ਬਰਨਾਲਾ ਪੁਲਿਸ ਨੇ ਸਿਰਜਿਆ ਰਿਕਵਰੀ ਦਾ ਨਵਾਂ ਇਤਹਾਸ-3 ਕਰੋੜ 68 ਲੱਖ 44 ਹਜਾਰ 949 ਨਸ਼ੀਲੀਆਂ ਗੋਲੀਆਂ ਅਤੇ 4 ਲੱਖ 40 ਹਜਾਰ 620 ਕੈਪਸੂਲ ਕੀਤੇ ਬਰਾਮਦ
ਸੀ.ਆਈ.ਏ. ਸਟਾਫ ਦੀ ਕਾਰਗੁਜਾਰੀ ਸਦਕਾ ਪੂਰਾ ਵਰ੍ਹਾ ਸੁਰਖੀਆਂ ‘ਚ ਰਹੀ ਬਰਨਾਲਾ ਪੁਲਿਸ, ਮੁੱਖ ਮੰਤਰੀ ਅਤੇ ਡੀ.ਜੀ.ਪੀ. ਨੇ ਕਈ ਮੌਕਿਆਂ ਤੇ ਐਸ.ਐਸ.ਪੀ. ਦੀ ਪਿੱਠ ਥਾਪੜੀ
ਜਿਲ੍ਹੇ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਬਰਨਾਲਾ ਪੁਲਿਸ ਨੇ ਅਸੰਭਵ ਨੂੰ ਕਰਿਆ ਸੰਭਵ -ਐਸਐਸਪੀ ਗੋਇਲ
ਹਰਿੰਦਰ ਨਿੱਕਾ , ਬਰਨਾਲਾ, 31 ਦਸੰਬਰ 2020
ਵਰ੍ਹਿਆਂ ਦਾ ਬੀਤਣਾ ਇੱਕ ਅਜਿਹਾ ਵਰਤਾਰਾ ਹੈ, ਜਿਹੜਾ ਨਿਰੰਤਰ ਜਾਰੀ ਰਹਿਣੈ । ਪਰੰਤੂ ਸਾਲ ਦੇ ਸ਼ੁਰੂ ਵਿੱਚ ਟੀਚੇ ਮਿੱਥਣਾ ਅਤੇ ਸਾਲ ਦੇ ਅੰਤ ਵੇਲੇ ਮਿੱਥੇ ਟੀਚਿਆਂ ਦੀ ਪ੍ਰਾਪਤੀ ਦਾ ਲੇਖਾ ਜੋਖਾ ਕਰਕੇ ਅੱਗੇ ਵਧਣਾ ਹੀ ਸਿਆਣੇ ਮਨੁੱਖ ਦੀ ਪਹਿਚਾਣ ਮੰਨਿਆ ਜਾਂਦਾ ਹੈ। ਹੋਰਨਾਂ ਗੱਲਾਂ ਨੂੰ ਪਰ੍ਹੇ ਰੱਖਦਿਆਂ ਜਿਲ੍ਹਾ ਪੁਲਿਸ ਦੀ ਕਾਰਗੁਜਾਰੀ ਤੇ ਪੰਛੀ ਝਾਤ ਮਾਰਿਆਂ ਹੀ ਤੱਥ ਬੋਲਦੇ ਹਨ ਕਿ ਐਸ.ਐਸ.ਪੀ. ਸੰਦੀਪ ਗੋਇਲ ਨੇ ਪੂਰਾ ਵਰ੍ਹਾ ਕਪਤਾਨੀ ਪਾਰੀ ਖੇਡਦਿਆਂ ਜਿੱਥੇ ਨਸ਼ਿਆਂ ਦੀ ਰਿਕਵਰੀ ਦੇ ਸਾਰੇ ਪੁਰਾਣੇ ਰਿਕਾਰਡ ਤੋੜਦਿਆਂ ਕਰੋੜਾਂ ਨਸ਼ੀਲੀਆਂ ਗੋਲੀਆਂ ਅਤੇ ਲੱਖਾਂ ਨਸ਼ੀਲੇ ਕੈਪਸੂਲ ਬਰਾਮਦ ਕਰਕੇ ਨਵਾਂ ਇਤਹਾਸ ਸਿਰਜਿਆ ਹੈ । ਐਸ.ਐਸ.ਪੀ. ਗੋਇਲ ਨੇ ਇਕੱਲਾ ਨਸ਼ਾ ਤਸਕਰਾਂ ਨੂੰ ਹੀ ਭਾਜੜਾਂ ਨਹੀਂ ਪਾਈਆਂ, ਬਲਿਕ ਉਲਟ ਹਾਲਤਾਂ ਵਿੱਚ ਵੀ ਜਿਲ੍ਹਾ ਪੁਲਿਸ ਦਾ ਮੁਲਾਲ ਹਮੇਸ਼ਾ ਕਾਇਮ ਰੱਖਿਆ ਹੈ। ਸ੍ਰੀ ਗੋਇਲ ਨੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਹਮੇਸ਼ਾ ਪੁਲਿਸ ਤੇ ਛੇੋਟੀਆਂ ਮੱਛੀਆਂ ਖਿਲਾਫ ਹੀ ਕਾਰਵਾਈ ਕਰਕੇ ਖਾਨਾਪੂਰਤੀ ਕਰਨ ਦੇ ਲੱਗਦੇ ਦੋਸ਼ਾਂ ਦੀ ਆਮ ਲੋਕਾਂ ਦੀ ਮਿੱਥ ਨੂੰ ਵੀ ਤੋੜਿਆ ਹੈ। ਉਨਾਂ ਛੋਟੀ ਜਿਹੀ ਨਸ਼ੀਲੀਆਂ ਗੋਲੀਆਂ ਦੀ ਰਿਕਵਰੀ ਦੀ ਤਫਤੀਸ਼ ਨੂੰ ਇਸ ਕਦਰ ਅੱਗੇ ਵਧਾਇਆ ਕਿ ਇਲਾਕੇ ਜਾਂ ਪੰਜਾਬ ਦੀਆਂ ਹੀ ਨਹੀਂ ਸਗੋਂ ਦੇਸ਼ ਪੱਧਰ ਦੀਆਂ ਵੱਡੀਆਂ ਮੱਛੀਆਂ ਨੂੰ ਦੂਰੋਂਂ ਦੂਰੋਂ ਫੜ੍ਹਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਸੁਰਖੀਆਂ ਵਿੱਚ ਰਿਹਾ ਸੀ.ਆਈ.ਏ. ਸਟਾਫ ਦਾ ਇੰਚਾਰਜ ਬਲਜੀਤ ਸਿੰਘ
ਖੇਡ ਕੋਈ ਵੀ ਹੋਵੇ, ਕਪਤਾਨ ਕਿੰਨ੍ਹਾਂ ਵੀ ਤਜੁਰਬੇਕਾਰ ਤੇ ਚੰਗਾ ਕਿਉਂ ਨਾ ਹੋਵੇ, ਉਹ ਚੰਗੀ ਟੀਮ ਤੋਂ ਬਿਨਾਂ ਟੀਮ ਨੂੰ ਜਿੱਤ ਨਹੀਂ ਦਿਵਾ ਸਕਦਾ। ਇਹ ਗੱਲ ਨੂੰ ਵੀ ਐਸਐਪੀ ਸੰਦੀਪ ਗੋਇਲ ਨੇ ਵੱਖ ਵੱਖ ਸਮਿਆਂ ਤੇ ਹਮੇਸ਼ਾਂ ਦੁਹਰਾਇਆ ਹੈ। ਉਨਾਂ ਦੀ ਟੀਮ ਬੇਸ਼ਕ ਸਮੁੱਚੀ ਜਿਲ੍ਹਾ ਪੁਲਿਸ ਹੀ ਹੈ। ਪਰੰਤੂ ਮੋਹਰੀ ਭੂਮਿਕਾ ਵਿੱਚ ਸੀ.ਆਈ.ਏ. ਬਰਨਾਲਾ ਦੀ ਟੀਮ ਅਤੇ ਇਸ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਹੀ ਉਭਰ ਕੇ ਸਾਹਮਣੇ ਆਏ। ਜਿਨ੍ਹਾਂ ਆਪਣੀ ਟੀਮ ਸਮੇਤ ਦਿਨ ਰਾਤ ਇੱਕ ਕਰਕੇ ਸ੍ਰੀ ਗੋਇਲ ਵੱਲੋਂ ਮਿਲੇ ਟੀਚਿਆਂ ਨੂੰ ਮੁਸ਼ਕਿਲ ਹਾਲਤਾਂ ਵਿੱਚ ਵੀ ਪੂਰਾ ਕਰ ਦਿਖਾਇਆ। ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਐਸ.ਪੀ. ਡੀ. ਸੁਖਦੇਵ ਸਿੰਘ ਵਿਰਕ, ਏਐਸਪੀ ਮਹਿਲ ਕਲਾਂ ,ਡਾਕਟਰ ਪ੍ਰੱਗਿਆ ਜੈਨ ਅਤੇ ਹੋਰ ਦਰਜਾ ਬ ਦਰਜਾ ਅਧਿਕਾਰੀਆਂ ਦੇ ਯੋਗਦਾਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਤਰਾਂ ਪੰਜਾਬ ਜਾਂ ਚੰਡੀਗੜ੍ਹ ਹੀ ਨਹੀਂ , ਦੇਸ਼ ਦੀ ਰਾਜਧਾਨੀ ਤੱਕ ਵੀ ਬਰਨਾਲਾ ਪੁਲਿਸ ਅਤੇ ਸ੍ਰੀ ਗੋਇਲ ਦੀ ਗੂੰਜ ਸੁਣਾਈ ਦਿੰਦੀ ਰਹੀ।
ਕਰੋਨਾ ਦੌਰ -ਲੋਕ ਘਰਾਂ ‘ਚ ਅਤੇ ਜਾਨ ਜੋਖਿਮ ਵਿੱਚ ਪਾਕੇ ਸੜ੍ਹਕਾਂ ਤੇ ਰਹੀ ਪੁਲਿਸ
ਕਰੋਨਾ ਦੇ ਦੌਰ ‘ਚ ਵਿਸ਼ਵ ਭਰ ਵਿੱਚ ਘੋਸ਼ਿਤ ਮਹਾਂਮਾਰੀ ਦੌਰਾਨ ਜਿਲ੍ਹੇ ਦੇ ਘਰਾਂ ਵਿੱਚ ਤੜੇ ਲੋਕਾਂ ਦੀ ਸੁਰੱਖਿਆਂ ਲਈ ਵੀ ਸ੍ਰੀ ਗੋਇਲ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਜਾਨ ਜੋਖਿਮ ਵਿੱਚ ਪਾ ਕੇ ਸੜ੍ਹਕਾਂ ਦੇ ਡਟੇ ਰਹੇ। ਉਨਾਂ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆਂ ਤੋਂ ਇਲਾਵਾ ਲੋਕਾਂ ਦੀ ਸਿਹਤ ਦੀ ਸੁਰੱਖਿਆਂ ਕਾਇਮ ਰੱਖਣ ਵਿੱਚ ਵੀ ਆਪਣੀ ਪੂਰੀ ਟੀਮ ਦਾ ਸਰਾਹੁਣਯੋਗ ਯੋਗਦਾਨ ਲੋਕਾਈ ਦੀ ਝੋਲੀ ਵਿੱਚ ਪਾਇਆ। ਜਿਸ ਕਰਕੇ ਕਰੋਨਾ ਮਹਾਂਮਾਰੀ ਜਿਲ੍ਹੇ ਅੰਦਰ ਵਿਕਰਾਲ ਰੂਪ ਧਾਰਨ ਨਹੀਂ ਕਰ ਸਕੀ। ਹੱਥਾਂ ਵਿੱਚ ਡੰਡੇ ਫੜ੍ਹਕੇ ਲੋਕਾਂ ਦਾ ਕੁਟਾਪਾ ਕਰਨ ਵਾਲਾ ਪੁਲਿਸ ਦਾ ਕਰੂਪ ਚਿਹਰਾ ਵੀ ਲੋਕ ਹਿਤੈਸ਼ੀ ਕੰਮ ਕਰਨ ਕਰਕੇ। ਕਾਫੀ ਨਿੱਖਰ ਕੇ ਸਾਹਮਣੇ ਆਇਆ, ਯਾਨੀ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਹੱਥਾਂ ਵਿੱਚ ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਵੰਡੀਆਂ ਜਾਣ ਵਾਲੀਆਂ ਕਿੱਟਾਂ ਅਤੇ ਰਾਸ਼ਨ ਕਿੱਟਾਂ ਨਜਰ ਆਈਆਂ।
-ਨਸ਼ਾ ਤਸਕਰਾਂ ਖਿਲਾਫ 22 ਦਸੰਬਰ 2020 ਤੱਕ 113 ਕੇਸ ਦਰਜ
ਇੱਕ ਨਜ਼ਰ ਨਸ਼ਿਆਂ ਦੀ ਰਿਕਵਰੀ ਤੇ ਵੀ,,
ਭੁੱਕੀ ਚੂਰਾ ਪੋਸਤ-667.500 ਕਿਲੋਗ੍ਰਾਮ
ਅਫੀਮ-6.647 ਕਿਲੋਗ੍ਰਾਮ)
ਸਮੈਕ-0.030 ਕਿਲੋਗ੍ਰਾਮ
ਹੈਰੋਈਨ-11.510 ਕਿਲੋਗ੍ਰਾਮ
ਗਾਂਜਾ-22.250 ਕਿਲੋਗ੍ਰਾਮ
ਨਸ਼ੀਲੀਆਂ ਗੋਲੀਆਂ-3,68,44,949
ਕੈਪਸੂਲ-4,40,620
ਸਿਰਪ-4,098
ਇੰਟੋਐਕਸਕੈਂਟ ਨਸ਼ੀਲਾ ਪਾਊਡਰ-1.830 ਕਿਲੋਗ੍ਰਾਮ
ਗ੍ਰੀਨ ਪਲਾਂਟਸ ਯਾਨੀ ਸੁੱਖਾ-30. ਕਿਲੋਗ੍ਰਾਮ
ਨਸ਼ਾ ਤਸਕਰਾਂ ਤੇ ਹੋਰ ਅਪਰਾਧੀਆਂ ਨੂੰ ਸਿਰ ਨਹੀਂ ਚੁੱਕਣ ਦੇਵੇਗੀ ਪੁਲਿਸ-ਐਸ.ਐਸ.ਪੀ. ਗੋਇਲ
ਐਸਐਪੀ ਸੰਦੀਪ ਗੋਇਲ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਵੱਡੀ ਪੱਧਰ ‘ਤੇ ਨਸ਼ਾ ਤਸਕਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਪਹੁੰਚਾਇਆ ਜਾ ਰਿਹਾ ਹੈ, ਉਥੇ ਹੀ ਪੁਲਿਸ ਹੋਰ ਅਪਰਾਧੀਆਂ ਨੂੰ ਅਪਰਾਧ ਕਰਨ ਲਈ, ਸਿਰ ਨਹੀਂ ਚੁੱਕਣ ਦੇਵੇਗੀ। ਐਸਐਸਪੀ ਨੇ ਜਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਨਵਾਂ ਸਾਲ ਹਰ ਨਾਗਰਿਕ ਲਈ ਖੁਸ਼ੀਆਂ ਅਤੇ ਉਮੰਗਾਂ ਭਰਿਆ ਹੋਵੇ। ਉਨ੍ਹਾਂ ਲੋਕਾਂ ਨੂੰ ਵੱਧ ਰਹੀ ਠੰਡ ਨੂੰ ਦੇਖਦੇ ਹੋਏ ਨਵੇਂ ਸਾਲ ਦਾ ਤਿਉਹਾਰ ਘਰਾਂ ‘ਚ ਰਹਿ ਕੇ ਹੀ ਮਨਾਉਣ ਦੀ ਅਪੀਲ ਕੀਤੀ, ਤਾਂਕਿ ਕਿਸੇ ਵੀ ਤਰ੍ਹਾਂ ਦੀ ਦੁਖਦ ਘਟਨਾ ਤੋਂ ਬਚਾਅ ਹੋ ਸਕੇ | ਉਨ੍ਹਾਂ ਦੁਹਰਾਇਆ ਕਿ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ, ਲੋਕਾਂ ਨੂੰ ਖੁਦ ਵੀ ਇਕ ਜ਼ਿੰਮੇਵਾਰ ਨਾਗਰਿਕ ਦਾ ਫਰਜ ਨਿਭਾਉਂਦੇ ਹੋਏ ਅਪਰਾਧਿਕ ਪ੍ਰਵਿਰਤੀ ਦੇ ਲੋਕਾਂ ਅਤੇ ਅਪਰਾਧ ਤੇ ਅਪਰਾਧੀਆਂ ਬਾਰੇ ਜਾਣਕਾਰੀ ਪੁਲਿਸ ਤੱਕ ਪਹੁੰਚਾਉਣ ਦਾ ਅਹਿਦ ਕਰਨ ਦੀ ਲੋੜ ਹੈ।