ਰੇਲਵੇ ਸਟੇਸ਼ਨ ਬਰਨਾਲਾ ਤੇ ਗੂੰਜੇ ਮੋਦੀ ਹਕੂਮਤ ਖਿਲਾਫ ਨਾਅਰੇ
ਗੁਰਦੁਆਰਾ ਬਾਬਾ ਕਾਲਾ ਮਾਹਿਰ ਦੀ ਪ੍ਰਬੰਧਕ ਕਮੇਟੀ ਨੇ 25,000 ਰੁਪਏ ਦੀ ਸਹਾਇਤਾ ਕਮੇਟੀ ਨੂੰ ਸੌਂਪੀ
ਹਰਿੰਦਰ ਨਿੱਕਾ , ਬਰਨਾਲਾ 9 ਦਸੰਬਰ 2020
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਸਾਂਝੇ ਕਿਸਾਨ ਸੰਘਰਸ਼ ਦੀ ਕੜੀ ਵਜੋਂ 8 ਦਸੰਬਰ ਸਫ਼ਲ ਭਾਰਤ ਬੰਦ ਬਨਾਉਣ ਲਈ ਸੰਗਰਾਮੀ ਮੁਬਾਰਕ ਦਿੱਤੀ। ਸੈਂਕੜਿਆਂ ਦੀ ਤਾਦਾਦ’ਚ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਜੁੜ ਬੈਠੇ ਨੌਜਵਾਨ ਕਿਸਾਨ ਮਰਦ ਔਰਤਾਂ ਬੱਚੇ ਅਤੇ 90 ਸਾਲ ਦੀ ਉਮਰ ਨੂੰ ਢੁੱਕੇ ਬਜੁਰਗਾਂ ਦੀ ਵਧ ਰਹੀ ਗਿਣਤੀ ਮੋਦੀ ਹਕੂਮਤ ਨੂੰ ਲਲਕਾਰ ਰਹੀ ਹੈ ।
ਸਟੇਸ਼ਨ ਦੀ ਪਾਰਕਿੰਗ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ, ਗੁਰਮੇਲ ਰਾਮ ਸ਼ਰਮਾ,ਗੁਰਚਰਨ ਸਿੰਘ, ਪ੍ਰੇਮਪਾਲ ਕੌਰ, ਖੁਸ਼ੀਆ ਸਿੰਘ, ਬਿੱਕਰ ਸਿੰਘ ਔਲਖ, ਹਰਚਰਨ ਚੰਨਾ,ਕਰਨੈਲ ਸਿੰਘ ਗਾਂਧੀ, ਨਿਰਭੈ ਸਿੰਘ ਗਿਆਨੀ,ਬਾਰਾਂ ਸਿੰਘ ਬਦਰਾ ਆਦਿ ਬੁਲਾਰਿਆਂ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਚੱਲ ਰਿਹਾ ਸੰਘਰਸ਼ ਨਾਜੁਕ ਪੜਾਅ (ਆਰ ਪਾਰ ਦੀ ਲੜਾਈ) ਵਿੱਚ ਪਹੁੰਚ ਚੁੱਕਾ ਹੈ। ਮੋਦੀ ਹਕੂਮਤ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਰਾਹੀਂ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹੋਏ ਕਿਸਾਨ-ਮਜਦੂਰ ਵਿਰੋਧੀ ਨੀਤੀਆਂ ਨੂੰ ਲਾਗੂ ਕਰ ਰਹੀ ਹੈ। ਅਡਾਨੀ, ਅੰਬਾਨੀ ਹਿੱਤਾਂ ਦੀ ਰਖੈਲ ਮੋਦੀ ਜੁੰਡਲੀ ਨੂੰ ਸਾਂਝੇ ਕਿਸਾਨ ਮੋਰਚੇ ਦੇ ਸਿਫਤੀ ਸੰਘਰਸ਼ ਨੇ ਮੋੜਾਂ ਕੱਟਣ ਲਈ ਮਜਬੂਰ ਕੀਤਾ ਹੈ।
ਕਿਸਾਨਾਂ ਦੀ ਮੌਤ ਦੇ ਜਾਰੀ ਕੀਤੇ ਵਰੰਟਾਂ (ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ) ਨੂੰ ਮੁਲਕ ਦੇ ਪ੍ਰਧਾਨ ਮੰਤਰੀ ਦਾ ਬੇਸ਼ਰਮੀ ਭਰੇ ਢੰਗ ਨਾਲ ਕਿਸਾਨ ਪੱਖੀ ਗਰਦਾਨਕੇ ਜ਼ਖਮਾਂ ਤੇ ਲੂਣ ਭੁੱਕ ਰਿਹਾ ਹੈ। ਸਾਰੀ ਕੇਂਦਰੀ ਹਕੂਮਤੀ ਮਸ਼ੀਨਰੀ ਨੂੰ ਸਾਂਝੇ ਕਿਸਾਨ ਸੰਘਰਸ਼ ਨੂੰ ਮਿਲ ਰਹੀ ਵਿਸ਼ਾਲ ਆਮ ਮਿਹਨਤਕਸ਼ ਲੋਕਾਈ ਦੀ ਹਮਾਇਤ ਨੇ ਤ੍ਰੇਲੀਆਂ ਲਿਆਂਦੀਆਂ ਹੋਈਆਂ ਹਨ। ਲੋਕਾਈ ਦੇ ਰੋਹਲੇ ਅੰਗਿਆਰ ਮੋਦੀ ਹਕੂਮਤ ਨੂੰ ਇਹ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਕਰਨਗੇ।
ਸਾਂਝੇ ਕਿਸਾਨ ਸੰਘਰਸ਼ ਵਿੱਚ ਮਜਦੂਰ ਔਰਤਾਂ ਲਗਾਤਾਰ ਬਹੁਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਬਲ ਬਖਸ਼ ਰਹੀਆਂ ਹਨ। ਟੋਲ ਪਲਾਜਾ ਮਹਿਲ ਕਲਾਂ, ਵੀਆਰਸੀ ਮਾਲ, ਡੀ ਮਾਰਟ ਵਿਖੇ ਚੱਲ ਰਹੇ ਘਿਰਾਓ ਸਮਾਗਮਾਂ ਨੂੰ ਮਲਕੀਤ ਸਿੰਘ ਈਨਾ, ਪਰਮਿੰਦਰ ਸਿੰਘ ਹੰਢਿਆਇਆ, ਗੁਰਮੇਲ ਸਿੰਘ ਠੁੱਲੀਵਾਲ, ਪਿਸ਼ੌਰਾ ਸਿੰਘ ਹਮੀਦੀ, ਮੇਜਰ ਸਿੰਘ ਸੰਘੇੜਾ, ਅਜਮੇਰ ਸਿੰਘ, ਜਸਪਾਲ ਕੌਰ, ਕਿਰਨਜੀਤ ਕੌਰ,ਦਲਜੀਤ ਕੌਰ, ਪਰਮਜੀਤ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ।