ਮਹਿਲ ਕਲਾਂ ‘ਚ ਏ.ਐਸ.ਪੀ ਡਾ. ਪ੍ਰੱਗਿਆ ਜੈਨ ਨੇ ਸੁਣੀਆਂ 3 ਥਾਣਾ ਖੇਤਰਾਂ ਦੇ ਲੋਕਾਂ ਦੀਆਂ ਸ਼ਕਾਇਤਾਂ
ਲੋਕਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਕੀਤਾ 123 ਦਰਖਾਸਤਾਂ ਦਾ ਨਿਪਟਾਰਾ
ਹਰਿੰਦਰ ਨਿੱਕਾ ,ਬਰਨਾਲਾ 31 ਦਸੰਬਰ 2020
ਹੁਣ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕਰਕੇ ਇਨਸਾਫ ਦਿਵਾਉਣ ਲਈ ਸ੍ਰੀ ਦਿਨਕਰ ਗੁਪਤਾ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਤੇ ਸ੍ਰੀ ਸੰਦੀਪ ਗੋਇਲ PPS ਸੀਨੀਅਰ ਕਪਤਾਨ ਪੁਲਿਸ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਪਰੱਗਿਆ ਜੈਨ ਸਹਾਇਕ ਕਪਤਾਨ ਪੁਲੀਸ ਸਬ ਡਿਵੀਜ਼ਨ ਮਹਿਲ ਕਲਾਂ ਵੱਲੋਂ ਥਾਣਾ ਮਹਿਲ ਕਲਾਂ ,ਠੁੱਲੀਵਾਲ ਅਤੇ ਟੱਲੇਵਾਲ ਦਾ ਸਾਂਝਾ “ਪਬਲਿਕ ਦਰਬਾਰ “ਲਗਾਇਆ ਗਿਆ ।
ਇਸ ਮੌਕੇ ਪੈਂਡਿੰਗ 123 ਦਰਖਾਸਤਾਂ ਦਾ ਦੋਵਾਂ ਪਾਰਟੀਆਂ ਨੂੰ ਆਹਮੋ ਸਾਹਮਣੇ ਬਿਠਾ ਕੇ ਨਿਪਟਾਰਾ ਕੀਤਾ ਗਿਆ । ਇਸ ਸਬੰਧੀ ਗੱਲਬਾਤ ਕਰਦਿਆਂ ਏ.ਐਸ.ਪੀ. ਪ੍ਰੱਗਿਆ ਜੈਨ ਨੇ ਕਿਹਾ ਕਿ ਮਾਣਯੋਗ SSP ਸਾਹਿਬ ਬਰਨਾਲਾ ਜੀ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਪਬਲਿਕ ਦੀਆਂ ਸਮੱਸਿਆਵਾਂ ਦਾ ਮੌਕੇ ਪਰ ਹੀ ਨਿਪਟਾਰਾ ਕਰਵਾਉਣ ਦਾ ਮੁੱਖ ਮੰਤਵ ਪੁਲੀਸ ਦੇ ਕੰਮ ਵਿੱਚ ਹੋਰ ਤੇਜ਼ੀ ਅਤੇ ਪਾਰਦਰਸ਼ਤਾ ਲਿਆਉਣਾ ਹੈ ਤਾਂ ਜੋ ਲੋਕਾਂ ਨੂੰ ਮੌਕੇ ਤੇ ਹੀ ਬਿਨਾਂ ਕਿਸੇ ਪੱਖਪਾਤ ਤੋਂ ਇਨਸਾਫ ਮਿਲ ਸਕੇ। ਉਨ੍ਹਾਂ ਦੱਸਿਆ ਕਿ ਸਬ ਡਿਵੀਜ਼ਨ ਮਹਿਲ ਕਲਾ ਵਿਚ ਅੱਜ ਤੋਂ ਆਰੰਭੀ ਇਸ ਮੁਹਿੰਮ ਨੂੰ ਜਲਦ ਹੀ ਬਰਨਾਲਾ ਜ਼ਿਲ੍ਹੇ ਦੀਆਂ ਬਾਕੀ ਸਬ ਡਿਵੀਜ਼ਨਾਂ ਵਿੱਚ ਲਾਗੂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪਬਲਿਕ ਦਰਬਾਰ ਲਗਾਉਣ ਨਾਲ ਲੋਕਾਂ ਦਾ ਪੁਲੀਸ ਤੇ ਭਰੋਸਾ ਵੀ ਬਣਿਆ ਰਹੇਗਾ , ਪੁਲੀਸ ਦੇ ਕੰਮ ਵਿੱਚ ਵੀ ਪਾਰਦਰਸ਼ਤਾ ਆਵੇਗੀ ਅਤੇ ਲੋਕਾਂ ਅਤੇ ਪੁਲਿਸ ਦੇ ਸਮੇਂ ਦੀ ਬੱਚਤ ਵੀ ਹੋਵੇਗੀ। ।ਪਬਲਿਕ ਦਰਬਾਰ ‘ਚ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਸ਼ਲ ਡਿਸਟੈਂਸ ਦੀ ਪਾਲਣਾ ਕੀਤੀ ਗਈ । ਲੋਕਾਂ ਨੂੰ ਮਾਸਕ , ਸੈਨੀਟਾਈਜ਼ਰ ,ਸਾਬਣਾਂ ਵੀ ਮੁਹੱਈਆ ਕਰਵਾਈਆਂ ਗਈਆਂ । ਇਸ ਮੌਕੇ ਗੁਰਤਾਰ ਸਿੰਘ ਮੁੱਖ ਅਫਸਰ ਥਾਣਾ ਠੁੱਲੀਵਾਲ, ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਟੱਲੇਵਾਲ, ਜਸਬੀਰ ਸਿੰਘ ਵਧੀਕ ਮੁੱਖ ਅਫ਼ਸਰ ਥਾਣਾ ਮਹਿਲ ਕਲਾਂ ਸਮੇਤ ਤਫਤੀਸ਼ੀ ਅਫਸਰ ਵੀ ਹਾਜ਼ਰ ਸਨ।