ਮਜ਼ਦੂਰ ਰੱਖਣ ਤੋਂ ਪਹਿਲਾਂ ਸਥਾਈ ਪਤੇ ਸਮੇਤ ਹੋਰ ਰਿਕਾਰਡ ਰੱਖਣ ਦੀ ਹਦਾਇਤ
ਰਘਵੀਰ ਹੈਪੀ , ਬਰਨਾਲਾ, 31 ਦਸੰਬਰ2020
ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਬਰਨਾਲਾ ਦੀ ਹੱਦ ਅੰਦਰ ਕੋਈ ਵੀ ਵਿਅਕਤੀ ਸਰਕਾਰੀ ਸੜਕ, ਰਸਤੇ ਅਤੇ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਨਹੀਂ ਕਰ ਸਕਦਾ। ਉਲੰਘਣਾ ਕਰਨ ਵਾਲੇ ਖ਼ਿਲਾਫ਼ ਧਾਰਾ 188 ਤਹਿਤ ਪੁਲੀਸ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਹਦਾਇਤ ਕੀਤੀ ਕਿ ਜ਼ਿਲ੍ਹਾ ਬਰਨਾਲਾ ਅੰਦਰ ਪੋਲਟਰੀ ਫਾਰਮਾਂ, ਰਾਈਸ ਸ਼ੈਲਰਾਂ, ਭੱਠਿਆਂ ਅਤੇ ਹੋਰ ਲਘੂ ਉਦਯੋਗਾਂ ਦੇ ਮਾਲਕ ਅਤੇ ਘਰੇਲੂ ਨੌਕਰ ਰੱਖਣ ਵਾਲੇ ਆਪਣੇ ਅਧੀਨ ਕੰਮ ਕਰਨ ਵਾਲੇ ਵਿਅਕਤੀਆਂ ਦਾ ਨਾਮ ਅਤੇ ਮੁਕੰਮਲ ਪੱਕਾ ਪਤਾ, ਤਿੰਨ ਤਸਵੀਰਾਂ (ਸੱਜੇ, ਖੱਬੇ ਅਤੇ ਸਾਹਮਣੇ ਤੋਂ ਪੋਜ਼) ਆਪਣੇ ਘਰਾਂ ਵਿੱਚ ਰਜਿਸਟਰ ਲਾ ਕੇ ਰੱਖਣ ਅਤੇ ਉਨ੍ਹਾਂ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਦੇ ਪਤੇ ਲਿਖ ਕੇ ਰੱਖੇ ਜਾਣ ਅਤੇ ਨੌਕਰ ਦੀ ਤਨਖਾਹ ਵਿਚੋਂ 100/200 ਰੁਪਏ ਦਾ ਮਨੀ ਆਰਡਰ ਉਸਦੇ ਨਜ਼ਦੀਕੀ ਰਿਸ਼ਤੇਦਾਰ ਦੇ ਪਤੇ ’ਤੇ ਭੇਜਣ, ਮਨੀ ਆਰਡਰ ਪਹੁੰਚਣ ਉਪਰੰਤ ਰਸੀਦ ਦੀ ਫੋਟੋ ਕਾਪੀ ਨੂੰ ਆਪਣੇ ਕਬਜੇ ਵਿੱਚ ਰੱਖਣ। ਨੌਕਰ ਦੇ ਹੱਥਾਂ ’ਤੇ ਉਂਗਲਾਂ ਦੇ ਨਿਸ਼ਾਨ ਸਬੰਧਤ ਮਾਲਕ ਆਪਣੇ ਰਜਿਸਟਰ ਵਿੱਚ ਦਰਜ ਕਰਨ ਅਤੇ ਇਹ ਸਾਰਾ ਰਿਕਾਰਡ ਸਬੰਧਤ ਪੁਲਿਸ ਥਾਣਾ ਅਤੇ ਚੌਕੀ ਵਿੱਚ ਦਰਜ ਕਰਾਉਣਾ ਯਕੀਨੀ ਬਣਾਉਣਗੇ। ਇਸੇ ਤਰ੍ਹਾਂ ਮਕਾਨ ਮਾਲਕ ਵੀ ਆਪਣੇ ਮਕਾਨ ਵਿੱਚ ਰੱਖੇ ਜਾਣ ਵਾਲੇ ਕਿਰਾਏਦਾਰਾਂ ਦਾ ਪੂਰਾ ਵੇਰਵਾ ਸਬੰਧਤ ਥਾਣੇ/ਪੁਲਿਸ ਚੌਕੀ ਵਿੱਚ ਦਰਜ ਕਰਵਾਉਣ।
ਚਾਇਨਾ ਡੋਰ ਸਟੋਰ, ਵੇਚਣ ਤੇ ਖਰੀਦਣ ’ਤੇ ਮੁਕੰਮਲ ਪਾਬੰਦੀ: ਜ਼ਿਲ੍ਹਾ ਮੈਜਿਸਟਰੇਟ
ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਆਈ.ਏ.ਐਸ. ਨੇ ਜ਼ਿਲ੍ਹੇ ਅੰਦਰ ਪਤੰਗ/ਗੁੱਡੀਆਂ ਉਡਾਉਣ ਲਈ ਵਰਤੀ ਜਾਂਦੀ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ/ਚਾਇਨਾ ਡੋਰ ਅਤੇ ਮਾਂਜਾ (ਕੱਚ ਦੇ ਪਾਊਡਰ ਲੱਗੇ ਹੋਏ ਧਾਗੇ) ਨੂੰ ਵੇਚਣ/ਖਰੀਦਣ, ਸਟੋਰ ਕਰਨ ਤੇ ਇਸ ਦੀ ਵਰਤੋਂ ਕਰਨ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਪਾਬੰਦੀ ਧਾਗੇ ਵਾਲੀ ਡੋਰ ’ਤੇ ਲਾਗੂ ਨਹੀ ਹੋਵੇਗੀ। ਉਨ੍ਹਾਂ ਕਿਹਾ ਕਿ ਪਤੰਗ/ਗੁੱਡੀਆਂ ਉਡਾਉਣ ਲਈ ਜਿਹੜੀ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਸੂਤੀ ਡੋਰ ਤੋਂ ਹੱਟ ਕੇ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ/ਚਾਈਨਾ ਡੋਰ ਅਤੇ ਮਾਂਜਾ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਬਹੁਤ ਮਜ਼ਬੂਤ, ਨਾ-ਗਲਣਯੋਗ ਅਤੇ ਨਾ-ਟੁੱਟਣਯੋਗ ਹਨ। ਇਹ ਡੋਰ ਪਤੰਗਬਾਜ਼ੀ ਸਮੇਂ ਪਤੰਗ/ਗੁੱਡੀਆਂ ਉਡਾਉਣ ਵਾਲਿਆਂ ਦੇ ਹੱਥ ਅਤੇ ਉਗਲਾਂ ਕੱਟ ਦਿੰਦੀ ਹੈ। ਸਾਈਕਲ, ਸਕੂਟਰ ਚਾਲਕਾਂ ਦੇ ਗਲ ਅਤੇ ਕੰਨ ਕੱਟੇ ਜਾਂਦੇ ਹਨ ਅਤੇ ਉੱਡਦੇ ਪੰਛੀਆਂ ਦੀ ਮੌਤ ਹੋ ਜਾਣ ਤੇ ਉਨ੍ਹਾਂ ਦੇ ਰੁੱਖਾਂ ਤੇ ਟੰਗੇ ਰਹਿਣ ਕਾਰਨ ਬਦਬੂ ਨਾਲ ਵਾਤਵਾਰਨ ਵੀ ਦੂਸ਼ਿਤ ਹੁੰਦਾ ਹੈ।
ਇਹ ਸਾਰੇ ਹੁਕਮ ਮਿਤੀ 25 ਫਰਵਰੀ 2021 ਤੱਕ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।