ਭਲ੍ਹਕੇ ਸੰਘਰਸ਼ ਜਾਰੀ ਰੱਖਣ ਦੇ ਅਹਿਦ ਨਾਲ ਸਾਲ 2021 ਦੇ ਪਹਿਲੇ ਦਿਨ ਨੂੰ ਸੰਗਰਾਮੀ ਮੁਬਾਰਕ ਆਖਣਗੇ ਜਾਝਾਰੂ ਕਾਫਲੇ

Advertisement
Spread information

ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜ੍ਹਨ ਵਾਲਾ ਆਰਡੀਨੈਂਸ ਰੱਦ ਹੋਣਾ ਸੰਘਰਸ਼ੀ ਕਾਫਲਿਆਂ ਦੀ ਅਹਿਮ ਜਿੱਤ

ਸਾਂਝਾ ਕਿਸਾਨ ਸੰਘਰਸ਼ ਰੇਲਵੇ ਸਟੇਸ਼ਨ ਬਰਨਾਲਾ ਦਾ 92 ਵਾਂ ਦਿਨ-  ਭੁੱਖ ਹੜਤਾਲ ਜਾਰੀ

ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਰੰਟੀ ਕਰਾਉਣ ਲਈ ਵਧੇਰੇ ਲਾਮਬੰਦੀ ਦੀ ਲੋੜ-ਮਾਂਗੇਵਾਲ


ਹਰਿੰਦਰ ਨਿੱਕਾ , ਬਰਨਾਲਾ 31 ਦਸੰਬਰ2020

               ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਨੂੰ ਤਿੰਨ ਮਹੀਨੇ ਪੂਰੇ ਹੋ ਗਏ ਹਨ। 1 ਅਕਤੂਬਰ ਨੂੰ ਰੇਲਵੇ ਪਟੜੀਆਂ ਮੱਲਣ ਤੋਂ ਬਾਅਦ ਪਲੇਟਫਾਰਮ ਤੋਂ ਹੁਣ ਰੇਲਵੇ ਪਾਰਕਿੰਗ ਵਿੱਚ ਭੁੱਖ ਹੜਤਾਲ ਵਜੋਂ ਸੰਘਰਸ਼ ਜਾਰੀ ਹੈ। ਅੱਜ ਬੁਲਾਰਿਆਂ ਨੇ ਆਪਣੇ ਵਿਚਾਰਾਂ ਰਾਹੀਂ 36 ਵੇਂ ਦਿਨ ਵੀ ਦਿੱਲੀ ਦੀ ਬਰੂਹਾਂ ਤੇ ਡੇਰਾ ਜਮਾਈ ਬੈਠੇ ਅਤੇ ਪੰਜਾਬ ਅੰਦਰ ਸੈਂਕੜੇ ਥਾਵਾਂ ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਵਿੱਚ ਹੋਰ ਵਧੇਰੇ ਜੋਸ਼ ਨਾਲ ਸ਼ਾਮਿਲ ਹੋਣ ਲਈ ਸੰਗਰਾਮੀ ਮੁਬਾਰਕਬਾਦ ਦਿੱਤੀ।

Advertisement

              ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਵੰਤ ਸਿੰਘ ਉੱੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਸਾਹਿਬ ਸਿੰਘ ਬਡਬਰ, ਗੁਰਮੇਲ ਰਾਮ ਸ਼ਰਮਾ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਬਾਰਾ ਸਿੰਘ ਬਦਰਾ, ਹਰਚਰਨ ਚੰਨਾ, ਜਸਪਾਲ ਕੌਰ ਕਮਗੜ੍ਹ,ਪ੍ਰੇਮਪਾਲ ਕੌਰ, ਚਰਨਜੀਤ ਕੌਰ, ਗੁਰਚਰਨ ਸਿੰਘ ਸਰਪੰਚ, ਨਿਰੰਜਣ ਸਿੰਘ ਠੀਕਰੀਵਾਲ, ਲਾਭ ਸਿੰਘ ਅਕਲੀਆ ਆਦਿ ਬੁਲਾਰਿਆਂ ਨੇ ਕਿਹਾ ਕਿ ਤਿੰਨ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹਰ ਪੜਾਅ ਉੱਪਰ ਕਿਸਾਨ ਕਾਫਲਿਆਂ ਦੇ ਵਧਦੇ ਰੋਹ ਨੇ ਹਾਕਮਾਂ ਦੀ ਨੀਂਦ ਉਡਾ ਰੱਖੀ ਹੈ। ਜਿਹੜੀ ਮੋਦੀ ਹਕੂਮਤ ਲੋਕਾਂ ਦੀ ਹੱਕੀ ਆਵਾਜ ਨੂੰ ਟਿੱਚ ਕਰਕੇ ਜਾਣਦੀ ਸੀ, ਹੁਣ ਦਿੱਲੀ ਦੀਆਂ ਬਰੂਹਾਂ ਉੱਪਰ ਪੱਕਾ ਡੇਰਾ ਜਮਾਕੇ ਬੈਠੇ ਕਿਸਾਨ ਕਾਫਲਿਆਂ ਨੇ ਘੇਰਕੇ ਮੂਹਰੇ ਲਾਈ ਹੋਈ ਹੈ। ਕੱਲ੍ਹ ਸੱਤਵੇਂ ਗੇੜ ਦੀ ਗੱਲਬਾਤ ਵਿੱਚ ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਰੱਦ ਕਰਨਾ ਸਾਂਝੇ ਕਿਸਾਨ ਸੰਘਰਸ਼ ਦੀ ਅਹਿਮ ਪ੍ਰਾਪਤੀ ਹੈ।

             ਘਰ-ਘਰ ਤੋਂ ਉੱਠੀ ਲੋਕ ਆਵਾਜ ਸਦਕਾ ਹੀ ਸਾਂਝਾ ਕਿਸਾਨ ਸੰਘਰਸ਼ ਲੋਕ ਸੰਘਰਸ਼ ਵਿੱਚ ਤਬਦੀਲ ਹੋਇਆ ਹੈ। ਇਹ ਅਹਿਮ ਜਿੱਤ ਪੰਜਾਬ, ਹਰਿਆਣਾ, ਯੂ.ਪੀ, ਰਾਜਸਥਾਨ, ਦਿੱਲੀ ਤੋਂ ਬਾਅਦ ਧੁਰ ਦੱਖਣ (ਕਰਨਾਟਕ,ਤਾਮਿਲਨਾਡੂ, ਉੜੀਸਾ, ਕੇਰਲ, ਮਹਾਂਰਾਸ਼ਟਰ,ਪੱਛਮੀ ਬੰਗਾਲ,ਬਿਹਾਰ, ਛੱਤੀਸ਼ਗੜ੍ਹ, ਮੱਧ ਪ੍ਰਦੇਸ਼ ਆਦਿ) ਵਿੱਚ ਵੀ ਕਿਸਾਨ ਸੰਘਰਸ਼ਾਂ ਦੇ ਅਖਾੜੇ ਮਘਣ ਦਾ ਸਿੱਟਾ ਹੈ। ਆਗੂਆਂ ਕਿਹਾ ਕਿ ਸਾਡੇ ਲਈ ਹੱਥ ਉੱਪਰ ਹੱਥ ਧਰਕੇ ਬੈਠਣ ਦਾ ਸਮਾਂ ਨਹੀਂ ਹੈ, ਸਗੋਂ ਖੇਤੀ ਵਿਰੋਧੀ ਕਾਨੂੰਨ ਨੂੰ ਮੁਕੰਮਲ ਰੂਪ’ਚ ਰੱਦ ਕਰਾਉਣ ਅਤੇ ਘੱਟੋ-ਘੱਟ ਕੀਮਤ ਉੱਪਰ ਫਸਲਾਂ ਦੀ ਖ੍ਰੀਦ ਦੀ ਗਰੰਟੀ ਕਰਨ ਦੀ ਅਹਿਮ ਬੁਨਿਆਦੀ ਮੰਗ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰਹੇਗਾ। ਕਿਸਾਨ ਹਿੱਸਿਆਂ ਤੋਂ ਇਲਾਵਾ ਹੋਰ ਤਬਕੇ ਵੀ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਣ ਦੀ ਇੱਛਾ ਜਤਾ ਰਹੇ ਹਨ। ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ 11 ਮੈਂਬਰੀ ਜਥੇ ਵਿੱਚ ਸ਼ਿੰਦਰ ਸਿੰਘ ਭੈਣੀਜੱਸਾ, ਪ੍ਰਗਟ ਸਿੰਘ ਮੰਡੇਰ, ਵਰਿਆਮ ਸਿੰਘ ਸਹੌਰ, ਗੁਰਮੇਲ ਸ਼ਰਮਾ, ਜਗਤਾਰ ਸਿੰਘ ਬਰਨਾਲਾ, ਬਲਵੰਤ ਸਿੰਘ ਠੀਕਰੀਵਾਲ, ਬੂਟਾ ਸਿੰਘ ਔਲ਼ਖ, ਮੇਜਰ ਸਿੰਘ ਸਹਿਜੜਾ, ਤਰਸੇਮ ਸਿੰਘ ਸਹਿਜੜਾ, ਕੁੰਢਾ ਸਿੰਘ ਫਰਵਾਹੀ, ਗੁਰਚਰਨ ਸਿੰਘ ਚੁਹਾਣਕੇਖੁਰਦ ਸ਼ਾਮਿਲ ਹੋਏ। ਪਿੰਡਾਂ ਵਿੱਚੋਂ ਕਿਸਾਨ ਔਰਤਾਂ ਦੇ ਕਾਫਲੇ ਦਿੱਲੀ ਵੱਲ ਵੀ ਵੱਡੀ ਪੱਧਰ ਤੇ ਗਏ ਹੋਣ ਦੇ ਬਾਵਜੂਦ ਵੀ ਸਾਂਝੇ ਕਿਸਾਨ ਮੋਰਚੇ ਵਿੱਚ ਪਹੁੰਚਣ ਵਾਲੇ ਕਿਸਾਨ ਔਰਤਾਂ ਦੇ ਕਾਫਲਿਆਂ ਵਿੱਚ ਕੋਈ ਕਮੀ ਨਹੀਂ ਆ ਰਹੀ।

           ਸਗੋਂ ਬਰਨਾਲਾ ਵਿਖੇ ਚਲਦੇ ਸੰਘਰਸ਼ ਵਿੱਚ ਵੀ ਪੂਰੇ ਜੋਸ਼ ਨਾਲ ਸ਼ਾਮਿਲ ਹੋ ਰਹੇ ਹਨ। ਕਿਸਾਨ ਕਾਫਲਿਆਂ ਨੂੰ ਮੁਲਕ ਦੇ ਵੱਖ ਵੱਖ ਹਿੱਸਿਆਂ/ਰਾਜਾਂ ਤੋਂ ਕਿਸਾਨਾਂ ਦੀ ਜੋਰਦਾਰ ਹਮਾਇਤ ਮਿਲ ਰਹੀ ਹੈ ਅਤੇ ਕਾਫਲੇ ਪੰਜਾਬ ਸਮੇਤ ਮੁਲਕ ਦੇ ਵੱਖੋ-ਵੱਖ ਹਿੱਸਿਆਂ ਤੋੋਂ ਲਗਾਤਾਰ ਸ਼ਾਮਿਲ ਹੋ ਰਹੇ ਹਨ। ਸੁਚੱਜੀ ਅਗਵਾਈ ਅਧੀਨ ਲੋਕਤਾ ਦਾ ਬੱਝ ਰਿਹਾ ਯੱਕ ਮੋਦੀ ਹਕੂਮਤ ਦੀਆਂ ਸਾਜਿਸ਼ਾਂ ਅਤੇ ਉਸ ਦੇ ਵੱਡੇ ਵਪਾਰਿਕ ਘਰਾਣਿਆਂ(ਅਡਾਨੀ-ਅੰਬਾਨੀ) ਨੂੰ ਪੈਰਾਂ ਹੇਠ ਲਤਾੜਕੇ ਇਹ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਵੇਗਾ। ਸਾਂਝਾ ਸੰਘਰਸ਼ ਜਿਉਂ ਜਿਉਂ ਲੰਮਾ ਹੋਵੇਗਾ, ਹੋਰ ਵਧੇਰੇ ਮਜਬੂਤੀ ਨਾਲ ਵਦਾਣੀ ਸੱਟਾਂ ਮਾਰਦਾ ਹੋਇਆ ਆਪਣੀ ਜਿੱਤ ਵੱਲ ਅੱਗੇ ਵਧੇਗਾ। ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਅਤੇ ਸਾਰੀਆਂ ਫਸਲਾਂ ਦੀ ਐਮਐਸਪੀ ਲਾਗੂ ਕਰਨ ਕਰਨ ਲਈ ਮਜਬੂਰ ਕਰੇਗਾ। ਅੱਜ ਸੰਘਰਸ਼ ਜਾਰੀ ਰੱਖਣ ਦੇ ਅਹਿਦ ਨਾਲ ਸਾਲ 2021 ਦੇ ਪਹਿਲੇ ਦਿਨ ਨੂੰ ਜਾਝਾਰੂ ਕਾਫਲੇ ਸੰਗਰਾਮੀ ਮੁਬਾਰਕ ਆਖਣਗੇ। ਬੁਲਾਰਿਆਂ ਸਭਨਾਂ ਤਬਕਿਆਂ ਨੂੰ ਵੱਡੀ ਗਿਣਤੀ ਵਿੱਚ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਪੁੱਜਣ ਦੀ ਜੋਰਦਾਰ ਅਪੀਲ ਕੀਤੀ।

Advertisement
Advertisement
Advertisement
Advertisement
Advertisement
error: Content is protected !!