ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ, ਸਿਰਫ ਸੁਰੱਖਿਆ ਸਪਤਾਹ ਵੱਜੋਂ ਆਟੋਜ ਤੇ ਲਾਏ ਜਾਣਗੇ ਰਿਫਲੈਕਟਰ-ਐਸ.ਐਚ.ਉ
ਐਸ.ਐਚ.ਉ. ਸਿਟੀ 1 ਅਤੇ ਸਿਟੀ 2 ਨੇ ਕਿਹਾ, ਜਬਰਦਸਤੀ ਕੋਈ ਨਹੀਂ, ਦੁਕਾਨਦਾਰਾਂ ਨੂੰ ਬੇਨਤੀ ਕਰਕੇ 2 ਘੰਟਿਆਂ ਲਈ ਬਜਾਰ ਕਰਵਾਇਆ ਬੰਦ
ਹਰਿੰਦਰ ਨਿੱਕਾ , ਬਰਨਾਲਾ 27 ਦਸੰਬਰ 2020
ਸ਼ਹਿਰ ਦੇ ਪ੍ਰਮੁੱਖ ਸਦਰ ਬਜਾਰ ਦੀਆਂ ਦੁਕਾਨਾਂ ਪੁਲਿਸ ਵੱਲੋਂ ਇੱਕ ਦਮ ਬੰਦ ਕਰਵਾਉਣ ਦੇ ਫੁਰਮਾਨ ਨਾਲ ਵਪਾਰੀਆਂ ਵਿੱਚ ਇੱਕਦਮ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇੱਕ ਦੂਜੇ ਨੂੰ ਦੇਖਦਿਆਂ ਅਤੇ ਪੁਲਿਸ ਦੀ ਵੱਡੀ ਨਫਰੀ ਬਜਾਰ ਵਿੱਚ ਤਾਇਨਾਤ ਹੁੰਦਿਆਂ ਹੀ ਬਜਾਰ ਦੀਆਂ ਦੁਕਾਨਾਂ ਦੇ ਸ਼ਟਰ ਡਿੱਗਣੇ ਸ਼ੁਰੂ ਹੋ ਗਏ। ਲੋਕ ਮੀਡੀਆ ਕਰਮਚਾਰੀਆਂ ਨੂੰ ਬਜਾਰ ਬੰਦ ਹੋਣ ਦਾ ਕਾਰਣ ਜਾਣਨ ਲਈ ਫੋਨ ਦੀ ਘੰਟੀਆਂ ਖੜਕਾਉਣ ਲੱਗ ਪਏ। ਜਦੋਂ ਲੋਕਾਂ ਦੇ ਫੋਨ ਆਉਣ ਤੋਂ ਬਾਅਦ ਬਰਨਾਲਾ ਟੂਡੇ ਦੀ ਟੀਮ ਸਦਰ ਬਜਾਰ ਵਾਲੀ ਥਾਂ ਪਹੁੰਚੀ ਤਾਂ ਸਦਰ ਬਜਾਰ ਦੀਆਂ ਦੁਕਾਨਾਂ ਬੰਦ, ਲੋਕ ਦੇ ਚਿਹਰਿਆਂ ਤੇ ਦਹਿਸ਼ਤ ਸਾਫ ਨਜਰ ਆਈ। ਨਹਿਰੂ ਦੇ ਬੁੱਤ ਕੋਲ ਬਜਾਰ ਵਾਲੀ ਸਾਈਡ ਇੱਕ ਤੋਂ ਬਾਅਦ ਇੱਕ ਇੱਕ ਕਰਕੇ ਵੰਡੀ ਗਿਣਤੀ ਵਿੱਚ ਆਟੋਰਿਕਸ਼ਾ ਲਾਈਨ ਬਣਾਈ ਖੜ੍ਹੇ ਸਨ। ਪੁਲਿਸ ਵਾਲਿਆਂ ਤੋਂ ਪੁੱਛਣ ਤੇ ਮਾਮਲਾ ਸਾਫ ਹੋ ਗਿਆ ਕਿ ਪੁਲਿਸ ਮੁਖੀ ਸੰਦੀਪ ਗੋਇਲ ਦੀ ਅਗਵਾਈ ਵਿੱਚ ਸਦਰ ਬਜਾਰ ਦੀ ਥਾਂ ਸੁਰੱਖਿਆ ਦਿਵਸ ਮਨਾਇਆ ਜਾਣਾ ਹੈ। ਇਸ ਮੌਕੇ ਜਿੱਥੇ ਲੋਕਾਂ ਨੂੰ ਹਾਦਸਿਆਂ ਤੋਂ ਬਚਾਅ ਦੇ ਢੰਗਾਂ ਬਾਰੇ ਐਸਐਸਪੀ ਗੋਇਲ ਚਾਣਨਾ ਪਾਉਣਗੇ, ਉੱਥੇ ਹੀ ਆਟੋਰਿਕਸ਼ਾ ਵਾਲਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਤੋਂ ਇਲਾਵਾ ਰਿਫਲੈਕਟਰ ਵੀ ਲਾਏ ਜਾਣਗੇ।
ਬਜਾਰ ਬੰਦ ਕਰਵਾਉਣ ਸਬੰਧੀ ਇਤਰਾਜ ਜਤਾ ਰਹੇ ਦੁਕਾਨਦਾਰਾਂ ਦੀ ਦਲੀਲ ਸੀ ਕਿ ਜੇਕਰ ਪੁਲਿਸ ਨੇ ਆਟੋਰਿਕਸ਼ਾ ਤੇ ਰਿਫਲੈਕਟਰ ਹੀ ਲਾਉਣੇ ਸਨ ਤਾਂ ਸਦਰ ਬਜਾਰ ਦੀ ਬਜਾਏ, ਦਾਣਾ ਮੰਡੀ ਜਾਂ ਬਜਾਰ ਤੋਂ ਦੂਰ ਕੋਈ ਹੋਰ ਯੋਗ ਜਗ੍ਹਾ ਦੀ ਚੋਣ ਕਰਨੀ ਬਣਦੀ ਸੀ। ਇਸ ਤਰਾਂ ਕਰਨ ਨਾਲ ਜਿੱਥੇ ਦੁਕਾਨਦਾਰਾਂ ਅਤੇ ਬਜਾਰ ਵਿੱਚ ਆਉਣ ਵਾਲੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੁੰਦੀ ਅਤੇ ਪੁਲਿਸ ਦਾ ਪ੍ਰੋਗਰਾਮ ਵੀ ਚੰਗੀ ਤਰਾਂ ਨਾਲ ਨੇਪਰੇ ਚੜ੍ਹ ਜਾਂਦਾ। ਇਸ ਮੌਕੇ ਭਾਜਪਾ ਯੂਥ ਵਿੰਗ ਦੇ ਸੂਬਾਈ ਆਗੂ ਨੀਰਜ ਜਿੰਦਲ ਨੇ ਕਿਹਾ ਕਿ ਪੁਲਿਸ ਨੂੰ 4 ਵਜੇ ਦੁਕਾਨਾਂ ਬੰਦ ਕਰਵਾਉਣ ਦੀ ਬਜਾਏ, ਚਾਹੀਂਦਾ ਤਾਂ ਇਹ ਸੀ ਕਿ ਸਵੇਰੇ ਹੀ ਬਾਅਦ ਦੁਪਿਹਰ 4 ਵਜੇ ਸਦਰ ਬਜਾਰ ਬੰਦ ਕਰਨ ਦੀ ਮੁਨਾਦੀ ਕਰਵਾ ਦੇਣੀ ਚਾਹੀਂਦੀ ਸੀ।
ਉਨਾਂ ਕਿਹਾ ਕਿ ਬਜਾਰ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕਰਨ ਅਤੇ ਦੁਕਾਨਾਂ ਤੁਰੰਤ ਬੰਦ ਕਰਨ ਲਈ ਕਹਿਣ ਨਾਲ ਦੁਕਾਨਦਾਰ ਸਹਿਮ ਗਏ। ਦੁਕਾਨਦਾਰਾਂ ਵਿੱਚ ਇਸ ਤਰਾਂ ਦੀ ਅਫਵਾਹ ਫੈਲ ਗਈ ਕਿ ਸ਼ਾਇਦ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਤੇ ਕੋਈ ਟਕਰਾਅ ਵਾਲੀ ਹਾਲਤ ਬਣਨ ਤੋਂ ਬਾਅਦ ਹੀ ਅਜਿਹਾ ਕਦਮ ਪ੍ਰਸ਼ਾਸ਼ਨ ਨੇ ਚੁੱਕਿਆ ਹੋਵੇਗਾ। ਉਨਾਂ ਕਿਹਾ ਕਿ ਆਟੋਰਿਕਸ਼ਾ ਵਾਲਿਆਂ ਨੂੰ ਜਾਗਰੂਕ ਕਰਨਾ ਅਤੇ ਪੁਲਿਸ ਵੱਲੋਂ ਰਿਫਲੈਕਟਰ ਲਾਏ ਜਾਣ ਲਈ ਐਸਐਸਪੀ ਸੰਦੀਪ ਗੋਇਲ ਦੇ ਯਤਨਾਂ ਦੀ ਉਹ ਅਤੇ ਹੋਰ ਵਪਾਰੀ ਸਰਾਹਣਾ ਹੀ ਕਰਦੇ ਹਨ।
ਐਸਐਚਉ ਲਖਵਿੰਦਰ ਸਿੰਘ ਅਤੇ ਐਸਐਚਉ ਗੁਰਮੇਲ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਪੁਲਿਸ ਗਲਤ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਵੇਗੀ। ਉਨਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਫੈਲਾਉਣ ਵਾਲਿਆਂ ਦੀ ਜਾਣਕਾਰੀ ਪੁਲਿਸ ਨੂੰ ਦੇਣ, ਤਾਂਕਿ ਉਚਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।