱਕ ਕਰੋੜ ਰੁਪਇਆ ਕੀਤੀ ਹੈ ।
ਉਸ ਸਮੇਂ ਤੋਂ ਬਾਅਦ ਆਗਰਾ ਦੇ ਰਹਿਣ ਵਾਲੇ ਮੁਕੇਸ਼ ਕੁਮਾਰ ਅਜਿਹੇ ਪਹਿਲੇ ਸ਼ਖ਼ਸ ਨੇ ਜਿਨਾਂ ਨੇ ਇੱਕ ਲੱਖ ਰੁਪਏ ਦੀ ਜਮਾਨਤ ਭਰ ਕੇ ਇਸ ਚੁਣੌਤੀ ਨੂੰ ਕਬੂਲ ਕੀਤਾ ਹੈ। ਤਰਕਸ਼ੀਲ ਸੁਸਾਇਟੀ ਵੱਲੋਂ ਬਕਾਇਦਾ ਇਕ ਇਕਰਾਰ ਨਾਮਾ ਮੁਕੇਸ਼ ਨਾਲ ਕੀਤਾ ਹੈ ਜਿਸ ਵਿੱਚ ਇਹ ਤਹਿ ਕੀਤਾ ਗਿਆ ਹੈ ਕਿ ਮੁਕੇਸ਼ ਜਾਂ ਉਸਦੇ ਗੁਰੂ ਜੀ ਦੀ ਆਲੌਕਿਕ ਸ਼ਕਤੀ ਦੀ ਪੜਤਾਲ ਪੂਰੀ ਤੱਸਲੀ ਹੋਣ ਤੱਕ ਕੀਤੀ ਜਾਵੇਗੀ। ਇਸ ਪਰਖ਼ ਲਈ ਮੁਕੇਸ਼ ਨੂੰ ਆਪਣੇ ਗੁਰੂ ਜੀ ਨੂੰ ਨਾਲ ਲੈ ਕੇ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਬਰਨਾਲਾ ਵਿਖੇ ਆਉਣਾ ਪਵੇਗਾ। ਇਕਰਾਰਨਾਮੇ ਵਿੱਚ ਇਹ ਵੀ ਤਹਿ ਹੈ ਕਿ ਜੇਕਰ ਦੋਵਾਂ ਧਿਰਾਂ ਵਿੱਚ ਕੋਈ ਵਿਵਾਦ ਪੈਦਾ ਹੁੰਦਾ ਹੈ ਤਾਂ ਉਸਦੀ ਕਾਨੂੰਨੀ ਚਾਰਜੋਈ ਬਰਨਾਲਾ ਦੀ ਅਦਾਲਤ ਵਿੱਚ ਹੀ ਹੋ ਸਕੇਗੀ। ਤਰਕਸ਼ੀਲ ਆਗੂਆਂ ਨੇ ਲੋਕਾਂ ਨੂੰ ਅੰਧਵਿਸ਼ਵਾਸਾਂ ਵਿੱਚੋਂ ਬਾਹਰ ਨਿੱਕਲ ਕੇ ਵਿਗਿਆਨ ਦਾ ਪੱਲਾ ਫੜਣ ਦੀ ਵੀ ਅਪੀਲ ਕੀਤੀ।
ਕੀ ਹੈ ਤਰਕਸ਼ੀਲਾਂ ਦੀ ਚੁਣੌਤੀ,,,
ਮੈਂ ਤਰਕਸ਼ੀਲ ਸੁਸਾਇਟੀ (ਰਜਿ.) ਵੱਲੋਂ ਇਹ ਘੋਸ਼ਣਾ ਕਰਦਾ ਹਾਂ ਕਿ ਤਰਕਸ਼ੀਲ ਸੁਸਾਇਟੀ ਇੱਕ ਕਰੋੜ ਰੁਪਏ ਦਾ ਇਨਾਮ ਦੁਨੀਆਂ ਦੇ ਕਿਸੇ ਅਜਿਹੇ ਵਿਅਕਤੀ ਨੂੰ ਦੇਣ ਲਈ ਤਿਆਰ ਹੈ, ਜਿਹੜਾ ਅਜਿਹੀਆਂ ਹਾਲਤਾਂ ਵਿੱਚ ਜਿੱਥੇ ਧੋਖਾ ਨਾ ਹੋ ਸਕਦਾ ਹੋਵੇ, ਪਰ ਕੋਈ ਚਮਤਕਾਰੀ ਜਾਂ ਅਲੌਕਿਕ ਸ਼ਕਤੀ ਦਾ ਵਿਖਾਵਾ ਕਰ ਸਕਦਾ ਹੋਵੇ। ਇਹ ਪੇਸ਼ਕਸ਼ ਸੁਸਾਇਟੀ ਨੂੰ ਪਹਿਲਾ ਇਨਾਮ ਜੇਤੂ ਦੇ ਮਿਲਣ ਤੱਕ ਖੁੱਲ੍ਹੀ ਹੋਵੇਗੀ। ਦੇਵ-ਪੁਰਸ਼, ਸੰਤ, ਯੋਗੀ, ਸਿੱਧ, ਗੁਰੂ, ਸਵਾਮੀ ਅਤੇ ਹੋਰ ਦੂਸਰੇ, ਜਿਨ੍ਹਾਂ ਨੇ ਆਤਮਿਕ ਕਸਰਤਾਂ ਰਾਹੀਂ ਜਾਂ ਪ੍ਰਮਾਤਮਾ ਦੀ ਭਗਤੀ ਨਾਲ ਸ਼ਕਤੀ ਪ੍ਰਾਪਤ ਕੀਤੀ ਹੈ। ਇਸ ਇਨਾਮ ਨੂੰ ਹੇਠਾਂ ਲਿਖੇ ਚਮਤਕਾਰਾਂ ਵਿੱਚੋਂ ਕਿਸੇ ਇੱਕ ਦਾ ਵਿਖਾਵਾ ਕਰਕੇ ਜਿੱਤ ਸਕਦੇ ਹਨ।
1. ਜਿਹੜਾ ਸੀਲ ਬੰਦ ਕਰੰਸੀ ਨੋਟ ਦਾ ਲੜੀ ਨੰਬਰ ਪੜ੍ਹ ਸਕਦਾ ਹੋਵੇ।
2. ਜਿਹੜਾ ਕਰੰਸੀ ਨੋਟ ਦੀ ਠੀਕ ਨਕਲ ਉਸੇ ਸਮੇਂ ਪੈਦਾ ਕਰ ਸਕਦਾ ਹੋਵੇ।
3. ਅਜਿਹੀ ਵਸਤੂ ਜੋ ਮੈਂ ਮੰਗਾਂ, ਹਵਾ ਵਿੱਚੋਂ ਪੇਸ਼ ਕਰ ਸਕਦਾ ਹੋਵੇ।
4. ਜਿਹੜਾ ਯੋਗਿਕ ਸ਼ਕਤੀ ਨਾਲ ਹਵਾ ਵਿੱਚ ਉੱਡ ਸਕੇ।
5. ਪਾਣੀ ਉੱਤੇ ਪੈਦਲ ਤੁਰ ਸਕੇ।
6. ਜਿਹੜਾ ਬਲਦੀ ਹੋਈ ਅੱਗ ‘ਤੇ ਬਗੈਰ ਜਲੇ ਆਪਣੇ ਦੇਵਤੇ ਦੀ ਸਹਾਇਤਾ ਨਾਲ ਅੱਧੇ ਘੰਟੇ ਲਈ ਖੜ੍ਹ ਸਕਦਾ ਹੋਵੇ।
7. ਯੋਗਿਕ ਸ਼ਕਤੀ ਨਾਲ 1 ਘੰਟੇ ਲਈ ਆਪਣੀ ਨਬਜ਼ ਰੋਕ ਸਕੇ।
8. ਅਧਿਆਤਮਕ ਸ਼ਕਤੀ ਨਾਲ ਕਿਸੇ ਵਸਤੂ ਨੂੰ ਹਿਲਾ ਦੇਵੇ ਜਾਂ ਮੋੜ ਦੇਵੇ।
9. ਟੈਲੀਪੈਥੀ ਰਾਹੀਂ ਕਿਸੇ ਦੂਸਰੇ ਵਿਅਕਤੀ ਦੇ ਵਿਚਾਰ ਪੜ੍ਹ ਕੇ ਦੱਸ ਸਕਦਾ ਹੋਵੇ।
10. ਪ੍ਰਾਰਥਨਾ ਰਾਹੀਂ, ਭਗਤੀ ਰਾਹੀਂ, ਗੰਗਾ ਜਲ ਨਾਲ, ਜਾਂ ਪਵਿੱਤਰ ਰਾਖ ਨਾਲ ਸਰੀਰ ਦੇ ਕੱਟੇ ਹੋਏ ਅੰਗ ਨੂੰ ਇੱਕ ਇੰਚ ਵਧਾ ਸਕੇ।
11. ਆਪਣਾ ਸਰੀਰ ਇੱਕ ਥਾਂ ਛੱਡ ਦੂਜੀ ਥਾਂ ਜਾ ਹਾਜ਼ਰ ਹੋਵੇ।
12. ਯੋਗਿਕ ਸ਼ਕਤੀ ਨਾਲ 1 ਘੰਟੇ ਲਈ ਆਪਣੀ ਸਾਹ-ਕਿਰਿਆ ਰੋਕ ਦੇਵੇ।
13. ਪੁਨਰ-ਜਨਮ ਦੇ ਤੌਰ ‘ਤੇ ਕੋਈ ਅਨੋਖੀ ਭਾਸ਼ਾ ਬੋਲ ਸਕੇ।
14. ਅਜਿਹੇ ਪ੍ਰੇਤ ਜਾਂ ਆਤਮਾ ਨੂੰ ਪ੍ਰਗਟ ਕਰੇ, ਜਿਸਦੀ ਫੋਟੋ ਖਿੱਚੀ ਜਾ ਸਕਦੀ ਹੋਵੇ।
15. ਜਿੰਦਾ ਲੱਗੇ ਕਮਰੇ ਵਿੱਚੋਂ ਜਾਂ ਪੇਟੀ ਵਿੱਚੋਂ ਅਲੌਕਿਕ ਸ਼ਕਤੀ ਨਾਲ ਬਾਹਰ ਨਿਕਲ ਸਕੇ।
16. ਕਿਸੇ ਵਸਤੂ ਦਾ ਭਾਰ ਵਧਾ ਸਕੇ।
17. ਪਾਣੀ ਨੂੰ ਸ਼ਰਾਬ, ਪੈਟਰੋਲ ਜਾਂ ਖੂਨ ਵਿੱਚ ਬਦਲ ਸਕੇ।
18. ਛੁਪੀ ਹੋਈ ਜਾਂ ਗੁਆਚੀ ਹੋਈ ਚੀਜ਼ ਨੂੰ ਲੱਭ ਸਕੇ।
19. ਟੂਣੇ, ਸਿੱਟ ਜਾਂ ਮੰਤਰ ਨਾਲ ਸੁਸਾਇਟੀ ਦੇ ਕਿਸੇ ਮੈਂਬਰ ਨੂੰ ਨਿਸ਼ਚਿਤ ਸਮੇਂ ਦੇ ਅੰਦਰ-ਅੰਦਰ ਸਰੀਰਕ ਤੌਰ ‘ਤੇ ਨੁਕਸਾਨ ਪਹੁੰਚਾ ਸਕੇ।
20. ਆਦਮੀ ਨੂੰ ਕੁੱਤੇ ਵਿੱਚ ਜਾਂ ਕੁੱਤੇ ਨੂੰ ਕਿਸੇ ਹੋਰ ਜਾਨਵਰ ਵਿੱਚ ਯੋਗਿਕ ਸ਼ਕਤੀ ਨਾਲ ਬਦਲ ਸਕੇ।
21. ਕਿਸੇ ਸੰਗੀਤ ਪੈਦਾ ਕਰਨ ਵਾਲੇ ਯੰਤਰ ਬੀਨ, ਵਾਜੇ, ਢੋਲ ਅਤੇ ਬੰਸਰੀ ਨੂੰ ਮੰਤਰ ਰਾਹੀਂ ਬੰਦ ਕਰ ਦੇਵੇ।
22. ਘਰਾਂ ਵਿੱਚ ਇੱਟਾਂ ਡਿੱਗਣ, ਕੱਪੜਿਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਪਿੱਛੇ ਗੈਬੀ ਸ਼ਕਤੀ ਦਾ ਹੱਥ ਸਿੱਧ ਕਰ ਸਕੇ।
23. ਅਜਿਹੇ ਜੋਤਸ਼ੀ, ਪਾਂਡੇ ਅਤੇ ਮੁਫ਼ਤ ਹੱਥ ਦੇਖਣ ਵਾਲੇ, ਜਿਹੜੇ ਇਹ ਕਹਿ ਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ ਕਿ ਜੋਤਸ਼ ਅਤੇ ਹੱਥ-ਰੇਖਾ ਵਿਗਿਆਨਕ ਹਨ। ਸਾਡੇ ਇਨਾਮ ਨੂੰ ਜਿੱਤ ਸਕਦੇ ਹਨ, ਜੇਕਰ ਉਹ ਦਸ ਜਨਮ-ਪੱਤਰੀਆਂ ਜਾਂ ਦਸ ਹੱਥ ਚਿੱਤਰ ਵੇਖ ਕੇ ਆਦਮੀਆਂ ਅਤੇ ਔਰਤਾਂ ਦੀ ਗਿਣਤੀ ਦੱਸ ਸਕਣ ਜਾਂ ਜਨਮ ਦਾ ਠੀਕ ਸਮਾਂ ਅਤੇ ਸਥਾਨ ਸਮੇਤ ਅਖਸ਼ਾਸ਼ਾਂ ਅਤੇ ਰੇਖਾਸ਼ਾਂ ਦੇ ਮਿਲਣ ‘ਤੇ ਠੀਕ-ਠੀਕ ਦੱਸ ਸਕਣ। ਇਸ ਵਿੱਚ ਪੰਜ ਪ੍ਰਤੀਸ਼ਤ ਗ਼ਲਤੀ ਮੁਆਫ਼ ਹੋਵੇਗੀ।
ਇਹ ਚੁਣੌਤੀ ਹੇਠ ਲਿਖੀਆਂ ਸ਼ਰਤਾਂ ਨਾਲ ਲਾਗੂ ਹੋਵੇਗੀ?
1. ਜਿਹੜਾ ਆਦਮੀ ਸਾਡੀ ਇਸ ਚਣੌਤੀ ਨੂੰ ਕਬੂਲ ਕਰਦਾ ਹੈ। ਬੇਸ਼ੱਕ ਉਹ ਇਨਾਮ ਜਿੱਤਣਾ ਚਾਹੁੰਦਾ ਹੈ ਜਾਂ ਨਹੀਂ ਉਸਨੂੰ ਸਾਡੇ ਕੋਲ ਜਾਂ ਸਾਡੇ ਨਾਮਜ਼ਦ ਕੀਤੇ ਆਦਮੀ ਕੋਲ ਇਕ ਲੱਖ ਰੁਪਏ ਬਤੌਰ ਜਮਾਨਤ ਜਮ੍ਹਾਂ ਕਰਵਾਉਣੇ ਪੈਣਗੇ। ਇਹ ਰਕਮ ਜਿੱਤਣ ਦੀ ਹਾਲਤ ਵਿੱਚ ਵਾਪਸ ਕਰ ਦਿੱਤੀ ਜਾਵੇਗੀ। ਇਹ ਪੈਸੇ ਅਜਿਹੇ ਲੋਕਾਂ ਨੂੰ ਦੂਰ ਭਜਾਉਣ ਲਈ ਹਨ, ਜਿਹੜੇ ਕਿ ਸਸਤੀ ਸੋਹਰਤ ਭਾਲਦੇ ਹਨ। ਨਹੀਂ ਤਾਂ ਅਜਿਹੇ ਲੋਕ ਸਾਡੇ ਰੁਪਏ, ਤਾਕਤ ਅਤੇ ਕੀਮਤੀ ਸਮੇਂ ਨੂੰ ਫ਼ਜੂਲ ਨਸ਼ਟ ਕਰਨਗੇ।
2. ਜਮਾਨਤ ਜਮਾਂ ਕਰਵਾਉਣ ਤੋਂ ਬਾਅਦ ਕਿਸੇ ਆਦਮੀ ਦੇ ਚਮਤਕਾਰਾਂ ਨੂੰ ਪਹਿਲਾਂ ਸੁਸਾਇਟੀ ਦੇ ਮੈਂਬਰ ਕਿਸੇ ਮਿਥੇ ਦਿਨ ‘ਤੇ ਪਰਖਣਗੇ।
3. ਜੇ ਚੁਣੌਤੀ ਕਬੂਲ ਕਰਨ ਵਾਲਾ ਪਰਖ ਦਾ ਸਾਹਮਣਾ ਨਹੀਂ ਕਰਦਾ ਜਾਂ ਮੁੱਢਲੀ ਪਰਖ ਵਿੱਚ ਅਸਫਲ ਹੋ ਜਾਂਦਾ ਹੈ ਤਾਂ ਉਸਦੀ ਜਮਾਨਤ ਜ਼ਬਤ ਹੋ ਜਾਵੇਗੀ।
4. ਜੇਕਰ ਆਦਮੀ ਮੁਢਲੀ ਪਰਖ ਵਿੱਚ ਜਿੱਤ ਜਾਂਦਾ ਹੈ ਤਾਂ ਆਖਰੀ ਪਰਖ ਸਾਡੇ ਦੁਆਰਾ ਲੋਕਾਂ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ।
5. ਜੇਕਰ ਕੋਈ ਆਦਮੀ ਆਖਰੀ ਪਰਖ ਵਿੱਚ ਜਿੱਤ ਜਾਂਦਾ ਹੈ ਤਾਂ ਉਸ ਨੂੰ ਨਕਦ ਇੱਕ ਕਰੋੜ ਰੁਪਏ ਦਾ ਇਨਾਮ ਸਮੇਤ ਜਮਾਨਤ ਦੇ ਦਿੱਤਾ ਜਾਵੇਗਾ।
6. ਸਾਰੀਆਂ ਪਰਖਾਂ, ਧੋਖਾ ਨਾ ਹੋਣ ਵਾਲੀਆਂ ਹਾਲਤਾਂ ਵਿੱਚ ਸਾਡੀ ਪੂਰਨ ਤਸੱਲੀ ਤੱਕ ਕੀਤੀਆਂ ਜਾਣਗੀਆਂ।
– ਮੇਘ ਰਾਜ ਮਿੱਤਰ
ਬਾਨੀ ਪ੍ਰਧਾਨ ਤਰਕਸ਼ੀਲ ਸੁਸਾਇਟੀ