ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਪਰਹੇਜ਼ ਵੱਲ ਵਧੇਰੇ ਤਵੱਜੋਂ ਦੇਣੀ ਚਾਹੀਦੀ ਹੈ-ਡਿਪਟੀ ਕਮਿਸ਼ਨਰ
ਹਰਪ੍ਰੀਤ ਕੌਰ , ਸੰਗਰੂਰ, 03 ਜਨਵਰੀ:2021
ਕੋਵਿਡ-19 ਮਹਾਂਮਾਰੀ ਸਾਵਧਾਨੀਆਂ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਦਿਆਂ ਅੱਜ ਜ਼ਿਲੇ ਅੰਦਰ ਤੋਂ 3 ਹੋਰ ਕੋਰੋਨਾ ਪਾਜ਼ਟਿਵ ਮਰੀਜ਼ ਘਰਾਂ ਤੋਂ ਸਿਹਤਯਾਬ ਹੋਏ। ਘਰੇਲੂ ਏਕਾਂਤਵਾਸ ’ਚ ਰਹਿ ਕੇ ਕੋਵਿਡ ਦੀ ਨਾਮੁਰਾਦ ਬਿਮਾਰੀ ਤੋਂ ਆਏ ਦਿਨ ਲੋਕਾਂ ਦਾ ਤੰਦਰੁਸਤ ਹੋਣਾ ਚੰਗਾ ਸੰਕੇਤ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲੇ ਅੰਦਰ ਕੋਵਿਡ ਦੇ ਖਾਤਮੇ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਲਏ ਜਾ ਰਹੇ ਨਮੂਨਿਆਂ ਦੇ ਹੁਣ ਵੱਡੀ ਗਿਣਤੀ ਨੈਗਟਿਵ ਨਤੀਜ਼ੇ ਆ ਰਹੇ ਹਨ, ਜੋ ਹੋਰ ਵੀ ਜ਼ਿਆਦਾ ਰਾਹਤ ਵਾਲੀ ਖ਼ਬਰ ਹੈ, ਬਾਵਜੂਦ ਲੋਕਾਂ ਨੂੰ ਪਰਹੇਜ਼ ਵੱਲ ਵਧੇਰੇ ਤਵੱਜੋਂ ਦੇਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਅੱਜ 2 ਐਕਟਿਵ ਕੇਸ ਰਿਪੋਰਟ ਹੋਣ ਦੇ ਬਾਵਜੂਦ ਵੀ ਜ਼ਿਲੇ ਅੰਦਰ ਪਾਜ਼ਟਿਵ ਕੇਸਾਂ ਦੀ ਗਿਣਤੀ 26 ਹੀ ਹੈ।
ਸ੍ਰੀ ਰਾਮਵੀਰ ਨੇ ਜ਼ਿਲਾ ਵਾਸੀਆਂ ਨੰੂ ਮੁੜ ਦੁਹਰਾਇਆ ਕਿ ਸਰਦ ਮੌਮਸ ਦੇ ਮੱਦੇਨਜ਼ਰ ਗਰਮ ਕੱਪੜੇ, ਸਿਰ ਢੱਕ ਕੇ ਮੂੰਹ ਤੇ ਮਾਸਕ ਦੀ ਵਰਤੋਂ ਕਰਕੇ ਹੀ ਬਾਹਰ ਨਿਕਲਿਆ ਜਾਵੇ। ਉਨਾਂ ਕਿਹਾ ਕਿ ਠੰਡੀਆਂ ਚੀਜ਼ਾਂ ਦੇ ਖਾਣ ਪੀਣ ਤੋਂ ਪਰਹੇਜ ਕੀਤਾ ਜਾਵੇ। ਉਨਾਂ ਕਿਹਾ ਕਿ ਆਪਸੀ ਦੂਰੀ ਜਿੰਨੀ ਹੋ ਸਕੇ ਬਣਾ ਕੇ ਰੱਖੀ ਜਾਵੇ ਅਤੇ ਹੱਥਾਂ ਦੀ ਸਾਫ਼ ਸਫ਼ਾਈ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।