ਲੱਛਣ ਦਿਖਾਈ ਦੇਣ `ਤੇ ਤੁਰੰਤ ਲਈ ਜਾਵੇ ਡਾਕਟਰੀ ਸਹਾਇਤਾ
ਬੀ.ਟੀ.ਐਨ.ਫਾਜ਼ਿਲਕਾ,6 ਜਨਵਰੀ 2021
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਨਾਲ ਸਾਰੀ ਦੁਨੀਆਂ ਪਹਿਲਾਂ ਹੀ ਜੂਝ ਰਹੀ ਹੈ ਤੇ ਹੁਣ ਸਰਦੀ ਦੇ ਮੌਸਮ ਵਿਚ ਠੰਡੀਆਂ ਹਵਾਵਾਂ ਚੱਲਣ ਨਾਲ ਸਿਹਤ ਨਾਲ ਸਬੰਧਤ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਤੋਂ ਬਚਣ ਲਈ ਪਹਿਲਾਂ ਤੋਂ ਹੀ ਤਿਆਰੀਆਂ ਰੱਖਣੀਆਂ ਚਾਹੀਦੀਆਂ ਹਨ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਆਪਣੇ-ਆਪ ਦੇ ਨਾਲ-ਨਾਲ, ਪਸ਼ੂਆਂ ਅਤੇ ਹੋਰਨਾਂ ਵਸਤਾਂ ਦੀ ਸਾਂਭ-ਸੰਭਾਲ ਲਈ ਪਹਿਲਾਂ ਤੋਂ ਪ੍ਰਬੰਧ ਮੁਕੰਮਲ ਕਰਨੇ ਯਕੀਨੀ ਬਣਾਉਣੇ ਚਾਹੀਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਕੁੰਦਨ ਕੇ ਪਾਲ ਨੇ ਕਿਹਾ ਕਿ ਸ਼ੀਤ ਲਹਿਰ ਦੇ ਸਮੇਂ ਕੋਵਿਡ-19 ਤੋਂ ਬਚਣ ਲਈ ਮਾਸਕ ਲਾਜ਼ਮੀ ਪਾਇਆ ਜਾਵੇ ਅਤੇ ਸੋਸ਼ਲ ਡਿਸਟੈਸਿੰਗ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਠੰਡੀਆਂ ਹਵਾਵਾਂ ਤੋਂ ਬਚਣ ਲਈ ਗਰਮ ਕਪੜੇ ਲਾਜ਼ਮੀ ਪਾਏ ਜਾਣ ਅਤੇ ਦਸਤਾਨੇ, ਟੋਪੀ, ਮਫਲਰ ਤੇ ਬੂਟ ਠੰਡੀਆਂ ਹਵਾਵਾਂ ਤੋਂ ਬਚਣ ਵਿਚ ਸਹਾਈ ਹੰੁਦੇ ਹਨ। ਸ਼ੀਤ ਲਹਿਰ ਵਿਚ ਜ਼ਿਆਦਾ ਘੁਟਣ ਵਾਲੇ ਕਪੜੇ ਨਾ ਪਾਏ ਜਾਣ ਕਿਉਂਕਿ ਇਸ ਨਾਲ ਖੁਨ ਦਾ ਪ੍ਰਵਾਹ ਘੱਟ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਣ ਲਈ ਪੋਸ਼ਟਿਕ ਆਹਾਰ ਜਿਵੇਂ ਵਿਟਾਮਿਨ ਸੀ ਨਾਲ ਭਰਪੂਰ ਫਲ ਅਤੇ ਸਬਜੀਆਂ ਆਦਿ ਦੀ ਵਰਤੋਂ ਕੀਤੀ ਜਾਵੇ ਅਤੇ ਜ਼ਰੂਰਤ ਅਨੁਸਾਰ ਗਰਮ ਪਾਣੀ ਦੀ ਵਰਤੋਂ ਕੀਤੀ ਜਾਵੇ।
ਸਿਵਲ ਸਰਜਨ ਨੇ ਕਿਹਾ ਕਿ ਸ਼ਰੀਰ ਦਾ ਤਾਪਮਾਨ ਘੱਟ ਹੋਣ, ਨਾ ਰੁਕਣ ਵਾਲੀ ਕੰਬਨ ਲਗਣ, ਯਾਦਦਾਸ਼ਤ ਚੱਲੇ ਜਾਣ, ਬੇਹੋਸ਼ੀ, ਜੁਬਾਨ ਦਾ ਲੜਖੜਾਨਾ ਆਦਿ ਦੇ ਲੱਛਣ ਦਿਖਣ `ਤੇ ਤੁਰੰਤ ਡਾਕਟਰੀ ਇਲਾਜ ਲਿਆ ਜਾਵੇ।ਉਨ੍ਹਾਂ ਕਿਹਾ ਕਿ ਸ਼ੀਤ ਲਹਿਰ ਦੇ ਸਮੇਂ ਵੱਖ-ਵੱਖ ਪ੍ਰਕਾਰ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਜਿਵੇਂ ਕਿ ਫਲੂ ਚਲਣਾ, ਸਰਦੀ, ਖੰਘ ਅਤੇ ਜੁਕਾਮ ਆਦਿ ਦੇ ਲਛਣ ਹੋ ਜਾਣ ਤੇ ਡਾਕਟਰੀ ਸਹਾਇਤਾ ਲਈ ਜਾਵੇ।ਉਨ੍ਹਾ ਕਿਹਾ ਕਿ ਸ਼ੀਤ ਲਹਿਰ ਦੇ ਸਮੇਂ ਕਰੋਨਿਕ ਬਿਮਾਰੀਆਂ ਜਿਵੇਂ ਕਿ ਸ਼ੁਗਰ, ਹਾਈ ਬਲਡ ਪ੍ਰੈਸ਼ਰ ਅਤੇ ਸਾਹ ਦੀ ਤਕਲੀਫ ਦੇ ਮਰੀਜ, 6 ਸਾਲ ਤੋਂ ਘੱਟ ਉਮਰ ਦੇ ਬੱਚੇ, ਗਰਭਵਤੀ ਔਰਤਾਂ ਅਤੇ ਬਜੁਰਗ ਵਿਅਕਤੀ ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ ਉਨ੍ਹਾਂ ਦਾ ਖਾਸ ਖਿਆਲ ਰੱਖਿਆ ਜਾਵੇ।
ਡਾ. ਪਾਲ ਨੇ ਕਿਹਾ ਕਿ ਕਮਰੇ ਵਿਚ ਵੈਨਟੀਲੇਸ਼ਨ ਹੋਣ `ਤੇ ਹੀ ਰੂਮ ਹੀਟਰ, ਬਲੌਰ ਆਦਿ ਉਪਕਰਨਾਂ ਦੀ ਵਰਤੋਂ ਕੀਤੀ ਜਾਵੇ। ਕਮਰੇ ਵਿਚ ਕੋਲੇ ਵਾਲੀ ਅੰਗੀਠੀ ਦੀ ਵਰਤੋਂ ਨਾ ਕੀਤੀ ਜਵੇ ਕਿਉ਼ਕਿ ਕੋਲੇ ਦੇ ਜਲਣ `ਤੇ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਹੁੰਦੀ ਹੈ ਜ਼ੋ ਕਿ ਮੌਤ ਦਾ ਕਾਰਨ ਬਣ ਸਕਦੀ ਹੈ। ਜਰੂਰੀ ਵਸਤਾਂ ਜਿਵੇਂ ਖਾਣਾ, ਪਟਰੋਲ, ਬੈਟਰੀਆਂ, ਚਾਰਜਰ, ਦਵਾਈਆਂ ਆਦਿ ਦਾ ਪ੍ਰਬੰਧ ਅਗਾਂਉਂ ਤੋਂ ਹੀ ਆਪਦੇ ਕੋਲ ਹੋਣਾ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਲਡ ਵੇਵ ਦੌਰਾਨ ਪਸ਼ੂਆਂ ਨੂੰ ਤਾਕਤ ਲਈ ਆਮ ਨਾਲੋਂ ਵਧੇਰੇ ਚਾਰੇ ਦੀ ਜਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੋਲਡ ਵੇਵ ਦੌਰਾਨ ਪਸ਼ੂਆਂ ਦੀ ਪ੍ਰਜਾਤੀ ਵਧਣ `ਚ ਵੀ ਦਿੱਕਤ ਆਉਂਦੀ ਹੈ ਸੋ ਇਨ੍ਹਾਂ ਦੀ ਸੰਭਾਲ ਕਰਨੀ ਲਾਜ਼ਮੀ ਹੈ। ਪਸ਼ੂਆਂ ਦੇ ਠਹਿਰਨ ਵਾਲੀ ਥਾਂ ਚਾਰੋਂ ਪਾਸ ਕਵਰ ਹੋਣੀ ਚਾਹੀਦੀ ਹੈ ਤਾਂ ਜ਼ੋ ਕਿਸੇ ਪਾਸੋਂ ਵੀ ਹਵਾ ਦਾਖਲ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਐਮਰਜੰਸੀ ਲਾਈਟ ਅਤੇ ਜ਼ਰੂਰੀ ਦਵਾਈਆਂ ਲਾਜ਼ਮੀ ਤਿਆਰ ਰੱਖੀਆਂ ਜਾਣ।