ਪੰਜਾਬ ਸਮਾਰਟ ਕੁਨੈਕਟ’ ਸਕੀਮ ਤਹਿਤ ਸਰਕਾਰੀ ਸਕੂਲਾਂ ’ਚ ਪੜ੍ਹਦੇ 1,74,015 ਵਿਦਿਆਰਥੀਆਂ ਨੂੰ ਸਮਾਰਟਫੋਨ ਮਿਲਣ ਨਾਲ ਹੋਰ ਚੰਗੇ ਨਤੀਜੇ ਆਉਣਗੇ: ਸਿੰਗਲਾ
ਹਰਪ੍ਰੀਤ ਕੌਰ ,ਸੰਗਰੂਰ, 31 ਦਸੰਬਰ:2020
‘ਪੰਜਾਬ ਸਮਾਰਟ ਕੁਨੈਕਟ’ ਸਕੀਮ ਦੇ ਤੀਜੇ ਪੜਾਅ ਦੌਰਾਨ ਵੰਡੇ ਜਾ ਰਹੇ 44,015 ਸਮਾਰਟਫੋਨ ਨਾਲ ਸੂਬੇ ਦੇ ਸਰਕਾਰੀ ਸਕੂਲਾਂ ’ਚ ਬਾਰਵੀਂ ਜਮਾਤ ਦੇ ਸਾਰੇ 1,74,015 ਵਿਦਿਆਰਥੀਆਂ ਨੂੰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੁਫ਼ਤ ਸਮਾਰਟਫੋਨ ਦੇਣ ਦਾ ਵਾਅਦਾ ਪੂਰਾ ਕਰ ਲਿਆ ਗਿਆ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਵੰਡੇ ਜਾ ਰਹੇ ਇਨਾਂ ਸਮਾਰਟਫੋਨਾਂ ਦੀ ਮਦਦ ਨਾਲ ਆਗ਼ਾਮੀਂ ਬੋਰਡ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਹੋਰ ਵੀ ਚੰਗੇ ਆਉਣਗੇ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਵਿਚ ਸਰਕਾਰ ਬਣਾਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨਾਲ ਚੋਣਾਂ ਦੌਰਾਨ ਕੀਤਾ ਹਰ ਇੱਕ ਵਾਅਦਾ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਪੂਰਾ ਕਰਨ ਲਈ ਪੂਰੀ ਵਾਹ ਲਾਈ ਹੋਈ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਸਦਕਾ ਹੀ ਉਨਾਂ ਦੇ ਆਪਣੇ ਮਹਿਕਮੇ, ਸਿੱਖਿਆ ਵਿਭਾਗ, ਵਿਚ ਵੀ ਮਿਆਰੀ ਸੁਧਾਰ ਹੋਇਆ ਹੈ ਅਤੇ ਸਕੂਲਾਂ ਦੇ ਸੁਧਰ ਰਹੇ ਨਤੀਜੇ ਤੇ ਲਗਤਾਰ ਵੱਧ ਰਹੇ ਦਾਖਲੇ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ। ਉਨਾਂ ਕਿਹਾ ਕਿ 2017 ਵਿਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਦੀ ਕਮਾਨ ਸੰਭਾਲੀ ਸੀ ਤਾਂ ਉਸ ਮੌਕੇ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਇਵੇਟ ਸਕੂਲਾਂ ਤੋਂ ਬਹੁਤ ਹੇਠਾਂ ਸਨ ਪਰ ਮੁੱਖ ਮੰਤਰੀ ਦੀ ਯੋਗ ਅਗਵਾਈ ਸਦਕਾ ਅੱਜ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਇਵੇਟ ਸਕੂਲਾਂ ਤੋਂ ਚੰਗੇ ਹੋ ਚੁੱਕੇ ਹਨ। ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ’ਚ ਸਿੱਖਿਆ ਦੇ ਪੱਧਰ ਵਿਚ ਸੁਧਾਰ ਕਰਨ ਦੇ ਨਾਲ-ਨਾਲ ਇਨਾਂ ਸਕੂਲਾਂ ਦੇ ਬੁਨਿਆਦੀ ਢਾਂਚੇ ’ਚ ਵੀ ਮਿਆਰੀ ਸੁਧਾਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਨਾਂ ਸੁਧਾਰਾਂ ਸਦਕਾ ਹੀ ਇਸ ਸਾਲ ਲਗਭਗ ਸਾਢੇ 3 ਲੱਖ ਨਵੇਂ ਦਾਖਲੇ ਹੋਏ ਹਨ ਜਿਨਾਂ ’ਚੋਂ ਵੱਡੀ ਗਿਣਤੀ ’ਚ ਵਿਦਿਆਰਥੀ ਪ੍ਰਾਇਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ’ਚ ਦਾਖ਼ਲਾ ਲੈ ਰਹੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਲਾਗੂ ਕੀਤੇ ਆਨਲਾਇਨ ਟੀਚਰ ਟਰਾਂਸਫ਼ਰ ਪਾਲਿਸੀ, ਸਿੱਖਿਆ ਵਿਭਾਗ ਵਿਚ ਅਧਿਕਾਰੀਆਂ ਦੀ ਸਿੱਧੀ ਭਰਤੀ ਅਤੇ ਸਮਾਰਟ ਸਕੂਲ ਬਣਾਉਣ ਵਰਗੇ ਕਦਮਾਂ ਨੇ ਸਰਕਾਰੀ ਸਕੂਲਾਂ ਦੀ ਦਿਸ਼ਾ ਤੇ ਦਸ਼ਾ ’ਚ ਵੱਡੇ ਪੱਧਰ ’ਤੇ ਸੁਧਾਰ ਹੋਇਆ ਹੈ। ਉਨਾਂ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਦੌਰਾਨ ਵੀ ਸੂਬਾ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਿਆ ਗਿਆ ਹੈ ਅਤੇ ਪੜਾਈ ਨਿਰਵਿਘਨ ਜਾਰੀ ਰੱਖਣ ਲਈ ਆਨਲਾਇਨ ਕਲਾਸਾਂ ਦੇ ਨਾਲ-ਨਾਲ ਸਿਲੇਬਸ ਨਾਲ ਸਬੰਧਤ ਲੈਕਚਰ ਇੰਟਰਨੈੱਟ ਅਤੇ ਟੀ.ਵੀ. ’ਤੇ ਵੀ ਰਿਲੇਅ ਕੀਤੇ ਗਏ ਹਨ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸੀਤ ਲਹਿਰ ਦੇ ਮੱਦੇਨਜ਼ਰ ਅੱਜ ਇਕੱਲੇ ਸੰਗਰੂਰ ਜ਼ਿਲੇ ਵਿਚ ਹੀ 47 ਥਾਂਵਾਂ ’ਤੇ ਸਮਾਰਟਫ਼ੋਨ ਵੰਡੇ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਘਰਾਂ ਤੋਂ ਦੂਰ ਨਾ ਜਾਣਾ ਪਵੇ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਿਖੇ ਸਮਾਰਟਫ਼ੋਨ ਵੰਡੇ।