ਦਸੰਬਰ ਦੇ ਆਖਰੀ ਹਫਤੇ ਜਾਂ ਜਨਵਰੀ ਦੇ ਪਹਿਲੇ ਹਫਤੇ ਚ ਆ ਸਕਦੀ ਹੈ ਕੋਰੋਨਾ ਵੈਕਸੀਨ
17 ਕੇਂਦਰਾਂ ਉੱਤੇ ਕੀਤਾ ਜਾਵੇਗਾ ਟੀਕੇ ਦਾ ਭੰਡਾਰਣ
ਕੋਰੋਨਾ ਵੈਕਸੀਨ ਸਬੰਧੀ ਬੈਠਕ ਚ ਵਿਸ਼ਵ ਸਿਹਤ ਸੰਸਥਾ ਦੇ ਨੁਮਾਇੰਦਿਆਂ ਨੇ ਵੀ ਲਿਆ ਹਿੱਸਾ
ਹਰਿੰਦਰ ਨਿੱਕਾ ,ਬਰਨਾਲਾ, 9 ਦਸੰਬਰ 2020
ਪੰਜਾਬ ਸਰਕਾਰ ਵਲੋਂ ਕੋਰੋਨਾ ਵੈਕਸੀਨ ਦੇ ਪਹਿਲੇ ਗੇੜ ਹੇਠ ਸਿਹਤ ਕਰਮੀਆਂ ਨੂੰ ਵੈਕਸੀਨ ਲਗਾਉਣ ਸਬੰਧੀ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਇਹ ਵੈਕਸੀਨ ਦਸੰਬਰ ਦੇ ਆਖਰੀ ਹਫਤੇ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਲਗਾਈ ਜਾਵੇਗੀ । ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਆਦਿਤਿਆ ਡੇਚਲਵਾਲ ਨੇ ਅੱਜ ਵੈਕਸੀਨ ਸਬੰਧੀ ਬਣਾਈ ਗਈ ਜ਼ਿਲ੍ਹਾ ਟਾਸਕ ਫੋਰਸ ਦੀ ਬੈਠਕ ਨੂੰ ਸੰਬੋਧਿਤ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ (ਡਬਲਿਊ. ਐਚ. ਓ) ਦੇ ਨਾਲ ਰਲ ਕੇ ਪੰਜਾਬ ਸਰਕਾਰ ਵਲੋਂ ਇਹ ਵੈਕਸੀਨ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਪਹਿਲੇ ਗੇੜ ਵਿੱਚ ਸਿਹਤ ਕਰਮੀਆਂ ਨੂੰ ਵੈਕਸੀਨ ਦਿੱਤੀ ਜਾਣੀ ਹੈ, ਜਿਸ ਲਈ 3000 ਸਿਹਤ ਕਰਮੀ (ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਚੋਂ) ਦੀ ਪਛਾਣ ਕੀਤੀ ਗਈ ਹੈ। ਇਹਨਾਂ ਸਾਰੇ ਕਰਮੀਆਂ ਦਾ ਡਾਟਾ ਕੋਵਿਨ ਨਾਮ ਦੀ ਅੱਪਲੀਕੈਸ਼ਨ ਉੱਤੇ ਅੱਪਲੋਡ ਕੀਤਾ ਗਿਆ ਹੈ ਜਿਹੜੀ ਕਿ ਸਿੱਧੇ ਤੌਰ ਤੇ ਜਾਣਕਾਰੀ ਵਿਸ਼ਵ ਸਿਹਤ ਸੰਸਥਾ ਨੂੰ ਭੇਜ ਰਿਹਾ ਹੈ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਵੈਕਸੀਨ ਦਾ ਭੰਡਾਰਣ 2 ਤੋਂ 8 ਡਿਗਰੀ ਦੇ ਤਾਪਮਾਨ ਚ ਕੀਤਾ ਜਾਣਾ ਹੈ, ਜਿਸ ਲਈ ਜ਼ਿਲ੍ਹਾ ਬਰਨਾਲਾ ਚ 17 ਦੇ ਕਰੀਬ ਕੋਲਡ ਚੇਨ ਕੇਂਦਰ ਸਿਹਤ ਵਿਭਾਗ ਦੀਆਂ ਵੱਖ-ਵੱਖ ਇਮਾਰਤਾਂ ਵਿੱਚ ਉਪਲੱਬਧ ਹਨ। ਵੈਕਸੀਨ ਦੇਣ ਲਈ ਇਕ ਤਾਰੀਖ ਅਤੇ ਥਾਂ (ਇਲਾਕਾ ਵਿਸ਼ੇ ) ਮੁਕਰਰ ਕੀਤੀ ਜਾਵੇਗੀ।
ਵਿਸ਼ਵ ਸਿਹਤ ਸੰਸਥਾ ਤੋਂ ਆਏ ਡਾ. ਨਿਵੇਦਿਤਾ ਵਾਸੁਦੇਵਾ ਨੇ ਦੱਸਿਆ ਕਿ ਹੁਣ ਤੱਕ ਆਮ ਵੈਕਸੀਨ ਕੇਵਲ ਬੱਚਿਆਂ ਨੂੰ ਦਿੱਤੀ ਜਾ ਰਹੀ ਸੀ। ਕੋਰੋਨਾ ਵੈਕਸੀਨ ਪਹਿਲਾ ਕੇਸ ਹੋਵੇਗਾ ਜਿਸ ਵਿੱਚ ਵੈਕਸੀਨ ਵੱਡੀ ਉਮਰ ਦੇ ਲੋਕਾਂ ਨੂੰ ਦਿੱਤੀ ਜਾਵੇਗੀ। ਇਸ ਲਈ ਹਰ ਕੇਂਦਰ ਵਿੱਚ, ਜਿੱਥੇ ਕੋਰੋਨਾ ਟੀਕਾਕਰਣ ਕੀਤਾ ਜਾਣਾ ਹੈ, ਵਿਖੇ ਇਕ ਟੀਕਾਕਰਣ ਕਮਰਾ, ਇਕ ਉਡੀਕ ਕਮਰਾ ਅਤੇ ਇਕ ਨਿਗਰਾਨੀ ਕਮਰਾ ਬਣਾਇਆ ਜਾਵੇਗਾ। ਟੀਕਾ ਲਗਾਉਣ ਤੋਂ ਬਾਅਦ ਹਰ ਇਕ ਵਿਅਕਤੀ ਨੂੰ ਘੱਟੋ-ਘੱਟ 30 ਮਿੰਟਾਂ ਲਈ ਨਿਗਰਾਨੀ ਚ ਰੱਖਿਆ ਜਾਵੇਗਾ। ਟੀਕਾਕਰਣ ਕਰਨ ਵਾਲੇ ਅਧਿਕਾਰੀ ਸਿੱਧੇ ਤੌਰ ਉੱਤੇ ਵਿਸ਼ਵ ਸਿਹਤ ਸੰਸਥਾ ਨਾਲ ਜੁੜੇ ਹੋਣਗੇ। ਟੀਕਾਕਰਣ ਤੋਂ ਬਾਅਦ ਲੋਕਾਂ ਦੀ ਸਿਹਤ ਦੀ ਨਿਗਰਾਨੀ ਰੱਖਣ ਲਈ ਵਿਸ਼ੇਸ਼ ਟੀਮ ਗਠਿਤ ਕੀਤੀ ਜਾ ਰਹੀ ਹੈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਟੀਕਾਕਰਣ ਅਫਸਰ ਕਰਨਗੇ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਆਦਿਤਿਆ ਡੇਚਲਵਾਲ ਨੇ ਹਦਾਇਤ ਦਿੱਤੀ ਕਿ ਵੈਕਸੀਨ ਲਗਾਉਣ ਵਾਲਿਆਂ ਦੀਆਂ ਲਿਸਟਾਂ, ਕੇਂਦਰਾਂ ਦੀਆਂ ਲਿਸਟਾਂ ਅਤੇ ਹੋਰ ਸਾਰਾ ਕੰਮ ਜਲਦ ਤੋਂ ਜਲਦ ਤਸੱਲੀਬਖ਼ਸ ਤਰੀਕੇ ਨਾਲ ਮੁਕੰਮਲ ਕਰ ਲਿਆ ਜਾਵੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਨੀਰ ਸੇਠ, ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਸ਼੍ਰੀਮਤੀ ਵਸੁੰਧਰਾ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਕੁਲਵਿੰਦਰ ਸਿੰਘ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ਼੍ਰੀ ਸੰਜੀਵ ਕੁਮਾਰ, ਇੰਡੀਅਨ ਮੈਡੀਕਲ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਡਾ. ਆਰ ਸੀ ਗਰਗ, ਜ਼ਿਲ੍ਹਾ ਐਪੀਡਮਿਓਲੋਜਿਸਟ ਡਾ. ਮੁਨੀਸ਼ ਕੁਮਾਰ, ਜ਼ਿਲ੍ਹਾ ਡਿਵੈਲਪਮੈਂਟ ਫ਼ੋੱਲੋ ਸ਼੍ਰੀ ਦੁਸ਼ਯੰਤ ਵੀ ਮੌਜੂਦ ਸਨ।