ਜੁਝਾਰੂ ਕਿਸਾਨ ਕਾਫ਼ਲਿਆਂ ਨਾਲ ਕੀਤਾ ਇੱਕਮੁੱਠਤਾ ਦਾ ਪ੍ਰਗਟਾਵਾ
ਸੰਘਰਸ਼ ਦੀ ਧਾਰ ਨੂੰ ਵਿਚਾਰਾਂ ਦੀ ਸਾਣ’ਤੇ ਤੇਜ਼ ਕਰੋ’ ਦਹਿ ਹਜ਼ਾਰਾਂ ਦੀ ਗਿਣਤੀ ਵਿੱਚ ਲੀਫਲੈਟ ਵੰਡਿਆ
ਗੁਰਸੇਵਕ ਸਿੰਘ ਸਹੋਤਾ , ਦਿੱਲੀ 27 ਦਸੰਬਰ 2020
ਮਹੀਨੇ ਭਰ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਸੁਹਿਰਦ ਅਗਵਾਈ ਹੇਠ ਮੋਦੀ ਹਕੂਮਤ ਖਿਲਾਫ ਯੁੱਧ ਦਾ ਮੈਦਾਨ ਮੱਲੀ ਬੈਠੇ ਸੰਘਰਸ਼ੀ ਯੋਧਿਆਂ(ਅੰਨ ਦਾਤਿਆਂ) ਨਾਲ ਹਕੀਕੀ ਜੋਟੀ ਪਾਉਂਦਿਆਂ ਸਿੰਘੂ ਬਾਰਡਰ ਤੇ ਇਨਕਲਾਬੀ ਕੇਂਦਰ ਪੰਜਾਬ ਦੀ ਟੀਮ ਨੇ ਸ਼ਮੂਲੀਅਤ ਕੀਤੀ । ਨੌਜਵਾਨ ਕਿਸਾਨਾਂ ਦੇ ਨਾਂ’ ਸੰਘਰਸ਼ ਦੀ ਧਾਰ ਨੂੰ ਵਿਚਾਰਾਂ ਦੀ ਸਾਣ ਤੇ ਤੇਜ਼ ਕਰੋ’ ਜਮਾਤੀ ਸੰਘਰਸ਼ ਤੇਜ਼ ਕਰਨ ਦਾ ਸੁਨੇਹਾ ਦਿੰਦਾ ਹਜ਼ਾਰਾਂ ਦੀ ਗਿਣਤੀ ਵਿੱਚ ਲੀਫਲੈਟ ਵੰਡਿਆ ਅਤੇ ਬਹੁਤ ਸਾਰੇ ਥਾਵਾਂ ਤੇ ਨੁੱਕੜ ਮੀਟਿੰਗਾਂ ਰਾਹੀਂ ਸੰਵਾਦ ਵੀ ਰਚਾਇਆ।
ਪੰਜਾਬੀ, ਹਿੰਦੀ, ਅੰਗਰੇਜ਼ੀ ਵਿੱਚ ਸ਼ਹੀਦ ਭਗਤ ਸਿੰਘ ਦੀ ਫੋਟੋ ਰਾਹੀਂ ‘ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ ਰੱਦ ਕਰਨ ਦੇ ਨਾਹਰੇ ਲਿਖੇ ਗਲਾਂ ਵਿੱਚ ਫੈਲੈਕਸਾਂ ਖਿੱਚ ਦਾ ਕੇਂਦਰ ਬਣੇ ਰਹੇ। ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਸਾਂਝੇ ਕਿਸਾਨ ਨੇ ਮੁਲਕ ਪੱਧਰ ਤੇ ਪਸਾਰ ਕਰ ਲਿਆ ਹੈ। ਮੁਲਕ ਤੋਂ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਬਾਹਰਲੇ ਮੁਲਕਾਂ ਵਿੱਚ ਗਈ ਜਵਾਨੀ ਨੇ ਵੀ ਸੰਘਰਸ਼ਸ਼ੀ ਸਾਂਝ ਪਾ ਲਈ ਹੈ।
ਦੋਵੇਂ ਆਗੂਆਂ ਨੇ ਕਿਹਾ ਮੋਦੀ ਹਕੂਮਤ ਦਾ ਇਹ ਹੱਲਾ ਸਾਮਰਾਜੀ ਮੁਲਕਾਂ ਦੇ ਕਬਜ਼ੇ ਵਾਲੀ ਵਿਸ਼ਵ ਵਪਾਰ ਸੰਸਥਾ ਵੱਲੋ ਲਾਗੂ ਕੀਤੀਆਂ ਜਾ ਰਹੀਆਂ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਦਾ ਹਿੱਸਾ ਹੈ। 1990-91 ਤੋਂ ਸਾਮਰਾਜੀਆਂ ਦੇ ਦਲਾਲ ਭਾਰਤੀ ਹਾਕਮ ਇਨ੍ਹਾਂ ਨੀਤੀਆਂ ਉੱਪਰ ਮਖਮਲੀ ਮੁਲੰਮਾਂ ਚਾੜ੍ਹਕੇ ਲੁਟੇਰੀਆਂ ਦੇਸੀ ਬਦੇਸ਼ੀ ਬਹੁਕੌਮੀ ਕੰਪਨੀਆਂ ਦੀ ਸੇਵਾ ਵਿੱਚ ਲੱਗੀਆਂ ਹੋਈਆਂ ਹਨ। ਇਸ ਲਈ ਨੌਜਵਾਨ ਕਿਸਾਨਾਂ ਨੂੰ ਅੰਤਿਮ ਮੁਕਤੀ ਲਈ ਆਪਣਾ ਪ੍ਰੇਰਨਾ-ਸਰੋਤ ਸ਼ਹੀਦ ਭਗਤ ਸਿੰਘ ਨੂੰ ਮੰਨਦਿਆਂ ਲੁੱਟ ਜਬਰ ਤੇ ਦਾਬੇ ਤੋਂ ਮੁਕਤ ਸਮਾਜ ਸਿਰਜਣ ਲਈ ਚੱਲ ਰਹੀ ਜਮਾਤੀ ਜੱਦੋਜਹਿਦ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਸਮੇਂ ਮੁਖਤਿਆਰ ਪੂਹਲਾ,ਜਸਵੰਤ ਜੀਰਖ, ਰਮੇਸ਼ ਰਾਮਪੁਰਾ,ਨੌਜਵਾਨ ਆਗੂ ਹਰਸਾ ਸਿੰਘ, ਨਵਦੀਪ, ਮਹਿਕਦੀਪ,ਜਗਮੀਤ ਅਤੇ ਹਰਪ੍ਰੀਤ ਵੀ ਹਾਜ਼ਰ ਸਨ।