2 ਹੋਰ ਨਾਮਜਦ ਦੋਸ਼ੀਆਂ ਦੀ ਤਲਾਸ਼ ਵਿੱਚ ਲੱਗੀ ਪੁਲਿਸ
ਹਰਿੰਦਰ ਨਿੱਕਾ , ਬਰਨਾਲਾ 3 ਜਨਵਰੀ 2021
ਪਿਛਲੇ ਦਿਨੀਂ ਸ਼ੋਸ਼ਲ ਮੀਡੀਆ ਤੇ ਭਾਜਪਾ ਦੇ ਕੌਮੀ ਆਗੂ ਹਰਜੀਤ ਸਿੰਘ ਗਰੇਵਾਲ ਦੇ ਖਿਲਾਫ ਲੋਕਾਂ ਨੂੰ ਭੜਕਾਉਣ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਵਿੱਚ ਦੁਸ਼ਮਣੀ ਪੈਦਾ ਕਰਨ ਦੇ ਜੁਰਮ ਤਹਿਤ ਧਨੌਲਾ ਪੁਲਿਸ ਨੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂ ਜਸਪ੍ਰੀਤ ਸਿੰਘ ਉਰਫ ਜੱਸੀ ਵਾਸੀ ਧਨੌਲਾ ਨੂੰ 2 ਜਨਵਰੀ ਨੂੰ ਗਿਰਫਤਾਰ ਕਰ ਲਿਆ। ਜਿਸ ਨੂੰ ਅਦਾਲਤ ਨੇ ਕੇ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ। ਥਾਣਾ ਧਨੌਲਾ ਦੇ ਐਸ.ਐਚ.ਉ. ਕੁਲਦੀਪ ਸਿੰਘ ਦੇ ਬਿਆਨ ਤੇ 2 ਜਨਵਰੀ ਨੂੰ ਥਾਣਾ ਧਨੌਲਾ ਵਿਖੇ ਦਰਜ਼ ਮੁਕੱਦਮਾਂ ਨੰਬਰ 1 ਅਧੀਨ ਜੁਰਮ 153 A/153,149 IPC ਵਿੱਚ ਪੁਲਿਸ ਨੇ ਜਸਪ੍ਰੀਤ ਸਿੰਘ ਉਰਫ ਜੱਸੀ, ਛੋਟਾ ਸਿੰਘ ਅਤੇ ਸੁਰਜੀਤ ਸਿੰਘ ਸਾਰੇ ਵਾਸੀ ਧਨੌਲਾ ਅਤੇ ਕੁਝ ਹੋਰ ਨਾਮਲੂਮ ਵਿਅਕਤੀਆਂ ਬਰਖਿਲਾਫ ਕੇਸ ਦਰਜ ਕੀਤਾ ਗਿਆ ਹੈ ।
ਦਰਜ ਕੇਸ ਵਿੱਚ ਥਾਣੇਦਾਰ ਕੁਲਦੀਪ ਸਿੰਘ ਨੇ ਕਿਹਾ ਹੈ ਕਿ ਉਕਤ ਦੋਸ਼ੀਆਂ ਨੇ ਇੱਕ ਗੈਂਗ ਬਣਾਇਆ ਹੋਇਆ ਹੈ ਜੋ ਅਕਸਰ ਹੀ ਗਲਤ ਇਸ਼ਤਹਾਰਬਾਜੀ ਕਰਕੇ ਭੜਕਾ ਕੇ ਸ਼ਹਿ ਦੇ ਕੇ ਲੋਕਾਂ ਵਿੱਚ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਵਿੱਚ ਦੁਸ਼ਮਣੀ ਵਗੈਰਾ ਪੈਦਾ ਕਰਦੇ ਹਨ। ਉਨਾਂ ਅਨੁਸਾਰ ਜਸਪ੍ਰੀਤ ਸਿੰਘ ਜੱਸੀ ਵਗੈਰਾ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਿਲਾਂ ਦੇ ਵਿਰੋਧ ਵਿੱਚ ਕਿਸਾਨ ਯੂਨੀਅਨ ਵੱਲੋਂ ਲਗਾਏ ਧਰਨਿਆਂ ਦੀ ਆੜ ‘ਚ ਕੇਂਦਰ ਸਰਕਾਰ ਦੇ ਵਿਰੁੱਧ ਅਤੇ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਖਿਲਾਫ ਗਲਤ ਇਸ਼ਤਹਾਰਬਾਜੀ ਕਰਕੇ, ਉਸਦੀ ਰਿਹਾਇਸ਼ੀ ਤੇ ਹੋਰ ਪ੍ਰੋਪਰਟੀ ਪਰ ਗਲਤ ਸ਼ਬਦਾਂਵਲੀ ਵਰਤ ਕੇ ਲੋਕਾਂ ਨੂੰ ਭੜਕਾਉਣ ਦਾ ਕੰਮ ਕੀਤਾ ਹੈ। ਐਸ.ਐਚ.ਉ ਕੁਲਦੀਪ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਨੂੰ ਗਿਰਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ ਨੂੰ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਬਠਿੰਡਾ ਜੇਲ੍ਹ ਭੇਜ ਦਿੱਤਾ । ਜਦੋਂ ਕਿ 2 ਹੋਰ ਦੋਸ਼ੀਆਂ ਛੋਟਾ ਸਿੰਘ , ਸੁਰਜੀਤ ਸਿੰਘ ਅਤੇ ਹੋਰ ਨਾਮਾਲੂਮ ਦੋਸ਼ੀਆਂ ਦੀ ਸ਼ਨਾਖਤ ਕਰਕੇ, ਉਨਾਂ ਨੂੰ ਵੀ ਜਲਦੀ ਹੀ ਗਿਰਫਤਾਰ ਕਰ ਲਿਆ ਜਾਵੇਗਾ ।