ਅਮਰ ਸ਼ਹੀਦ ਠੀਕਰੀਵਾਲਾ ਦੀ 87 ਵੀਂ ਬਰਸੀ ਸਬੰਧੀ ਪੋਸਟਰ ਜਾਰੀ
ਆਰਜ਼ੂ ਸ਼ਰਮਾਂ , ਬਰਨਾਲਾ, 11 ਜਨਵਰੀ 2021
ਅਮਰ ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲਾ ਦੀ ਸਾਲਾਨਾ 87 ਵੀਂ ਸ਼ਹੀਦੀ ਬਰਸੀ ਸਬੰਧੀ ਸਿੰਘੂ ਬਾਰਡਰ ਦਿੱਲੀ ਤੋਂ ਅੱਜ ਸ. ਬੂਟਾ ਸਿੰਘ ਬੁਰਜ ਗਿੱਲ ਪ੍ਰਧਾਨ ਕਿਸਾਨ ਯੂਨੀਅਨ ਏਕਤਾ ਵੱਲੋਂ ਪੋਸਟਰ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਬਰਸੀ ਸਮਾਗਮ ਦੇ ਮੁੱਖ ਪ੍ਰਬੰਧਕ ਭਜਨ ਸਿੰਘ ਭੁੱਲਰ , ਖਜਾਨਚੀ ਅਵਤਾਰ ਸਿੰਘ ਨੰਬਰਦਾਰ ਅਤੇ ਸਾਬਕਾ ਸਰੰਪਚ ਗੁਰਦਿਆਲ ਮਾਨ ਸਿੰਘ ਨੇ ਦੱਸਿਆ ਅਮਰ ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲਾ ਦੀ ਸਾਲਾਨਾ ਬਰਸੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ ਅਤੇ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਪਿੰਡ ਵਾਸੀਆਂ ਵੱਲੋਂ ਬਾਈਕਾਟ ਕੀਤਾ ਗਿਆ ਹੈ।
ਅਮਰ ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲਾ ਦੀ ਸਾਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ। ਜਿਸ ਸਬੰਧੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਪੰਚਾਇਤ ਅਤੇ ਨੌਜਵਾਨ ਸਭਾ ਤੋਂ ਇਲਾਵਾਂ ਸਮੂਹ ਨਗਰ ਨਿਵਾਸੀ ਪਿੰਡ ਠੀਕਰੀਵਾਲਾ ਵਲੋਂ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ 18 ਜਨਵਰੀ ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਜਾਵੇਗਾ । 19 ਜਨਵਰੀ ਨੂੰ ਪ੍ਰਧਾਨ ਕਿਸਾਨ ਯੂਨੀਅਨ ਰਾਜੇਵਾਲ ਸ. ਬਲਵੀਰ ਸਿੰਘ ਰਾਜੇਵਾਲ ,ਜੋਗਿੰਦਰ ਸਿੰਘ ਉਗਰਾਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ, ਸ. ਜਗਜੀਤ ਸਿੰਘ ਡੱਲੇਵਾਲ ਪ੍ਰਧਾਨ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਸ੍ਰੀ ਜੋਗਿੰਦਰ ਯਾਦਵ ਸੰਯੁਕਤ ਕਿਸਾਨ ਮੋਰਚਾ ,ਸ. ਬੂਟਾ ਸਿੰਘ ਬੁਰਜ ਗਿੱਲ ਪ੍ਰਧਾਨ ਕਿਸਾਨ ਯੂਨੀਅਨ ਏਕਤਾ ਆਦਿ ਵਲੋਂ ਅਮਰ ਸ਼ਹੀਦ ਸ੍ਰ. ਸੇਵਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ ਅਤੇ 20 ਜਨਵਰੀ ਨੂੰ ਅਮਰਪ੍ਰੀਤ ਸਿੰਘ ਖਾਲਸਾ ਏਡ ਇੰਡੀਆ,ਕਨਵਰ ਗਰੇਵਾਲ , ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ ਆਦਿ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ ਅਤੇ ਕਿਸਾਨ ਯੂਨੀਅਨ ਅਤੇ ਕਿਸਾਨ ਮਜਦੂਰ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ। 21 ਜਨਵਰੀ ਨੂੰ ਪੰਜ ਪਿਆਰੇ ਸਹਿਬਾਨ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪਹੁੰਚ ਕੇ ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਕਰਵਾਉਣਗੇ । ਇਸ ਮੌਕੇ ਕਮੇਟੀ ਮੈਬਰ ਮੁਖਤਿਆਰ ਸਿੰਘ ਬੱਗੜ, ਹਰਦੇਵ ਸਿੰਘ ਸਿੱਧ, ਬਲਦੇਵ ਸਿੰਘ ਨਹਿਲ ਜਗਮੋਹਨ ਸਿੰਘ ਸਕੱਤਰ ਡਕੌਦਾ, ਪਾਲ ਸਿੰਘ, ਆਦਿ ਹਾਜ਼ਰ ਸਨ।