ਬੀ.ਟੀ.ਐਨ. ਨਵੀਂ ਦਿੱਲੀ, 30 ਦਸੰਬਰ, 2020
ਤਿੰਨ ਖੇਤੀ ਕਾਨੂੰਨਾ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ 2 ਮੰਤਰੀਆਂ ਦਰਮਿਆਨ ਚਲ ਰਹੀ ਗੱਲਬਾਤ ਦੌਰਾਨ ਕੇਂਦਰ ਸਰਕਾਰ ਨੇ ਕਿਸਾਨ ਸੰਘਰਸ਼ ਨੂੰ ਨਜਰਅੰਦਾਜ਼ ਕਰਨ ਦੀ ਫੜੀ ਹਿੰਡ ਛੱਡਦਿਆਂ ਕਿਸਾਨਾਂ ਦੀਆਂ 2 ਮੰਗਾਂ ਮੰਨ ਲਈਆਂ ਹਨ। ਦੋ ਮੰਗਾਂ ਮੰਨ ਲੈਣ ਦੀ ਜਾਣਕਾਰੀ ਮੀਟਿੰਗ ਖਤਮ ਹੋਣ ਤੋਂ ਬਾਅਦ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿਲ ਨਹੀਂ ਲਿਆਵੇਗੀ ਅਤੇ ਪਰਾਲੀ ਵਾਲੇ ਆਰਡੀਨੈਂਸ ’ਤੇ ਵੀ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਜਾਰੀ ਆਰਡੀਨੈਂਸ ਤੋਂਂ ਕਿਸਾਨਾਂ ਨੂੰ ਬਾਹਰ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ 4 ਜਨਵਰੀ ਨੂੰ ਰੱਖੀ ਗਈ ਹੈ । ਜਿਸ ‘ਚ ਉਹ ਕਿਸਾਨਾਂ ਨਾਲ ਐਮ ਐਸ ਪੀ ਨੂੰ ਕਾਨੂੰਨੀ ਦਰਜਾ ਦੇਣ ਬਾਰੇ ਗੱਲਬਾਤ ਕਰਨਗੇ ਅਤੇ ਤਿੰਨ ਖੇਤੀ ਕਾਨੂੰਨਾਂ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ। ਉੱਧਰ ਕਿਸਾਨਾਂ ਆਗੂਆਂਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ 2 ਕਾਨੂੰਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਅਗਲੀ ਮੀਟਿੰਗ 4 ਜਨਵਰੀ ਨੂੰ ਹੋਵੇਗੀ ਉਸ ‘ਚ ਵੀ ਮੁੱਖ ਮੁੱਦਾ ਤਿੰੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਹੀ ਹੋਵੇਗਾ। ਉਹ ਆਪਣੀ ਪਹਿਲਾਂ ਵਾਲੀ ਮੰਗ ਤੋਂ ਪਿੱਛੇ ਨਹੀਂ ਹਟਣਗੇ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਾ ਕੇ ਹੀ ਘਰ ਵਾਪਸ ਪਰਤਣਗੇ।