ਲੱਖਾਂ ਰੁਪਏ ਦੀ ਨਗਦੀ, ਮੋਬਾਇਲ ,ਡਰਾਈਫਰੂਟ, ਦੇਸੀ ਘਿਉ ਲੈ ਕੇ ਫਰਾਰ ਹੋਏ ਚੋਰ
ਚੋਰੀ ਦੀ ਵਾਰਦਾਤ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਹੋਈ ਕੈਦ
ਹਰਿੰਦਰ ਨਿੱਕਾ/ਰਘਵੀਰ ਹੈਪੀ , ਬਰਨਾਲਾ 31 ਦਸੰਬਰ 2020
ਪੁਲਿਸ ਦੀ ਐਨ ਨੱਕ ਥੱਲੇ ਕਚਿਹਰੀ ਚੌਂਕ ‘ਚ ਸਥਿਤ ਮਾਲਵੀਕਾ ਟੈਲੀਕੌਮ ਅਤੇ ਐਮ.ਪੀ. ਪ੍ਰੋਵੀਜਨ ਸਟੋਰ ਦੀਆਂ ਕੰਧਾਂ ਨੂੰ ਅੱਜ ਤੜਕੇ ਕਰੀਬ 4 ਵਜੇ ਪਾੜ ਲਾ ਕੇ ਚੋਰ ਲੱਖਾਂ ਰੁਪਏ ਦੀ ਨਗਦੀ, 10/12 ਮੋਬਾਇਲ ਅਤੇ ਡਰਾਈ ਫਰੂਟ ਅਤੇ ਦੇਸੀ ਘਿਉ ਲੈ ਕੇ ਫਰਾਰ ਹੋ ਗਏ। ਦੁਕਾਨਦਾਰਾਂ ਨੂੰ ਚੋਰੀ ਦੀ ਵਾਰਦਾਤ ਤੋਂ ਕਰੀਬ ਸਵਾ ਪੰਜ ਘੰਟੇ ਬਾਅਦ ਉਦੋਂ ਪਤਾ ਲੱਗਿਆ, ਜਦੋਂ ਉਨਾਂ ਦੁਕਾਨਾਂ ਖੋਹਲੀਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ 2 ਦੇ ਐਸ.ਐਚ.ਉ. ਗੁਰਮੇਲ ਸਿੰਘ ਦੀ ਅਗਵਾਈ ਵਿੱਚ ਪਹੁੰਚੀ ਪੁਲਿਸ ਪਾਰਟੀ ਨੇ ਵਾਰਦਾਤ ਵਾਲੀਆਂ ਦੁਕਾਨਾਂ ਦਾ ਮੌਕਾ ਮੁਆਇਨਾ ਕੀਤਾ। ਪੁਲਿਸ ਪਾਰਟੀ ਨੇ ਮਾਲਵੀਕਾ ਟੈਲੀਕੌਮ ਦੀ ਕੰਧ ਨੂੰ ਲਾਏ ਪਾੜ ਵਾਲੀ ਥਾਂ ਤੋਂ ਚੋਰਾਂ ਦੁਆਰਾ ਚੋਰੀ ਸਮੇਂ ਵਰਤੋਂ ਵਿੱਚ ਲਿਆਂਦੀ ਟੌਰਚ ਅਤੇ ਨਗਦੀ ਵਾਲਾ ਕੱਪੜੇ ਦਾ ਥੈਲਾ ਕਬਜੇ ਵਿੱਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਮਾਲਵੀਕਾ ਟੈਲੀਕੌਮ ਦੇ ਸੰਚਾਲਕ ਸਾਹਿਲ ਸਿੰਗਲਾ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਚਲਿਆ ਗਿਆ। ਦੁਕਾਨ ਵਿੱਚ ਕਰੀਬ ਡੇਢ ਲੱਖ ਰੁਪਏ ਨਗਦੀ ਵੀ ਪਈ ਸੀ। ਜਦੋਂ ਸਵੇਰੇ ਕਰੀਬ ਸਾਢੇ ਨੌ ਵਜੇ ਉਸ ਨੇ ਦੁਕਾਨ ਖੋਹਲੀ ਤਾਂ ਦੇਖਿਆ ਕਿ ਛੱਤ ਵਾਲੇ ਪਾਸਿਉ ਕੰਧ ਨੂੰ ਵੱਡਾ ਪਾੜ ਲੱਗਿਆ ਹੋਇਆ ਸੀ। ਦੁਕਾਨ ਦੇ ਕਾਉਂਟਰ ਵਿੱਚ ਪਿਆ ਸਮਾਨ ਖਿੰਡਿਆ ਹੋਇਆ ਸੀ। ਕਾਉਂਟਰ ਦਾ ਦਰਾਜ ਖੋਹਲਿਆਂ ਤਾਂ ਉਸ ਵਿੱਚ ਕੱਪੜੇ ਦੇ ਥੈਲੇ ਵਿੱਚ ਪਾ ਕੇ ਰੱਖੀ ਕਰੀਬ ਡੇਢ ਲੱਖ ਦੀ ਨਗਦੀ ਵੀ ਗਾਇਬ ਸੀ। ਉਸ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਨਾਲ ਲੱਗਦੇ ਐਮ.ਪੀ. ਪ੍ਰੋਵੀਜਨ ਸਟੋਰ ਦੀ ਕੰਧ ਨੂੰ ਵੀ ਛੱਤ ਨੇੜਿਉ ਪਾੜ ਲੱਗਿਆ ਹੋਇਆ ਸੀ। ਦੁਕਾਨ ਦਾ ਕਾਫੀ ਸਮਾਨ ਬਿਖਰਿਆ ਪਿਆ ਸੀ। ਦੁਕਾਨਦਾਰ ਅਨੁਸਾਰ ਚੋਰ ਉਸ ਦੀ ਦੁਕਾਨ ਵਿੱਚੋਂ ਕਾਫੀ ਮਾਤਰਾ ਵਿੱਚ ਡਰਾਈਫਰੂਟ ਅਤੇ ਦੇਸੀ ਘਿਉ ਦੇ ਡੱਬੇ ਲੈ ਕੇ ਫਰਾਰ ਹੋ ਗਏ। ਉਨਾਂ ਕਿਹਾ ਕਿ ਉਹ ਦੁਕਾਨ ਵਿੱਚੋਂ ਚੋਰੀ ਹੋਏ ਸਮਾਨ ਦੀ ਲਿਸਟ ਤਿਆਰ ਕਰ ਰਿਹਾ ਹੈ।
ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋਈ ਵਾਰਦਾਤ
ਸਾਹਿਲ ਸਿੰਗਲਾ ਨੇ ਦੱਸਿਆ ਕਿ ਉਸ ਦੀ ਦੁਕਾਨ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਕੈਮਰਿਆਂ ਦੀ ਫੁਟੇਜ ਵਿੱਚ ਛੱਤ ਵਾਲੇ ਪਾਸਿਉ ਕੰਧ ਨੂੰ ਪਾੜ ਲਾ ਕੇ ਉਤਰ ਰਿਹਾ ਚੋਰ ਸਾਫ ਦਿਖਾਈ ਦੇ ਰਿਹਾ ਹੈ। ਉਸਦੇ ਮੂੰਹ ਵਿੱਚ ਹਨ੍ਹੇਰੇ ਵਿੱਚ ਰੌਸ਼ਨੀ ਕਰਨ ਲਈ ਟੌਰਚ ਫੜੀ ਹੋਈ ਹੈ। ਜਦੋਂ ਚੋਰ ਦਾ ਧਿਆਨ ਸੀਸੀਟੀਵੀ ਕੈਮਰੇ ਵੱਲ ਗਿਆ ਤਾਂ ਉਸ ਨੇ ਪਹਿਲਾਂ ਤਾਂ ਕੈਮਰਾ ਤੋੜ ਦਿੱਤਾ, ਫਿਰ ਛੱਤ ਤੇ ਬੈਠੇ ਆਪਣੇ ਸਾਥੀ ਤੋਂ ਮੂੰਹ ਢਕਣ ਲਈ ਕਪੜਾ ਲਿਆ। ਮੌਕੇ ਤੇ ਮੌਜੂਦ ਲੋਕਾਂ ਦਾ ਪਹਿਲਾਂ ਇਹ ਮੰਨਣਾ ਸੀ ਕਿ ਚੋਰ ਕੋਈ ਭੇਤੀ ਵਿਅਕਤੀ ਹੀ ਹੋਵੇਗਾ। ਪਰੰਤੂ ਕੁਝ ਲੋਕ ਇਹ ਵੀ ਕਹਿੰਦੇ ਰਹੇ ਕਿ ਜੇਕਰ ਚੋਰ ਸੱਚਮੁੱਚ ਕੋਈ ਭੇਤੀ ਹੁੰਦਾ ਤਾਂ ਉਸ ਨੂੰ ਸੀਸੀਟੀਵੀ ਕੈਮਰਿਆਂ ਬਾਰੇ ਵੀ ਪਤਾ ਹੋਣਾ ਸੀ, ਇਸ ਲਈ ਉਹ ਦੁਕਾਨ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਹੀ ਮੂੰਹ ਬੰਨ੍ਹ ਲੈਂਦਾ। ਕੁਝ ਲੋਕਾਂ ਦਾ ਇਹ ਅਨੁਮਾਨ ਹੈ ਕਿ ਭੇਤੀ ਬਿਨਾਂ ਚੋਰੀ ਨਹੀਂ ਹੁੰਦੀ, ਦੁਕਾਨ ਦਾ ਭੇਤੀ ਵਿਅਕਤੀ ਛੱਤ ਉੱਪਰ ਹੀ ਬੈਠਾ ਰਿਹਾ, ਤਾਂਕਿ ਉਸ ਦੀ ਸ਼ਨਾਖਤ ਨਾ ਹੋ ਸਕੇ। ਚੋਰ ਨੇ ਬੇਸ਼ੱਕ ਇੱਕ ਕੈਮਰਾ ਤੋੜ ਦਿੱਤਾ, ਫਿਰ ਵੀ ਦੁਕਾਨ ਵਿੱਚ ਲੱਗੇ ਹੋਰ ਕੈਮਰਿਆਂ ਵਿੱਚ ਪੂਰੀ ਵਾਰਦਾਤ ਕੈਦ ਹੋ ਗਈ। ਕੈਮਰੇ ਵਿੱਚ ਕੈਦ ਹੋਈ ਵਾਰਦਾਤ ਦੌਰਾਨ ਦੁਕਾਨ ਵਿੱਚ ਦਾਖਿਲ ਹੋ ਕੇ ਚੋਰੀ ਕਰ ਰਹੇ ਚੋਰ ਦੀ ਸ਼ਕਲ ਸਾਫ ਦਿਖਾਈ ਦੇ ਰਹੀ ਹੈ।
ਕਚਿਹਰੀ ਚੌਂਕ ‘ਚ ਲੱਗਿਆ 24 ਘੰਟਿਆਂ ਦਾ ਪੁਲਿਸ ਨਾਕਾ
ਲੋਕਾਂ ਵਿੱਚ ਇਹ ਚਰਚਾ ਜੋਰਾਂ ਤੇ ਹੈ ਕਿ ਕਚਹਿਰੀ ਚੌਂਕ ਵਿੱਚ 24 ਘੰਟਿਆਂ ਦਾ ਪੁਲਿਸ ਨਾਕਾ ਲੱਗਿਆ ਰਹਿੰਦਾ ਹੈ। ਤਾਂ ਫਿਰ ਡਿਊਟੀ ਤੇ ਤਾਇਨਾਤ ਕਰਮਚਾਰੀਆਂ ਨੂੰ ਵਾਰਦਾਤ ਦੀ ਭਿਣਕ ਕਿਉਂ ਨਹੀਂ ਪਈ। ਮੌਕਾ ਮੁਆਇਨਾ ਕਰਨ ਤੋਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਚੋਰ ,ਚੋਰੀ ਲਈ ਕਚਿਹਰੀ ਚੌਂਕ ਵਾਲੇ ਪਾਸਿਉਂ ਦਾਖਿਲ ਹੀ ਨਹੀਂ ਹੋਏ। ਉਨਾਂ ਦੁਕਾਨਾਂ ਦੀ ਬੈਕ ਸਾਈਡ ਤੋਂ ਹੀ ਛੱਤ ਤੇ ਚੜ੍ਹ ਕੇ ਦੁਕਾਨਾਂ ਨੂੰ ਪਾੜ ਲਾਇਆ ਹੈ। ਦੁਕਾਨਾਂ ਦੇ ਅਗਲੇ ਪਾਸੇ ਕੋਈ ਹਰਕਤ ਹੀ ਨਹੀਂ ਹੋਈ। ਜਿਸ ਕਾਰਨ ਚੋਰ ਬੜੀ ਸਫਾਈ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।
ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਪੁਲਿਸ-ਐਸ.ਐਚ.ਉ
ਥਾਣਾ ਸਿਟੀ 2 ਦੇ ਐਸ.ਐਚ.ਉ. ਗੁਰਮੇਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜੇ ਵਿੱਚ ਲੈ ਲਈ ਹੈ। ਫੁਟੇਜ ਦੇ ਅਧਾਰ ਤੇ ਚੋਰ ਦੀ ਪਹਿਚਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਮਾਲਵੀਕਾ ਟੈਲੀਕੌਮ ਦੇ ਮਾਲਿਕ ਦੇ ਬਿਆਨ ਦੇ ਅਧਾਰ ਤੇ ਅਣਪਛਾਤੇ ਚੋਰਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੁਕਾਨਾਂ ਆਦਿ ਵਿੱਚ ਨਗਦ ਰਾਸ਼ੀ ਰੱਖਣਾ ਨੁਕਸਾਨਦੇਹ ਸਾਬਿਤ ਹੁੰਦਾ ਹੈ।