ਜਲਾਲਾਬਾਦ ਬਾਰ ਐਸੋਸੀਏਸ਼ਨ ਦਾ ਮੈਂਬਰ ਸੀ, ਸੀਨੀਅਰ ਐਡਵੋਕੇਟ ਅਮਰਜੀਤ ਰਾਏ
ਵਕੀਲ ਨੇ ਸੁਸਾਈਡ ਨੋਟ ਦੇ ਸ਼ੁਰੂ ‘ਚ ਕਿਹਾ,ਲੈਟਰ ਟੂ ਮੋਦੀ, ਦ ਡਿਕਟੇਟਰ
ਬੀ.ਟੀ.ਐਨ. , ਟਿੱਕਰੀ ਬਾਰਡਰ ਦਿੱਲੀ 27 ਦਸੰਬਰ 2020
ਕੇਂਦਰ ਸਰਕਾਰ ਵੱਲੋਂ ਲਾਗੂ ਖੇਤੀ ਅਤੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ’ਚ ਸ਼ਾਮਲ ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਸੀਨੀਅਰ ਵਕੀਲ ਅਮਰਜੀਤ ਸਿੰਘ ਰਾਏ ਨੇ ਪ੍ਰਧਾਨਮੰਤਰੀ ਮੋਦੀ ਨੂੰ ਡਿਕਟੇਟਰ ਕਹਿ ਕੇ ਸੰਬੰਧਿਤ ਕਰਕੇ ਸੁਸਾਈਡ ਨੋਟ ਲਿਖ ਕੇ ਟਿਕਰੀ ਬਾਰਡਰ ਤੇ ਕੋਈ ਜਹਿਰੀਲੀ ਦਵਾਈ ਖਾ ਲਈ। ਐਡਵੋਕੇਟ ਅਮਰਜੀਤ ਸਿੰਘ ਰਾਏ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਰੋਹਤਕ ਪੀ.ਜੀ.ਆਈ. ਵਿਖੇ ਦਾਖ਼ਿਲ ਕਰਵਾਇਆ ਗਿਆ। ਪਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਐਡਵੋਕੇਟ ਅਮਰਜੀਤ ਸਿੰਘ ਰਾਏ ਨੇ ਆਪਣੇ ਸੁਸਾਇਡ ਨੋਟ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਨਾ ਕੀਤੇ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੂਰੀ ਤਰ੍ਹਾਂ ਜਿੰਮੇਵਾਰ ਲਿਖਿਆ ਹੈ। ਉਸ ਨੇ ਖੁਦਕੁਸ਼ੀ ਨੋਟ ਵਿੱੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਹੋਰਾ ਦਿੰਦਿਆਂ ਕਿਹ ਕਿ ਤੈਨੂੰ ਦੇਸ਼ ਦੇ ਲੋਕਾਂ ਨੇ ਬੜੀਆਂ ਉਮੀਦਾਂ ਨਾਲ ਜਿਤਾਇਆ ਸੀ। ਪਰ ਤੂੰ ਤਾਂ ਸਿਰਫ਼ ਅਡਾਨੀ ਅੰੰਬਾਨੀਆਂ ਦਾ ਹੀ ਬਣ ਕੇ ਰਹਿ ਗਿਆ,ਇਹ ਬਹੁਤ ਹੀ ਖਤਰਨਾਕ ਹੈ।
ਵਰਨਣਯੋਗ ਹੈ ਕਿ ਐਡਵੋਕੇਟ ਅਮਰਜੀਤ ਸਿੰਘ ਰਾਏ ਪਿਛਲੇ ਕਰੀਬ ਇਕ ਹਫਤੇ ਤੋਂ ਦਿੱਲੀ ਦੇ ਟਿਕਰੀ ਬਾਰਡਰ ‘ਤੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਸ਼ੁਰੂ ਮੋਰਚੇ ‘ਚ ਸ਼ਾਮਿਲ ਸੀ। ਆਖਿਰਕਾਰ ਉਸਨੇ ਅੱਜ ਸੁਸਾਈਡ ਨੋਟ ਲਿਖ ਕੇ ਸਲਫਾਸ ਖਾ ਲਈ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਨਾਲ ਗਏ ਆਪਣੇ ਮੁੰਸ਼ੀ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਕਿਸਾਨੀ ਅੰਦੋਲਨ ਲਈ ਲੜਦਿਆਂ ਮੋਦੀ ਸਰਕਾਰ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਖਾ ਲਈ ਹੈ ਅਤੇ ਉਹ ਲੰਗਰ ਵਾਲੀ ਜਗ੍ਹਾ ਦੇ ਨੇੜੇ ਪਰਾਲੀ ਤੇ ਲਿਟਿਆ ਹੋਇਆ ਹੈ । ਇਹ ਸੁਣਦਿਆਂ ਜਦੋਂ ਵਕੀਲ ਦੇ ਮੁੰਸ਼ੀ ਰਾਮ ਜੀਤ ਨੇ ਜਾ ਕੇ ਆਪਣੇ ਵਕੀਲ ਅਮਰਜੀਤ ਰਾਏ ਨੂੰ ਸੰਭਾਲਿਆ ਅਤੇ ਕਿਸਾਨ ਆਗੂਆਂ ਨੂੰ ਸੂਚਿਤ ਕੀਤਾ । ਜਿਸ ਨੂੰ ਤੁਰੰਤ ਹੀ ਨੇੜਲੇ ਹਸਪਤਾਲ ਬਹਾਦਰਗਡ਼੍ਹ ਵਿਖੇ ਦਾਖਿਲ ਕਰਾਉਣ ਦੀ ਕੋਸ਼ਿਸ਼ ਕੀਤੀ । ਪ੍ਰੰਤੂ ਬਹਾਦਰਗਡ਼੍ਹ ਹਸਪਤਾਲ ਦੇ ਡਾਕਟਰਾਂ ਵੱਲੋਂ ਵਕੀਲ ਦੀ ਹਾਲਤ ਅਤਿ ਗੰਭੀਰ ਹੁੰਦੇ ਵੇਖਦਿਆਂ ਉਸ ਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ। ਜਿੱਥੇ ਪਹੁੰਚਦਿਆਂ ਹੀ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉੱਧਰ ਬਾਰ ਐਸੋਸੀਏਸ਼ਨ ਜਲਾਲਾਬਾਦ ਵਲੋਂ ਆਪਣੇ ਮੈਂਬਰ ਅਤੇ ਸੀਨੀਅਰ ਐਡਵੋਕੇਟ ਅਮਰਜੀਤ ਸਿੰਘ ਰਾਏ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਹੈ।