ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ‘ਚ ਵੱਧ ਰਿਹਾ ਪ੍ਰਸ਼ਾਸ਼ਨਿਕ ਦਖਲ ! ਹੁਣ ਬਦਲੇ ਜਾਣਗੇ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰ ?
ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਬਕਾ ਆਈ.ਜੀ ਮਿੱਤਲ ਨੇ ਧਾਰੀ ਚੁੱਪ
ਹਰਿੰਦਰ ਨਿੱਕਾ , ਬਰਨਾਲਾ 29 ਜਨਵਰੀ 2021
ਲੱਗਭੱਗ 12 ਵਰ੍ਹਿਆਂ ਤੋਂ ਜਿਲ੍ਹੇ ਅੰਦਰ ਕ੍ਰਿਕਟ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ‘ਚ ਹੁਣ ਪ੍ਰਸ਼ਾਸ਼ਨਿਕ ਦਖਲ ਕਾਫੀ ਵੱਧਦਾ ਜਾ ਰਿਹਾ ਹੈ। ਕ੍ਰਿਕਟ ਖਿਡਾਰੀਆਂ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਵਾਲੀ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀ ਖੁਦ ਦੀ ਪਿੱਚ ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਹਨ। ਇਸ ਦਾ ਪ੍ਰਤੱਖ ਸਬੂਤ ਬੀਤੇ ਦਿਨ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਮਹਿੰਦਰ ਖੰਨਾ ਦੇ ਅਸਤੀਫੇ ਦੇ ਰੂਪ ਵਿੱਚ ਖੁੱਲ੍ਹ ਕੇ ਸਾਹਮਣੇ ਆਇਆ ਹੈ। ਬੇਸ਼ੱਕ ਉਨਾਂ ਆਪਣੇ ਅਸਤੀਫੇ ਵਿੱਚ ਆਪਣੀ ਨਾਸਾਜ਼ ਸਿਹਤ ਦਾ ਹਵਾਲਾ ਦਿੱਤਾ ਹੈ। ਪਰੰਤੂ ਇਸ ਹਵਾਲੇ ਨੂੰ ਪ੍ਰਸ਼ਾਸ਼ਨਿਕ ਦਖਲ ਅੱਗੇ ਝੁਕ ਜਾਣ ਤੋਂ ਬਾਅਦ ਲੱਭੇ ਬਹਾਨੇ ਰੂਪ ਵਿੱਚ ਹੀ ਦੇਖਿਆ ਜਾ ਰਿਹਾ ਹੈ।
ਐਸੋਸੀਏਸ਼ਨ ਦੇ ਅੰਦਰਲੇ ਸੂਤਰਾਂ ਤੋਂ ਪਤਾ ਇਹ ਵੀ ਲੱਗਿਆ ਹੈ ਕਿ ਇਲਾਕੇ ਦੇ ਇੱਕ ਉੱਘੇ ਉਦਯੋਗਪਤੀ ਵੱਲੋਂ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਤੇ ਅਸਿੱਧੇ ਢੰਗ ਨਾਲ ਕਬਜਾ ਕਰਨ ਦੀ ਨੀਯਤ ਤਹਿਤ ਆਪਣੇ ਚਹੇਤਿਆਂ ਨੂੰ ਮੈਂਬਰ ਬਣਾਉਣ ਦੀ ਮੁਹਿੰਮ ਕੁਝ ਹਫਤਿਆਂ ਤੋਂ ਆਰੰਭੀ ਹੋਈ ਹੈ। ਸੂਤਰ ਦੱਸਦੇ ਹਨ ਕਿ ਇੱਕ ਵਾਰ ਤਾਂ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਆਈਜੀ ਜਗਦੀਸ਼ ਮਿੱਤਲ ਵੱਲੋਂ ਸ੍ਰੀ ਖੰਨਾ ਦਾ ਅਸਤੀਫਾ ਨਾ ਮੰਜੂਰ ਵੀ ਕਰ ਦਿੱਤਾ ਗਿਆ ਸੀ।
ਪਰੰਤੂ ਹੁਣ ਇਹ ਵੀ ਕਨਸੋਅ ਲੱਗੀ ਹੈ ਕਿ ਉਦਯੋਗਪਤੀ ਦੇ ਕਥਿਤ ਇਸ਼ਾਰੇ ਤੇ ਕਠਪੁਤਲੀ ਵਾਂਗ ਨੱਚ ਰਹੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਅਸਤੀਫਾ ਦੇ ਚੁੱਕੇ ਸਕੱਤਰ ਖੰਨਾ ਖਿਲਾਫ ਲਈ ਜਾ ਚੁੱਕੀ ਇੱਕ ਦੁਰਖਾਸਤ ਦੇ ਅਧਾਰ ਤੇ ਉਨਾਂ ਉੱਪਰ ਕੇਸ ਦਰਜ ਕਰਨ ਦਾ ਦਬਾਅ ਵੀ ਪਾਇਆ ਜਾ ਰਿਹਾ ਹੈ। ਪੁਲਿਸ ਦੇ ਲਗਾਤਾਰ ਵੱਧ ਰਹੇ ਦਬਾਅ ਕਾਰਣ ਸ੍ਰੀ ਖੰਨਾ ਕਾਫੀ ਦਿਨ ਤੋਂ ਘਰੋਂ ਬੇਘਰ ਵੀ ਰਹੇ। ਪੁਲਿਸ ਦੇ ਕਥਿਤ ਦਬਾਅ ਸਦਕਾ ਹੁਣ ਖੰਨਾ ਵੱਲੋਂ ਅਸਤੀਫੇ ਤੇ ਮੁੜ ਗੌਰ ਕਰਨ ਲਈ ਪ੍ਰਧਾਨ ਨੂੰ ਕਹਿ ਦਿੱਤਾ ਗਿਆ ਹੈ। ਹੁਣ ਦੇਖਣਯੋਗ ਹੈ ਕਿ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਮਿੱਤਲ , ਸੈਕਟਰੀ ਖੰਨਾ ਦਾ ਅਸਤੀਫਾ ਪ੍ਰਵਾਨ ਕਰਦੇ ਹਨ ਜਾਂ ਫਿਰ ਦੁਬਾਰਾ ਨਾਮੰਜੂਰ ਕਰ ਦਿੰਦੇ ਹਨ । ਸੂਤਰ ਇਹ ਵੀ ਦੱਸਦੇ ਹਨ ਕਿ ਆਉਂਦੇ ਦਿਨਾਂ ਵਿੱਚ ਸੈਕਟਰੀ ਖੰਨਾ ਦਾ ਅਸਤੀਫਾ ਪ੍ਰਵਾਨ ਕੀਤਾ ਜਾ ਸਕਦਾ ਹੈ।
ਇਹ ਅਸਤੀਫਾ ਸੰਭਾਵਿਤ ਪ੍ਰਵਾਨਗੀ ਤੋਂ ਬਾਅਦ ਉਦਯੋਗਪਤੀ ਦੇ ਚਹੇਤੇ ਵਿਅਕਤੀ ਨੂੰ ਸੈਕਟਰੀ ਦਾ ਅਹੁਦਾ ਸੰਭਾਲ ਦੇਣ ਲਈ ਦੂਸਰੇ ਪੜਾਅ ‘ਚ ਦਬਾਅ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ । ਜਿਲ੍ਹੇ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਨਜਰਾਂ ਹੁਣ ਪ੍ਰਸ਼ਾਸ਼ਨਿਕ ਦਬਾਅ ਤੇ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀਆਂ ਹੋਣ ਵਾਲੀਆਂ ਤਬਦੀਲੀਆਂ ਤੇ ਟਿਕੀਆਂ ਹੋਈਆਂ ਹਨ। ਇਸ ਪੂਰੇ ਘਟਨਾਕ੍ਰਮ ਸਬੰਧੀ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਆਈ.ਜੀ. ਜਗਦੀਸ਼ ਮਿੱਤਲ ਨਾਲ ਉਨਾਂ ਦਾ ਪੱਖ ਜਾਨਣ ਲਈ ਵਾਰ ਵਾਰ ਸੰਪਰਕ ਕੀਤਾ ਗਿਆ, ਪਰੰਤੂ ਉਨਾਂ ਫੋਨ ਰਿਸੀਵ ਨਹੀਂ ਕੀਤਾ।