ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫ਼ਲਤਾ ਲਈ ਕੀਤੇ ਜਾ ਰਹੇ ਨੇ ਉਪਰਾਲੇ
ਰਵੀ ਸੈਣ , ਬਰਨਾਲਾ,31 ਜਨਵਰੀ 2021
ਆਗਾਮੀ ਸਾਲਾਨਾ ਪ੍ਰੀਖਿਆਵਾਂ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਬਿਹਤਰ ਕਾਰਗੁਜ਼ਾਰੀ ਨਾਲ ਸੌ ਫੀਸਦੀ ਸਫ਼ਲਤਾ ਯਕੀਨੀ ਬਣਾਉਣ ਲਈ ਸ਼ੁਰੂ ਕੀਤੇ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਕਾਮਯਾਬੀ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਸਕੂਲ ਸਮੇਂ ਤੋਂ ਵਾਧੂ ਜਮਾਤਾਂ ਲਗਾਕੇ ਪੜ੍ਹਾਉਣ ਸਮੇਤ ਛੁੱਟੀ ਵਾਲੇ ਦਿਨ ਵੀ ਪੜ੍ਹਾਉਣ ਦਾ ਸਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ।
ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਜਿਲ੍ਹੇ ‘ਚ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫ਼ਲਤਾ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਕੋਰੋਨਾ ਪਾਬੰਦੀਆਂ ਬਦੌਲਤ ਸਕੂਲਾਂ ਦੀ ਤਾਲਾਬੰਦੀ ਦੇ ਚਲਦਿਆਂ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਏ ਸੰਭਾਵੀ ਨੁਕਸਾਨ ਦੀ ਪੂਰਤੀ ਲਈ ਅਧਿਆਪਕਾਂ ਵੱਲੋਂ ਸਕੂਲ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਵਾਧੂ ਜਮਾਤਾਂ ਲਗਾਈਆਂ ਜਾ ਰਹੀਆਂ ਹਨ।ਅਧਿਕਾਰੀਆਂ ਨੇ ਦੱਸਿਆ ਕਿ ਕਈ ਅਧਿਆਪਕਾਂ ਵੱਲੋਂ ਤਾਂ ਐਤਵਾਰ ਅਤੇ ਹੋਰ ਛੁੱਟੀ ਵਾਲੇ ਦਿਨਾਂ ਦੌਰਾਨ ਵੀ ਵਾਧੂ ਜਮਾਤਾਂ ਲਗਾ ਕੇ ਪੜ੍ਹਾਇਆ ਜਾ ਰਿਹਾ ਹੈ।
ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੇ ਹੈਡਮਾਸਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਖੁਦ ਐਤਵਾਰ ਦੀ ਛੁੱਟੀ ਦੇ ਦਿਨ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਗਣਿਤ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੀ ਜਮਾਤ ਲਗਾਈ ਗਈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੀਨੀਵਾਲ ਕਲਾਂਂ ਦੇ ਪ੍ਰਿੰਸੀਪਲ ਸੁਖਦੀਪ ਸਿੰਘ ਨੇ ਦੱਸਿਆ ਕਿ ਸਕੂਲ ਦੀ ਅੰਗਰੇਜ਼ੀ ਮਿਸਟ੍ਰੈਸ ਰਿੰਕੂ ਮੋਦਗਿਲ ਵੱਲੋਂ ਐਤਵਾਰ ਦੇ ਦਿਨ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਅੰਗਰੇਜ਼ੀ ਵਿਸ਼ੇ ਦੀ ਜਮਾਤ ਲਗਾਈ ਜਾ ਰਹੀ ਹੈ।ਇਹਨਾਂ ਤੋਂ ਇਲਾਵਾ ਜਿਲ੍ਹੇ ਦੇ ਹੋਰ ਬਹੁਤ ਸਾਰੇ ਅਧਿਆਪਕਾਂ ਵੱਲੋਂ ਐਤਵਾਰ ਦੀ ਛੁੱਟੀ ਦੌਰਾਨ ਵਾਧੂ ਜਮਾਤਾਂ ਲਗਾ ਕੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਹੋਰ ਬਿਹਤਰ ਬਣਾਉਣ ਦੇ ਉਪਰਾਲੇ ਕੀਤੇ ਗਏ।