ਆਈ.ਜੀ. ਔਲਖ ਦੇ ਦਖਲ ਬਾਅਦ ਹੀ ਬਰਨਾਲਾ ਪੁਲਿਸ ਨੇ 1 ਸਾਲ 3 ਮਹੀਨੇ 18 ਦਿਨ ਬਾਅਦ ਕੇਸ ਕੀਤਾ ਦਰਜ
ਆਈ.ਜੀ. ਔਲਖ ਨੇ ਬਰਨਾਲਾ ਪੁਲਿਸ ਦੀ ਬਜਾਏ ਐਸ.ਪੀ. ਟ੍ਰੈਫਿਕ ਪਟਿਆਲਾ ਤੋਂ ਕਰਵਾਈ ਪੜਤਾਲ
ਐਸ.ਪੀ. ਚੀਮਾ ਨੇ ਨਿਤਾਰਿਆ ਦੁੱਧੋਂ ਪਾਣੀ,,ਪੁਰਾਣੇ ਕੇਸ ਦੀ ਮੁਦਈ ਧਿਰ ਦੇ 5 ਵਿਅਕਤੀ ਨੂੰ ਬਣਾਇਆ ਦੋਸ਼ੀ
ਹਰਿੰਦਰ ਨਿੱਕਾ , ਬਰਨਾਲਾ 27 ਦਸੰਬਰ 2020
ਦੇਰ ਹੈ, ਅੰਧੇਰ ਨਹੀਂ, ਇਹ ਚਿਰਾਂ ਪੁਰਾਣੀ ਕਹਾਵਤ ਪੁਲਿਸ ਮਹਿਕਮੇ ਦੀ ਕਾਰਜਸ਼ੈਲੀ ਤੇ ਵੀ ਪੂਰੀ ਤਰਾਂ ਢੁੱਕਦੀ ਹੈ। ਥਾਣਾ ਸਦਰ ਬਰਨਾਲਾ ਦੇ ਪਿੰਡ ਠੀਕਰੀਵਾਲਾ ਦੇ ਵਾਸੀ ਮੰਦਰ ਸਿੰਘ ਦੀ ਸ਼ਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਪਟਿਆਲਾ ਰੇਂਜ ਦੇ ਆਈ.ਜੀ. ਜਤਿੰਦਰ ਸਿੰਘ ਔਲਖ ਨੇ ਪੜਤਾਲ ਲਈ ਪਟਿਆਲਾ ਦੇ ਐਸ.ਪੀ. ਟ੍ਰੈਫਿਕ ਪਲਵਿੰਦਰ ਸਿੰਘ ਚੀਮਾ ਨੂੰ ਸੌਂਪਿਆ। ਜਿਨ੍ਹਾਂ ਸ਼ਕਾਇਤਕਰਤਾ ਧਿਰ ਵੱਲੋਂ ਪੇਸ਼ ਕੀਤੇ ਠੋਸ ਤੱਥਾਂ ਨੂੰ ਗਹਿਰਾਈ ਨਾਲ ਵਾਚਿਆ ਅਤੇ ਥਾਣਾ ਸਦਰ ਦੇ ਮੁਕਦਮਾਂ ਨੰਬਰ 155/2019 ਦੇ ਮੁਦਈ ਅਤੇ ਗਵਾਹਾਂ ਨੂੰ ਮੁਲਜਿਮ ਬਣਾ ਦਿੱਤਾ। ਜੀ ਹਾਂ, ਐਸ.ਪੀ. ਚੀਮਾ ਦੀ ਕੇਸ ਦਰਜ਼ ਕਰਨ ਦੀ ਸਿਫਾਰਿਸ਼ ਦੇ ਅਧਾਰ ਤੇ ਪੁਲਿਸ ਨੇ ਪੁਰਾਣੇ ਕੇਸ ਦੇ ਮੁਦਈ ਅਤੇ ਗਵਾਹਾਂ ਦੇ ਖਿਲਾਫ ਕੇਸ ਦਰਜ਼ ਕਰ ਦਿੱਤਾ ਹੈ।
ਫਲੈਸ਼ਬੈਕ-ਕਦੋਂ ਕੀ ਹੋਇਆ ,,,
ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਵਾਸੀ ਜਸਵੀਰ ਸਿੰਘ ਪੁੱਤਰ ਈਸ਼ਰ ਸਿੰਘ ਦੇ ਬਿਆਨ ਦੇ ਅਧਾਰ ਪਰ ਥਾਣਾ ਸਦਰ ਬਰਨਾਲਾ ਦੀ ਪੁਲਿਸ ਨੇ ਐਫ.ਆਈ.ਆਰ. ਨੰਬਰ-155 ਮਿਤੀ 7/9/2019 ਨੂੰ ਮੰਦਰ ਸਿੰਘ ਅਤੇ ਉਸ ਦੇ ਬੇਟੇ ਜਗਸੀਰ ਸਿੰਘ ਵਾਸੀ ਠੀਕਰੀਵਾਲਾ ਦੇ ਖਿਲਾਫ ਅਧੀਨ ਜੁਰਮ 451/323/506/34 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਕਤ ਕੇਸ ਦੇ ਮੁਦਈ ਜਸਵੀਰ ਸਿੰਘ ਨੇ ਆਪਣੇ ਬਿਆਨ ਵਿੱਚ ਪੁਲਿਸ ਨੂੰ ਲਿਖਾਇਆ ਸੀ ਕਿ ਉਹ 5 ਜੁਲਾਈ 2019 ਦੀ ਸ਼ਾਮ ਦੇ ਸਮੇਂ ਆਪਣੀ ਟੇਲਰਿੰਗ ਦੀ ਦੁਕਾਨ ਤੇ ਮੌਜੂਦ ਸੀ, ਉਸ ਪਾਸ ਕੌਰ ਸਿੰਘ ਵੀ ਬੈਠਾ ਸੀ। ਇਸ ਦੌਰਾਨ ਮੰਦਰ ਸਿੰਘ ਅਤੇ ਉਸਦੇ ਬੇਟੇ ਜਗਸੀਰ ਸਿੰਘ ਨੇ ਹਮਲਾ ਕਰਕੇ ਮਾਰਕੁੱਟ ਕਰਕੇ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਸੀ। ਜਸਵੀਰ ਸਿੰਘ ਨੂੰ ਉਸਦੇ ਮੌਕੇ ਤੇ ਪਹੁੰਚੇ ਪੁੱਤਰ ਮਸਦੀਪ ਸਿੰਘ ਨੇ ਇਲਾਜ ਲਈ ਸਿਵਲ ਹਸਪਤਾਲ ਦਾਖਿਲ ਕਰਵਾਇਆ ਸੀ। ਹਸਪਤਾਲ ਤੋਂ ਮਿਲੇ ਰੁੱਕੇ ਦੇ ਅਧਾਰ ਦੇ ਪਹੁੰਚੇ ਪੁਲਿਸ ਨੇ ਜਸਵੀਰ ਸਿੰਘ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਮੰਦਰ ਸਿੰਘ ਅਤੇ ਉਸ ਦੇ ਬੇਟੇ ਜਗਸੀਰ ਸਿੰਘ ਦੇ ਖਿਲਾਫ ਕੇਸ ਦਰਜ਼ ਹੋਇਆ।
ਕੇਸ ਦਰਜ ਹੋਣ ਤੋਂ ਬਾਅਦ ਵੀ ਪੀੜਤ ਧਿਰ ਮੰਦਰ ਸਿੰਘ ਵੀ ਚੁੱਪ ਕਰਕੇ ਘਰ ਨਹੀਂ ਬੈਠਿਆ। ਘਟਨਾ ਦਾ ਸੱਚ ਸਾਹਮਣੇ ਲਿਆਉਣ ਲਈ ਬਰਨਾਲਾ ਦੇ ਕਈ ਅਫਸਰਾਂ ਨੂੰ ਮਿਲਿਆ, ਪਰੰਤੂ ਨਿਰਾਸ਼ਾ ਤੋਂ ਸਿਵਾਏ ਕੁੱਝ ਵੀ ਹਾਸਿਲ ਨਹੀਂ ਹੋਇਆ। ਆਖਿਰ ਮੰਦਰ ਸਿੰਘ ਨੇ ਆਈ.ਜੀ. ਰੇਂਜ ਜਤਿੰਦਰ ਸਿੰਘ ਔਲਖ ਨੂੰ 21/8/2020 ਨੂੰ ਇੱਕ ਦੁਰਖਾਸਤ ਨੰਬਰੀ 14895 ਉੱਚ ਪੱਧਰੀ ਪੜਤਾਲ, ਜਿਲ੍ਹਾ ਬਦਲ ਕੇ ਕਰਵਾਉਣ ਲਈ ਪੇਸ਼ ਕੀਤੀ। ਆਈ.ਜੀ.ਔਲਖ ਨੇ ਸ਼ਕਾਇਤਕਰਤਾ ਵੱਲੋਂ ਦੱਸੀ ਕਹਾਣੀ ਅਤੇ ਤੱਥਾਂ ਨੂੰ ਗੰਭੀਰਤਾ ਨਾਲ ਲੈਂਦਿਆ, ਸ਼ਕਾਇਤ ਦੀ ਪੜਤਾਲ ਐਸ.ਪੀ. ਟ੍ਰੈਫਿਕ ਪਟਿਆਲਾ ਨੂੰ ਗਹਿਰਾਈ ਨਾਲ ਪੜਤਾਲ ਕਰਨ ਲਈ ਦੇ ਦਿੱਤੀ। ਦੌਰਾਨ ਏ ਪੜਤਾਲ ਮੰਦਰ ਸਿੰਘ ਨੇ ਪੜਤਾਲੀਆ ਅਫਸਰ ਐਸ.ਪੀ. ਟ੍ਰੈਫਿਕ ਪਟਿਆਲਾ ਅੱਗੇ ਦੋਸ਼ੀ ਧਿਰ ਵੱਲੋਂ ਉਨਾਂ ਦੀ ਕੀਤੀ ਕੁੱਟਮਾਰ ਦੀ ਇੱਕ ਵੀਡੀਉ ਅਤੇ ਕੁਝ ਗਵਾਹ ਵੀ ਪੇਸ਼ ਕੀਤੇ। ਮੰਦਰ ਸਿੰਘ ਨੇ ਦੱਸਿਆ ਕਿ ਉਨਾਂ ਖਿਲਾਫ ਦਰਜ ਮੁਕੱਦਮਾਂ ਨੰਬਰ 155/2019 ਝੂਠਾ ਦਰਜ ਕੀਤਾ ਗਿਆ ਹੈ, ਤਾਂਕਿ ਦੋਸ਼ੀ ਧਿਰ ਖੁਦ ਦੇ ਖਿਲਾਫ ਹੋਣ ਵਾਲੀ ਕਾਨੂੰਨੀ ਕਾਰਵਾਈ ਤੋਂ ਬੱਚ ਸਕਣ।
ਮੰਦਰ ਸਿੰਘ ਅਨੁਸਾਰ ਸੱਚ ਇਹ ਸੀ ਕਿ ਕੇਸ ਨੰਬਰ 155 ਦਾ ਮੁਦਈ ਜਸਵੀਰ ਸਿੰਘ,ਗਗਨਦੀਪ ਸਿੰਘ , ਮਸਦੀਪ ਸਿੰਘ, ਮਨਦੀਪ ਸਿੰਘ ਪੁੱਤਰਾਨ ਜਸਵੀਰ ਸਿੰਘ ਅਤੇ ਕੌਰ ਸਿੰਘ ਪੁੱਤਰ ਲਾਭ ਸਿੰਘ ਨੇ ਉਸ ਦੇ ਘਰ ਅੰਦਰ ਵੜ ਕੇ ਗਾਲੀ ਗਲੋਚ ਕੀਤਾ ਸੀ ਅਤੇ ਘਰ ਦੀ ਭੰਨਤੋੜ ਵੀ ਕੀਤੀ ਸੀ। ਇਨਾਂ ਹੀ ਨਹੀਂ ਨਾਮਜਦ ਦੋਸ਼ੀ ਉਸ ਦੇ ਘਰ ਅੰਦਰੋਂ ਨਗਦ ਰਾਸ਼ੀ ਅਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ ਸਨ। ਇਹ ਘਟਨਾ ਤੋਂ ਬਾਅਦ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਜਸਵੀਰ ਸਿੰਘ ਖੁਦ ਦੇ ਸੱਟਾਂ ਮਾਰ ਕੇ ਹਸਪਤਾਲ ਦਾਖਿਲ ਹੋ ਗਿਆ ਅਤੇ ਉਸ ਦੇ ਅਤੇ ਉਸ ਦੇ ਬੇਟੇ ਖਿਲਾਫ ਝੂਠਾ ਕੇਸ ਦਰਜ ਕਰਵਾ ਦਿੱਤਾ ਗਿਆ ਅਤੇ ਫਿਰ ਵੀ ਉਹ ਉਸ ਨੂੰ ਜਾਨੋ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਸਨ।
ਪਟਿਆਲਾ ਦੇ ਐਸ.ਪੀ. ਚੀਮਾ ਨੇ ਨਿਤਾਰਿਆ ਦੁੱਧੋਂ ਪਾਣੀ,,
ਪੜਤਾਲੀਆ ਅਫਸਰ ਐਸ.ਪੀ. ਟ੍ਰੈਫਿਕ ਪਟਿਆਲਾ ਪਲਵਿੰਦਰ ਸਿੰਘ ਚੀਮਾ ਨੇ ਗਹਿਰਾਈ ਨਾਲ ਕੀਤੀ ਪੜਤਾਲ ਅਤੇ ਪੜਤਾਲ ਦੌਰਾਨ ਪੇਸ਼ ਕੀਤੀ ਵੀਡੀਉ ਅਤੇ ਗਵਾਹਾਂ ਦੇ ਬਿਆਨ ਅਤੇ ਤੱਥਾਂ ਨੂੰ ਗਹੁ ਨਾਲ ਵਾਚਿਆ। ਉਨਾਂ ਆਪਣੀ ਸਿੱਟਾ ਰਿਪੋਰਟ ਵਿੱਚ ਲਿਖਿਆ ਕਿ ਮੁਕਦਮਾਂ ਨੰਬਰ 155/2019 ਦੇ ਮੁਦਈ ਜਸਵੀਰ ਨੇ ਆਪਣੇ ਬੇਟਿਆਂ ਨਾਲ ਮੰਦਰ ਸਿੰਘ ਅਤੇ ਉਸਦੇ ਪਰਿਵਾਰ ਦੀ ਕੁੱਟਮਾਰ ਕੀਤੀ ਹੈ। ਜਿਸ ਦਾ ਪੁਖਤਾ ਸਬੂਤ ਮੰਦਰ ਸਿੰਘ ਵੱਲੋਂ ਪੇਸ਼ ਕੀਤੀ ਕੁੱਟਮਾਰ ਦੀ ਵੀਡੀਉ ਵੀ ਹੈ। ਐਸ.ਪੀ. ਟ੍ਰੈਫਿਕ ਚੀਮਾ ਨੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਨ ਦੀ ਸਿਫਾਰਿਸ਼ ਆਈ.ਜੀ. ਸਾਬ੍ਹ ਨੂੰ ਕਰ ਦਿੱਤੀ ਸੀ। ਆਈ.ਜੀ. ਔਲਖ ਨੇ ਐਸ.ਪੀ. ਚੀਮਾ ਦੀ ਸਿਫਾਰਿਸ਼ ਤੇ ਕੇਸ ਦਰਜ਼ ਕਰਨ ਲਈ ਐਸਐਸਪੀ ਬਰਨਾਲਾ ਨੂੰ ਭੇਜ ਦਿੱਤੀ। ਐਸਐਸਪੀ ਬਰਨਾਲਾ ਸੰਦੀਪ ਗੋਇਲ ਨੇ ਐਸ.ਪੀ. ਦੀ ਕੇਸ ਦਰਜ ਕਰਨ ਦੀ ਸਿਫਾਰਿਸ਼ ਅਤੇ ਸਿੱਟਾ ਰਿਪੋਰਟ ਯੋਗ ਕਾਰਵਾਈ ਲਈ ਮੁੱਖ ਅਫਸਰ ਥਾਣਾ ਬਰਨਾਲਾ ਨੂੰ ਦੁਰਖਾਸਤ ਸਮੇਤ ਭੇਜ ਦਿੱਤੀ।
ਮੁਦਈ ਤੇ ਗਵਾਹ ਹੁਣ ਨਵੇਂ ਕੇਸ ਵਿੱਚ ਬਣ ਗਏ ਦੋਸ਼ੀ,,
ਥਾਣਾ ਸਦਰ ਬਰਨਾਲਾ ਦੇ ਐਸ.ਐਚ.ਉ. ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਐਸ.ਪੀ. ਟ੍ਰੈਫਿਕ ਪਟਿਆਲਾ ਦੀ ਸਿੱਟਾ ਰਿਪੋਰਟ ‘ਚ ਕੇਸ ਦਰਜ ਕਰਨ ਦੀ ਕੀਤੀ ਸਿਫਾਰਿਸ਼ ਅਨੁਸਾਰ ਕੇਸ ਨੰਬਰ 155/2019 ਦੇ ਮੁਦਈ ਜਸਵੀਰ ਸਿੰਘ ,ਉਸਦੇ ਬੇਟਿਆਂ ਗਗਨਦੀਪ ਸਿੰਘ, ਮਸਦੀਪ ਸਿੰਘ, ਮਨਦੀਪ ਸਿੰਘ ਅਤੇ ਗਵਾਹ ਕੌਰ ਸਿੰਘ ਸਾਰੇ ਵਾਸੀਆਨ ਠੀਕਰੀਵਾਲਾ ਦੇ ਖਿਲਾਫ ਅਧੀਨ ਜੁਰਮ 342/427/506/34 ਆਈ.ਪੀ.ਸੀ. ਦੇ ਤਹਿਤ ਥਾਣਾ ਸਦਰ ਵਿਖੇ ਕੇਸ ਦਰਜ ਕਰ ਲਿਆ ਹੈ। ਨਾਮਜਦ ਦੋਸ਼ੀਆਂ ਦੀ ਹਸਬ ਜਾਬਤਾ ਗਿਰਫਤਾਰੀ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮਾਮਲੇ ਦੀ ਤਫਤੀਸ਼ ਏ.ਐਸ.ਆਈ. ਗੁਰਨਾਮ ਸਿੰਘ ਨੂੰ ਸੌਂਪ ਦਿੱਤੀ ਹੈ।