ਥਾਣਾ ਧਨੌਲਾ ਦੀ ਪੁਲਿਸ ਨੇ ਕੀਤਾ ਕੇਸ ਦਰਜ਼, ਦੋਸ਼ੀ ਹਾਲੇ ਪੁਲਿਸ ਪਕੜ ਤੋਂ ਬਾਹਰ
ਹਰਿੰਦਰ ਨਿੱਕਾ , ਬਰਨਾਲਾ 26 ਦਸੰਬਰ 2020
ਕੇਂਦਰ ਸਰਕਾਰ ਵੱਲੋਂ ਲਾਗੂ ਤਿੰਨ ਖੇਤੀ ਵਿਰੋਧੀ ਕਾਨੂੰਨਾ ਖਿਲਾਫ ਵੱਖ ਵੱਖ ਕਿਸਾਨ ਯੂਨੀਅਨਾਂ ਦੀ ਅਗਵਾਈ ‘ਚ ਜਾਰੀ ਧਰਨਿਆਂ ਵਿੱਚ ਸ਼ਾਮਿਲ ਔਰਤਾਂ ਬਾਰੇ ਫੇਸਬੁੱਕ ਤੇ ਅਸ਼ਲੀਲ ਟਿੱਪਣੀਆਂ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਹਰਦੀਪ ਸਿੰਘ ਵਾਸੀ ਭੱਠਲਾਂ ਰੋਡ ਧਨੌਲਾ ਦੀ ਸ਼ਕਾਇਤ ਤੇ ਦੋਸ਼ੀ ਲਵਲੀਨ ਸ਼ਰਮਾ ਵਾਸੀ ਧਨੌਲਾ ਦੇ ਖਿਲਾਫ ਗੰਭੀਰ ਅਪਰਾਧਿਕ ਜੁਰਮ ਤਹਿਤ ਕੇਸ ਦਰਜ ਕਰਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕਿਸਾਨ ਆਗੂ ਹਰਦੀਪ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਭੱਠਲਾਂ ਰੋਡ ਧਨੌਲਾ ਨੇ ਦੱਸਿਆ ਕਿ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੁੱਧ ਵੱਖ ਵੱਖ ਥਾਵਾਂ ਤੇ ਧਰਨੇ ਮੁਜਾਹਿਰੇ ਚੱਲ ਰਹੇ ਹਨ। ਇੱਨ੍ਹਾਂ ਧਰਨੇ ਮੁਜਾਹਰਿਆਂ ਵਿੱਚ ਵੱਡੀ ਗਿਣਤੀ ਵਿੱਚ ਸੰਘਰਸ਼ਸ਼ੀਲ ਔਰਤਾਂ ਵੀ ਸ਼ਾਮਿਲ ਹੁੰਦੀਆਂ ਹਨ। ਦੋਸ਼ੀ ਲਵਲੀਨ ਸ਼ਰਮਾ ਨੇ ਆਪਣੀ ਫੇਸਬੁੱਕ ਆਈ.ਡੀ. ਲਵਲੀਨ ਸ਼ਰਮਾ ਭਾਰਦਵਾਜ ਪਰ ਰੋਸ ਮੁਜਾਹਰਿਆਂ ਵਿੱਚ ਸ਼ਾਮਿਲ ਔਰਤਾਂ ਬਾਰੇ ਅਸ਼ਲੀਲ ਅਤੇ ਭੱਦੀ ਸ਼ਬਦਾਂਵਾਲੀ ਲਿਖ ਕੇ ਸੰਘਰਸ਼ਸ਼ੀਲ ਔਰਤਾਂ ਦੀ ਸ਼ਰਮ ਲੱਜਿਆ ਭੰਗ ਕੀਤੀ ਹੈ। ਫੇਸਬੁੱਕ ਤੇ ਅਜਿਹੀਆਂ ਭੱਦੀਆਂ ਗੱਲਾਂ ਲਿਖਣ ਵਾਲੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਹਰਦੀਪ ਸਿੰਘ ਦੀ ਸ਼ਕਾਇਤ ਦੇ ਅਧਾਰ ਤੇ ਲਵਲੀਨ ਕੁਮਾਰ ਪੁੱਤਰ ਸਰੂਪ ਚੰਦ ਨਿਵਾਸੀ ਧਨੌਲਾ ਖਿਲਾਫ ਅਧੀਨ ਜੁਰਮ 354 ਏ/509 ਆਈ.ਪੀ.ਸੀ. ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ ਕਰਕੇ ਮਾਮਲੇ ਦੀ ਤਫਤੀਸ਼ ਥਾਣੇ ਦੇ ਐਸ.ਐਚ.ਉ ਕੁਲਦੀਪ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਜਲਦ ਹੀ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਡੀਐਸਪੀ ਟਿਵਾਣਾ ਨੇ ਸ਼ਰਾਰਤੀ ਕਿਸਮ ਦੇ ਵਿਅਕਤੀਆਂ ਨੂੰ ਚਿਤਾਵਨੀ ਦਿੱਤੀ ਕਿ ਸ਼ੋਸ਼ਲ ਮੀਡੀਆ ਤੇ ਅਜਿਹੀਆਂ ਗਲਤ ਟਿੱਪਣੀਆਂ ਕਰਨ ਵਾਲਿਆਂ ਨੂੰ ਕਦਾਚਿਤ ਬਖਸ਼ਿਆ ਨਹੀਂ ਜਾਵੇਗਾ।
ਦੋਸ਼ ਸਾਬਿਤ ਹੋਣ ਤੇ 3 ਸਾਲ ਦੀ ਸਜਾ,,
ਪ੍ਰਸਿੱਧ ਫੌਜਦਾਰੀ ਵਕੀਲ , ਐਡਵੋਕੇਟ ਕੁਲਵੰਤ ਰਾਏ ਗੋਇਲ ਨੇ ਦੱਸਿਆ ਕਿ ਜੁਰਮ 354 ਏ ਅਤੇ 509 ਆਈ.ਪੀ.ਸੀ. ਦੇ ਤਹਿਤ ਦੋਸ਼ ਸਾਬਿਤ ਹੋਣ ਤੇ ਦੋਸ਼ੀ ਨੂੰ 3 ਸਾਲ ਤੱਕ ਦੀ ਸਜਾ ਅਤੇ ਜੁਰਮਾਨਾ ਵੀ ਹੋ ਸਕਦਾ ਹੈ।