ਪੀਸੀਐਮਐਸ ਐਸੋਸ਼ੀਏਸ਼ਨ ਨੇ ਸੰਚਾਲਨ ਕਮੇਟੀ ਨੂੰ 21,000 ਰੁ. ਸੀ ਸੌਪੀ ਸਹਾਇਤਾ ਸੌਂਪੀ
ਹਰਿੰਦਰ ਨਿੱਕਾ , ਬਰਨਾਲਾ 25 ਦਸੰਬਰ 2020
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੇ 86 ਵੇਂ ਦਿਨ ਸੰਘਰਸ਼ ਨੂੰ ਹੋਰ ਤੇਜ ਕਰਨ ਦੇ ਮਕਸਦ ਤਹਿਤ 11 ਮੈਂਬਰੀ ਕਿਸਾਨ ਕਾਫਲੇ ਵੱਲੋਂ ਪੰਜਵੇਂ ਦਿਨ 24 ਘੰਟੇ ਦੀ ਭੁੱਖ ਹੜ੍ਹਤਾਲ ਜਾਰੀ ਰੱਖੀ ਗਈ। ਅੱਜ ਪੀਸੀਐਮਐਸ ਐਸੋਸੀਏਸ਼ਨ ਬਰਨਾਲਾ ਵੱਲੋਂ ਸੰਘਰਸ਼ ਦੀਆਂ ਲੋੜਾਂ ਦੇ ਸਨਮੁੱਖ ਸੰਯੁਕਤ ਕਿਸਾਨ ਮੋਰਚੇ ਦੀ ਸੰਚਾਲਨ ਕਮੇਟੀ ਨੂੰ 21,000 ਰੁ. ਸਹਾਇਤਾ ਰਾਸ਼ੀ ਭੇਂਟ ਕੀਤੀ ਅਤੇ ਇਸ ਸਮੇਂ ਡਾ. ਜਸਬੀਰ ਔਲਖ ਨੇ ਆਪਣੇ ਵਿਚਾਰਾਂ ਰਾਹੀਂ ਮਹੀਨਾ ਭਰ ਤੋਂ ਦਿੱਲੀ ਦੀ ਬਰੂਹਾਂ ਤੇ ਡੇਰਾ ਜਮਾਈ ਬੈਠੇ ਅਤੇ ਪੰਜਾਬ ਅੰਦਰ ਸੈਂਕੜੇ ਥਾਵਾਂ ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਵਿੱਚ ਹੋਰ ਵਧੇਰੇ ਜੋਸ਼ ਨਾਲ ਸ਼ਾਮਿਲ ਹੋਣ ਲਈ ਸੰਗਰਾਮੀ ਮੁਬਾਰਕਬਾਦ ਦਿੱਤੀ।
ਡਾਕਟਰਾਂ ਦੀ ਜਥੇਬੰਦੀ ਵੱਲੋਂ ਹਰ ਪੱਖੋਂ ਸਹਿਯੋਗ ਜਾਰੀ ਰੱਖਣ ਦਾ ਵਾਅਦਾ ਕੀਤਾ। ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੀ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ , ਗੁਰਮੇਲ ਰਾਮ ਸ਼ਰਮਾ , ਕਰਨੈਲ ਸਿੰਘ ਗਾਂਧੀ, ਸੋਹਣ ਸਿੰਘ ਮਾਝੀ, ਵਰਿੰਦਰ ਅਜਾਦ, ਸਾਹਿਬ ਸਿੰਘ ਬਡਬਰ, ਦਰਸ਼ਨ ਸਿੰਘ ਠੀਕਰੀਵਾਲ, ਜਸਵਿੰਦਰ ਸਿੰਘ ਮੰਡੇਰ, ਰਾਜੀਵ ਕੁਮਾਰ, ਬਿੱਕਰ ਸਿੰਘ ਔਲਖ ਆਦਿ ਬੁਲਾਰਿਆਂ ਨੇ ਸਾਂਝੇ ਕਿਸਾਨ ਮੋਰਚੇ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਂਝੇ ਲੋਕ ਸੰਘਰਸ਼ ਦੀ ਇਖਲਾਕੀ ਜਿੱਤ ਹੋ ਚੁੱਕੀ ਹੈ। ਜਿਹੜੀ ਮੋਦੀ ਹਕੂਮਤ ਜਨ ਆਵਾਜ ਨੂੰ ਟਿੱਚ ਕਰਕੇ ਜਾਣਦੀ ਸੀ, ਹੁਣ ਦਿੱਲੀ ਦੀਆਂ ਬਰੂਹਾਂ ਉੱਪਰ ਪਿੰਡ ਵਸਾਕੇ ਬੈਠੇ ਕਿਸਾਨ ਕਾਫਲਿਆਂ ਨੇ ਘੇਰਕੇ ਮੂਹਰੇ ਲਾਈ ਹੋਈ ਹੈ।
ਸਾਰਾ ਹਕੂਮਤੀ ਤਾਣਾ ਪੇਟਾ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਉੱਟੇ ਲੋਕ ਵਿਦਰੋਹ ਨੂੰ ਲੀਹੋਂ ਲਾਹੁਣ ਦੀ ਗੋਂਦਾ ਗੁੰਦਣ ਉੱਪਰ ਲੱਗਾ ਹੋਇਆ ਹੈ। ਜਦਕਿ ਮੋਦੀ ਹਕੂਮਤ ਦੀ ਖਾਸਮਖਾਸ ਵੱਡੇ ਦਿਉਕੱਦ ਘਰਾਣਿਆਂ ਅੰਬਾਨੀ-ਅਡਾਨੀ ਤੋਂ ਬਾਅਦ ਪੰਜਾਬ ਦੇ ਬੀਜੇਪੀ ਦੇ ਘਾਗ ਸਿਆਸਤਦਾਨ ਹਰਜੀਤ ਗਰੇਵਾਲ ਦਾ ਉਸ ਦੇ ਜੱਦੀ ਕਸਬੇ ਧਨੌਲਾ ਪਿੰਡ ਨਿਵਾਸੀਆਂ ਨੇ ਸਮੂਹਿਕ ਰੂਪ ਵਿੱਚ ਇਕੱਠ ਕਰਕੇ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਉਸ ਦੀ ਜਮੀਨ ਵੀ ਇਸ ਸਾਲ ਠੇਕੇ ਉੱਪਰ ਨਾਂ ਲੈਣ ਦਾ ਐਲਾਨ ਕੀਤਾ ਹੈ। ਜਲਦ ਹੀ ਰਿਲਾਇੰਸ ਜੀਓ ਦਾ ਪੰਜਾਬ ਦੇ ਪੇਂਡੂ ਖੇਤਰ ਵਿੱਚੋਂ ਬੋਰੀਆ ਬਿਸਤਰਾ ਗੋਲ ਕਰ ਦਿੱਤਾ ਜਾਵੇਗਾ। ਕਿਉਂਕਿ ਪਿੰਡਾਂ ਦੇ ਲੋਕ ਸਮੂਹਿਕ ਇਕੱਠ ਕਰਕੇ ਰਿਲਾਇੰਸ ਟਾਵਰਾਂ ਦੀ ਬੱਤੀ ਗੁੱਲ ਕਰ ਰਹੇ ਹਨ। ਘਰ-ਘਰ ਤੋਂ ਉੱਠੀ ਲੋਕ ਆਵਾਜ ਸਦਕਾ ਹੀ ਸਾਂਝਾ ਕਿਸਾਨ ਸੰਘਰਸ਼ ਲੋਕ ਸੰਘਰਸ਼ ਵਿੱਚ ਤਬਦੀਲ ਹੋ ਗਿਆ ਹੈ। ਹਰ ਤਬਕਾ ਕਿਸੇ ਨਾਂ ਕਿਸੇ ਰੂਪ‘ਚ ਆਪਣਾ ਯੋਗਦਾਨ ਪਾ ਰਿਹਾ ਹੈ।
ਅੱਜ ਪੰਜਵੇਂ ਦਿਨ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਮੇਜਰ ਸਿੰਘ ਸੇਖਾ, ਮਹਿੰਦਰ ਸਿੰਘ ਵੜੈਚ, ਗੁਰਚਰਨ ਸਿੰਘ ਚੁਹਾਣਕੇਖੁਰਦ,ਲਖਵੀਰ ਸਿੰਘ ਭਦੌੜ, ਦਰਸ਼ਨ ਸਿੰਘ ਭਦੌੜ, ਹਰਭਜਨਸਿੰਘ ਠੀਕਰੀਵਾਲ, ਗੁਰਮੀਤ ਸਿੰਘ ਠੀਕਰੀਵਾਲ, ਹਾਕਮ ਸਿੰਘ ਠੀਕਰੀਵਾਲ, ਬਿੰਦਰ ਸਿੰਘ ਠੀਕਰੀਵਾਲ, ਜਗਦੇਵ ਸਿੰਘ ਠੀਕਰੀਵਾਲ,ਜੋਰਾ ਸਿੰਘ ਚੁਹਾਣਕੇਕਲਾਂ ਸ਼ਾਮਿਲ ਸਨ। ਕਿਸਾਨ ਹਿੱਸਿਆਂ ਤੋਂ ਇਲਾਵਾ ਹੋਰ ਤਬਕੇ ਵੀ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਣ ਦੀ ਇੱਛਾ ਜਤਾ ਰਹੇ ਹਨ। ਪਿੰਡਾਂ ਵਿੱਚੋਂ ਕਿਸਾਨ ਔਰਤਾਂ ਦੇ ਕਾਫਲੇ ਦਿੱਲੀ ਵੱਲ ਵੀ ਵੱਡੀ ਪੱਧਰ ਤੇ ਗਏ ਹੋਣ ਦੇ ਬਾਵਜੂਦ ਵੀ ਸਾਂਝੇ ਕਿਸਾਨ ਮੋਰਚੇ ਵਿੱਚ ਪਹੁੰਚਣ ਵਾਲੇ ਕਿਸਾਨ ਔਰਤਾਂ ਦੇ ਕਾਫਲਿਆਂ ਵਿੱਚ ਕੋਈ ਕਮੀ ਨਹੀਂ ਆ ਰਹੀ। ਸਗੋਂ ਬਰਨਾਲਾ ਵਿਖੇ ਚਲਦੇ ਸੰਘਰਸ਼ ਵਿੱਚ ਵੀ ਪੂਰੇ ਜੋਸ਼ ਨਾਲ ਸ਼ਾਮਿਲ ਹੋ ਰਹੇ ਹਨ। ਇਹੀ ਸਾਂਝੇ ਕਿਸਾਨ ਸੰਘਰਸ਼ ਦਾ ਸ਼ਾਨਦਾਰ ਪਹਿਲੂ ਹੈ।
26 ਨਵੰਬਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਨੇ ਦਿੱਲੀ ਨੂੰ ਚਾਰੇ ਪਾਸਿਉਂ ਘੇਰਿਆ ਹੋਇਆ ਹੈ। ਕਿਸਾਨ ਕਾਫਲਿਆਂ ਨੂੰ ਮੁਲਕ ਦੇ ਵੱਖ ਵੱਖ ਹਿੱਸਿਆਂ/ਰਾਜਾਂ ਤੋਂ ਕਿਸਾਨਾਂ ਦੀ ਜੋਰਦਾਰ ਹਮਾਇਤ ਮਿਲ ਰਹੀ ਹੈ ਅਤੇ ਕਾਫਲੇ ਪੰਜਾਬ ਸਮੇਤ ਮੁਲਕ ਦੇ ਵੱਖੋ-ਵੱਖ ਹਿੱਸਿਆਂ ਤੋੋਂ ਲਗਾਤਾਰ ਸ਼ਾਮਿਲ ਹੋ ਰਹੇ ਹਨ। ਲੋਕਤਾ ਦਾ ਬੱਝ ਰਿਹਾ ਯੱਕ ਮੋਦੀ ਹਕੂਮਤ ਦੀਆਂ ਸਾਜਿਸ਼ਾਂ ਅਤੇ ਉਸ ਦੇ ਵੱਡੇ ਵਪਾਰਿਕ ਘਰਾਣਿਆਂ(ਅਡਾਨੀ-ਅੰਬਾਨੀ) ਨੂੰ ਪੈਰਾਂ ਹੇਠ ਲਤਾੜਕੇ ਇਹ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਵੇਗਾ। ਹੇਮ ਰਾਜ ਠੁੱਲੀਵਾਲ ਅਤੇ ਹਾਕਮ ਨੂਰ ਦੇ ਕਵੀਸ਼ਰੀ ਜਥੇ ਨੇ ਲੋਕ ਪੱਖੀ ਵਾਰਾਂ ਪੇਸ਼ ਕੀਤੀਆਂ।