ਜ਼ਿਲ੍ਹਾ ਬਰਨਾਲਾ ’ਚ ਵੱਖ-ਵੱਖ 7 ਥਾਵਾਂ ’ਤੇ ਦਿੱਤੀ ਜਾਵੇਗੀ ਕੋਰੋਨਾ ਵੈਕਸੀਨ
ਰਵੀ ਸੈਨ , ਬਰਨਾਲਾ, 6 ਜਨਵਰੀ 2021
ਕੋਰੋਨਾ ਦੇ ਟੀਕੇ ਸਬੰਧੀ ਡ੍ਰਾਈ ਰਨ (ਟ੍ਰਾਇਲ) ਜ਼ਿਲ੍ਹਾ ਬਰਨਾਲਾ ’ਚ 8 ਜਨਵਰੀ ਨੂੰ ਕੀਤਾ ਜਾਵੇਗਾ, ਜਿਸ ਲਈ ਸਾਰੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਆਦਿੱਤਿਆ ਡੇਚਲਵਾਲ ਨੇ ਅੱਜ ਕੋਰੋਨਾ ਵੈਕਸੀਨ ਸਬੰਧੀ ਬੁਲਾਈ ਗਈ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਡ੍ਰਾਈ ਰਨ ’ਚ ਲੱਗੇ ਸਾਰੇ ਹੀ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਕਰਨ।
ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਡ੍ਰਾਈ ਰਨ ਜ਼ਿਲ੍ਹਾ ਬਰਨਾਲਾ ’ਚ ਵੱਖ-ਵੱਖ 7 ਥਾਵਾਂ ’ਤੇ ਕੀਤਾ ਜਾਵੇਗਾ। ਜਿਨ੍ਹਾਂ ’ਚ ਬਰਨਾਲਾ ਦਾ ਸਿਵਲ ਹਸਪਤਾਲ ਅਤੇ ਸੰਧੂ ਪੱਤੀ ਦਾ ਅਰਬਨ ਪ੍ਰਾਇਮਰੀ ਸੈਂਟਰ ਸ਼ਾਮਲ ਹਨ। ਇਸੇ ਤਰ੍ਹਾਂ ਧਨੌਲਾ ਵਿਖੇ ਇਹ ਟੀਕਾ ਕਮਿਊਨਿਟੀ ਹੈਲਥ ਸੈਂਟਰ (ਪੀ.ਐਚ.ਸੀ.) ਧਨੌਲਾ ਅਤੇ ਠੀਕਰੀਵਾਲ ਪ੍ਰਾਇਮਰੀ ਹੈਲਥ ਸੈਂਟਰ (ਪੀ.ਐਚ.ਸੀ.) ਵਿਖੇ ਲਗਾਇਆ ਜਾਵੇਗਾ। ਇਸੇ ਤਰ੍ਹਾਂ ਤਪਾ ’ਚ ਇਹ ਟੀਕਾ ਸਬ-ਡਿਵੀਜ਼ਨ ਹਸਪਤਾਲ ਤਪਾ ਅਤੇ ਭਦੌੜ ਪੀ.ਐਚ.ਸੀ. ਵਿਖੇ ਅਤੇ ਮਹਿਲ ਕਲਾਂ ’ਚ ਵੀ ਪੀ.ਐਚ.ਸੀ. ਕੇਂਦਰ ਵਿਖੇ ਲਗਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਾਰੇ 7 ਕੇਂਦਰਾਂ ਵਿਖੇ 3-3 ਕਮਰੇ ਬਣਾਏ ਗਏ ਹਨ, ਜਿਨ੍ਹਾਂ ’ਚ ਵੇਟਿੰਗ ਰੂਮ, ਟੀਕੇ ਲਗਾਉਣ ਵਾਲਾ ਕਮਰਾ ਅਤੇ ਨਿਗਰਾਨੀ ਕਮਰਾ ਸ਼ਾਮਲ ਹਨ। ਹਰ ਇੱਕ ਕੇਂਦਰ ਵਿਖੇ 2 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜਿਨ੍ਹਾਂ ’ਚ ਇੱਕ ਮੁੱਖ ਟੀਮ ਅਤੇ ਇੱਕ ਬੈਕ ਉਪ ਟੀਮ ਸ਼ਾਮਲ ਹੈ ਅਤੇ ਹਰ ਇੱਕ ਟੀਮ ’ਚ 5 ਲੋਕ ਤਾਇਨਾਤ ਕੀਤੇ ਗਏ ਹਨ। ਜ਼ਿਲ੍ਹਾ ਬਰਨਾਲਾ ’ਚ 17 ਥਾਵਾਂ ’ਤੇ ਕੋਲਡ ਚੇਨ ਪੁਆਇੰਟ ਬਣਾਏ ਗਏ ਹਨ ਜਿੱਥੇ ਇਹ ਟੀਕੇ ਰੱਖੇ ਜਾਣਗੇ। ਮੁੱਖ ਕੋਲਡ ਚੇਨ ਸਟੋਰ ਸਿਵਲ ਹਸਪਤਾਲ ਬਰਨਾਲਾ ਵਿਖੇ ਹੈ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਵਰਜੀਤ ਵਾਲੀਆ, ਵਿਸ਼ਵ ਸਿਹਤ ਸੰਸਥਾ ਤੋਂ ਡਾ. ਨਿਵੇਦਿਤਾ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਰਾਜਿੰਦਰ ਸਿੰਗਲਾ, ਸੀਨੀਅਰ ਮੈਡੀਕਲ ਅਫ਼ਸਰ ਤਪਾ ਡਾ. ਜਸਵੀਰ ਔਲਖ, ਸੀਨੀਅਰ ਮੈਡੀਕਲ ਅਫ਼ਸਰ ਭਦੌੜ ਡਾ. ਪ੍ਰਵੇਸ਼, ਸੀਨੀਅਰ ਮੈਡੀਕਲ ਅਫ਼ਸਰ ਧਨੌਲਾ ਡਾ. ਸਤਵੰਤ, ਸੀਨੀਅਰ ਮੈਡੀਕਲ ਅਫ਼ਸਰ ਮਹਿਲ ਕਲਾਂ ਡਾ. ਸਿਪਲਮ ਅਗਨੀਹੋਤਰੀ, ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ. ਤਪਿੰਦਰਜੋਤ ਵੀ ਹਾਜ਼ਰ ਸਨ।