ਹਜਾਰਾਂ ਰੁਪਏ ਦੀ ਨਗਦੀ ਸਣੇ 4 ਜੂਆਰੀਏ ਕਾਬੂ
ਰਾਜਸੀ ਦਬਾਅ ਤੋਂ ਬਾਅਦ ,ਪੋਲੀ ਪੈ ਗਈ ਪੁਲਿਸ
ਜਮਾਨਤੀ ਜੁਰਮ ਤਹਿਤ ਕੇਸ ਦਰਜ ਕਰਕੇ ਸਾਰਿਆ ਬੁੱਤਾ
ਹਰਿੰਦਰ ਨਿੱਕਾ /ਮਨੀ ਗਰਗ , ਬਰਨਾਲਾ 31 ਜਨਵਰੀ 2021
ਸ਼ਹਿਰ ਦੀ ਮੌੜਾਂ ਵਾਲੀ ਕੁਟੀਆ ਨੇੜੇ ਹਸੀਨਾ ਦੇ ਠੁਮਕਿਆਂ ਅਤੇ ਕ੍ਰਿਕਟ ਮੈਚਾਂ ਤੇ ਸੱਟਾ ਲਾਉਣ ਲਈ ਕਥਿਤ ਤੌਰ ਤੇ ਬਦਨਾਮ ਕੋਠੀ ‘ਚ ਅੱਜ ਪੁਲਿਸ ਨੇ ਛਾਪਾ ਮਾਰਿਆ। ਛਾਪੇ ਦੌਰਾਨ ਮੌਕੇ ਤੋਂ ਹਜਾਰਾਂ ਰੁਪਏ ਦੀ ਨਗਦੀ, ਤਾਸ਼ , ਕਈ ਮੋਬਾਇਲ ਫੋਨ ਅਤੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਸਮੇਤ ਚਾਰ ਜੂਆਰੀਆਂ ਨੂੰ ਗਿਰਫਤਾਰ ਕਰ ਲਿਆ। ਇਸ ਕੋਠੀ ‘ਚ ਚੱਲਦੇ ਗੈਰਕਾਨੂੰਨੀ ਧੰਦੇ ਬਾਰੇ ਬਰਨਾਲਾ ਟੂਡੇ ਦੀ ਟੀਮ ਨੇ ਕੁਝ ਮਹੀਨੇ ਪਹਿਲਾਂ ਖੁਲਾਸਾ ਕੀਤਾ ਸੀ,ਪਰੰਤੂ ਪਤਾ ਨਹੀਂ ਕਿਉਂ, ਪੁਲਿਸ ਵੱਲੋਂ ਇਸ ਬਦਨਾਮ ਕੋਠੀ ਦੀ ਜਾਂਚ ਕਰਨ ਨੂੰ ਤਵੱਜੋ ਨਹੀਂ ਸੀ ਦਿੱਤੀ। ਹਾਲੀਆ ਛਾਪਾਮਾਰੀ ਦੌਰਾਨ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਵੱਲੋਂ ਪਹਿਲਾਂ ਇੱਕ ਨਿੱਜੀ ਵਹੀਕਲ ਤੇ ਸਾਦੀ ਵਰਦੀ ‘ਚ ਪੁਲਿਸ ਪਹੁੰਚੀ। ਜਦੋਂ ਪੁਲਿਸ ਪਾਰਟੀ ਨੂੰ ਮੁਖਬਰ ਦੀ ਸੂਚਨਾ ਸੱਚ ਸਾਬਿਤ ਹੋ ਗਈ ਤਾਂ ਐਸ.ਐਚ.ਉ. ਥਾਣਾ ਸਿਟੀ 1 ਦੀ ਅਗਵਾਈ ਵਿੱਚ ਵੱਡੀ ਸੰਖਿਆ ‘ਚ ਪੁਲਿਸ ਫੋਰਸ ਮੌਕੇ ਤੇ ਪਹੁੰਚ ਗਈ। ਪੁਲਿਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਐਸ ਐਚ ਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕੋਠੀ ਅੰਦਰ ਸ਼ਰੇਆਮ ਜੂਆ /ਸੱਟਾ ਖੇਡਿਆ ਜਾ ਰਿਹਾ ਹੈ।ਜਿਸਦੇ ਅਧਾਰ ‘ਤੇ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ ਤਾਂ ਮੌਕੇ’ ਤੇ ਜੂਆ ਖੇਡ ਰਹੇ ਨਿੱਕੂ ਕੁਮਾਰ ,ਸੁਰੇਸ਼ ਕੁਮਾਰ, ਪ੍ਰਵੀਨ ਕੁਮਾਰ ਅਤੇ ਦਿਲੀਪ ਕੁਮਾਰ ਨੂੰ ਕਰੀਬ 12 ਹਜ਼ਾਰ 300 ਰੁਪਏ ਦੀ ਨਗਦੀ ਅਤੇ ਕੁਝ ਮੋਬਾਇਲਾਂ ਤੇ ਤਾਸ਼ ਦੇ ਪੱਤਿਆਂ ਸਣੇ ਕਾਬੂ ਕੀਤਾ ਗਿਆ ਹੈ।
ਫੋਨ ਦੀ ਘੰਟੀ ਖੜਕਦਿਆਂ ,ਨਰਮ ਪਈ ਪੁਲਿਸ
ਬਰਨਾਲਾ ਟੂਡੇ ਦੀ ਮੌਕੇ ਤੇ ਪਹੁੰਚੀ ਟੀਮ ਨੇ ਦੇਖਿਆ ਕਿ ਕੋਠੀ ਵਿਚ ਭਾਰੀ ਮਾਤਰਾ ਵਿਚ ਮਹਿੰਗੀ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਪਈਆਂ ਸਨ। ਪੁਲਿਸ ਟੀਮ ਵੱਲੋਂ ਕੋਠੀ ਵਿਚ ਲੱਗੇ ਸੀਸੀਟੀਵੀ ਡੀਵੀਆਰ ਨੂੰ ਵੀ ਆਪਣੇ ਕਬਜ਼ੇ ਵਿਚ ਲਿਆ ਗਿਆ । ਉਦੋਂ ਪੁਲਿਸ ਅਧਿਕਾਰੀ ਬੜ੍ਹਕਾਂ ਮਾਰਦੇ ਰਹੇ ਕਿ ਕੋਠੀ ‘ਚ ਹੁੰਦੀਆਂ ਕਥਿਤ ਕਾਲੀਆਂ ਕਰਤੂਤਾਂ ਦਾ ਕੱਚਾ ਚਿੱਠਾ ਡੀਵੀਆਰ ਦੀ ਫੁਟੇਜ ਖੰਗਾਲਣ ਤੋਂ ਬਾਅਦ ਖੋਲ੍ਹਿਆ ਜਾਵੇਗਾ। ਪਰੰਤੂ ਜਿਵੇਂ ਹੀ ਪੁਲਿਸ ਅਧਿਕਾਰੀਆਂ ਕੋਲ ਇੱਕ ਫੋਨ ਦੀ ਘੰਟੀ ਵੱਜੀ ਤਾਂ ਪੁਲਿਸ ਕਰਮਚਾਰੀਆਂ ਦਾ ਸਖਤ ਰੁੱਖ ਯਕਦਮ ਨਰਮ ਪੈ ਗਿਆ। ਸੂਤਰਾਂ ਅਨੁਸਾਰ ਗਿਰਫਤਾਰ ਕੀਤੇ ਨਿੱਕੂ ਕੁਮਾਰ ਦੇ ਸਿਰ ਉੱਪਰ ਇਕ ਰਾਜਸੀ ਆਗੂ ਦਾ ਹੱਥ ਹੈ। ਵਰਨਣਯੋਗ ਹੈ ਕਿ ਇਸ ਕੋਠੀ ਵਿੱਚ ਕੁਝ ਸਾਲ ਪਹਿਲਾਂ ਵੀ।ਪੁਲਿਸ ਨੇ ਛਾਪਾ ਮਾਰਿਆ ਸੀ। ਜਿਸ ਸਬੰਧੀ ਕਾਫੀ ਸੰਗੀਨ ਜੁਰਮਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ, ਇਸ ਕੇਸ ਵਿੱਚ ਵੱਡੀ ਗਿਣਤੀ ਵਿੱੱਚ ਦੋਸ਼ੀਆਂ ਨੂੰ ਨਾਮਜਦ ਕੀਤਾ ਗਿਆ ਸੀ।
ਕੋਠੀ ‘ਚ ਪੈਂਦਾ ਰਿਹੈ ਹਸੀਨਾ ਦੀਆਂ ਝਾਂਜਰਾਂ ਦਾ ਛਣਕਾਟਾ
ਇਲਾਕੇ ਦੇ ਲੋਕਾਂ ਅਨੁਸਾਰ ਲੰਬੇ ਸਮੇਂ ਤੋਂ ਇਸ ਕੋਠੀ ਵਿੱਚ ਸੱਟੇ ਜੂਏ ਦੇ ਗੈਰਕਾਨੂੰਨੀ ਧੰਦੇ ਤੋਂ ਇਲਾਵਾ ਹਸੀਨਾ ਦਾ ਮੁਜਰਾ ਵੀ ਜੂਆਰੀਆਂ ਦੇ ਮਨੋਰੰਜਨ ਦਾ ਸਾਧਨ ਬਣਿਆ ਰਿਹਾ ਹੈ। ਜਿਸ ਤੋਂ ਆਂਢ ਗੁਆਂਢ ਦੇ ਲੋਕ ਵੀ ਪ੍ਰੇਸ਼ਾਨ ਹੁੰਦੇ ਸਨ। ਲੋਕਾਂ ਦਾ ਇਤਰਾਜ਼ ਇਹ ਸੀ ਕਿ ਅਜਿਹੇ ਗਲਤ ਕੰਮਾਂ ਦਾ ਬੱਚਿਆਂ ਤੇ ਵੀ ਗ਼ਲਤ ਅਸਰ ਪੈਂਦਾ ਹੈ। ਜੂਏ ਤੋਂ ਇਲਾਵਾ ਕੋਠੀ ਅੰਦਰ ਲੱਗਿਆ ਬੋਤਲਾਂ ਦਾ ਢੇਰ ਖੁਦ ਹੀ ਕਾਫੀ ਕੁਝ ਬਿਆਨ ਕਰ ਰਿਹਾ ਹੈ।
ਲੋਕਾਂ ਦੀ ਮੰਗ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਨੂੰ ਪੁਲਿਸ ਜੇਕਰ ਇਮਾਨਦਾਰੀ ਨਾਲ ਖੰਗਾਲ ਲਵੇ ਤਾਂ ਕਾਫੀ ਹੈਰਾਨੀਜਨਕ ਖੁਲਾਸੇ ਸਾਹਮਣੇ ਆ ਸਕਦੇ ਹਨ। ਪਰੰਤੂ ਪੁਲਿਸ ਵੱਲੋਂ ਗਿਰਫਤਾਰ ਦੋਸ਼ੀਆਂ ਖਿਲਾਫ ਜਮਾਨਤਯੋਗ ਧਾਰਾਵਾਂ ਤਹਿਤ ਦਰਜ ਕੀਤੇ ਕੇਸ ਨੇ ਕਿਸੇ ਅਗਾਊਂ ਜਾਂਚ ਦੀ ਫਾਈਲ ਠੰਡੇ ਬਸਤੇ ਵਿੱਚ ਪਾ ਕੇ, ਗਿਰਫਤਾਰ ਦੋਸ਼ੀਆਂ ਨੂੰ ਜਮਾਨਤ ਤੇ ਰਿਹਾ ਵੀ ਕਰ ਦਿੱਤਾ ਗਿਆ ਹੈ।