ਡੀ.ਸੀ. ਫੂਲਕਾ ਨੇ ਜੀ.ਏ. ਨੂੰ ਕਿਹਾ, ਮੌਕਾ ਦੇਖ ਕੇ ਦਿਉ ਰਿਪੋਰਟ
ਫੂਲਕਾ ਦਾ ਲੋਕਾਂ ਨੂੰ ਭਰੋਸਾ, ਜਲਦ ਕਰਾਵਾਂਗੇ ਸਮੱਸਿਆਵਾਂ ਦਾ ਹੱਲ
ਹਰਿੰਦਰ ਨਿੱਕਾ/ ਰਘਵੀਰ ਹੈਪੀ , ਬਰਨਾਲਾ 9 ਦਸੰਬਰ 2020
ਸੰਗਰੂਰ-ਬਰਨਾਲਾ ਮੁੱਖ ਸੜਕ ਤੇ ਵਸੇ ਗੁਰਸੇਵਕ ਨਗਰ , ਸਰਾਭਾ ਨਗਰ, ਕੋਠੇ ਵਾਲੀਆ ਵਾਲੇ, ਆਈ.ਟੀ.ਆਈ ਚੌਂਕ ਤੋਂ ਟੀ-ਪੁਆਇੰਟ ਧਨੌਲਾ ਰੋਡ ਖੇਤਰ ਵਾਰਡ ਨੰਬਰ 20/28 ਦੇ ਲੋਕਾਂ ਨੇ ਇਲਾਕੇ ਵਿੱਚ ਨਿਕਾਸੀ ਦੀ ਵਿਵਸਥਾ ਕਰਨ ਲਈ ਸੀਵਰੇਜ ਪਾਉਣ ਅਤੇ ਸੰਗਰੂਰ-ਬਰਨਾਲਾ ਰੋਡ ਦਾ ਖੇਤਰ ਵਿੱਚੋਂ ਕਰੀਬ ਡੇਢ ਫੁੱਟ ਉੱਚਾ ਚੱਕਿਆ ਲੇਬਲ ਠੀਕ ਕਰਵਾਉਣ ਲਈ ਡੀ.ਸੀ. ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਮਿਲਿਆ। ਵਫਦ ਵਿੱਚ ਸ਼ਾਮਿਲ ਲੋਕਾਂ ਨੇ ਦੱਸਿਆ ਕਿ ਸੜਕ ਦੇ ਉੱਚੇ ਲੇਬਲ ਕਾਰਣ ਇਲਾਕੇ ਦਾ ਨਿਕਾਸੀ ਅਤੇ ਬਰਸਾਤ ਦਾ ਪਾਣੀ ਗਲੀਆਂ ਵਿੱਚ ਭਰਨ ਨਾਲ ਗਲੀਆਂ ਛੱਪੜ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਲੋਕਾਂ ਕਿਹਾ ਕਿ ਇਲਾਕੇ ਅੰਦਰ ਘਰਾਂ ਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਵੀ ਨਹੀਂ ਪਾਇਆ ਗਿਆ।
ਅਜਿਹੇ ਹਾਲਤ ਵਿੱਚ ਲੋਕਾਂ ਦਾ ਘਰਾਂ ਵਿੱਚੋਂ ਬਾਹਰ ਨਿੱਕਲਣਾ ਕਿਸੇ ਵੱਡੀ ਮੁਸੀਬਤ ਤੋਂ ਘੱਟ ਨਹੀਂ ਹੈ। ਉਨਾਂ ਕਿਹਾ ਕਿ ਇਲਾਕੇ ਅੰਦਰ ਹਰ ਸਮੇਂ ਰਹਿੰਦੇ ਚਿੱਕੜ ਕਾਰਣ ਹਾਦਸਿਆਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਉਨਾਂ ਕਿਹਾ ਕਿ ਜਦੋਂ ਤੱਕ ਇਲਾਕੇ ਵਿੱਚ ਸੀਵਰੇਜ ਦਾ ਪ੍ਰਬੰਧ ਨਹੀਂ ਹੁੰਦਾ, ਉਨਾਂ ਸਮਾਂ ਸੜਕ ਦਾ ਕੰਮ ਰੋਕਿਆ ਜਾਵੇ। ਵਫਦ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਵੀ 5 ਫਰਵਰੀ 2020 ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ। ਜਿਸ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ। ਲੋਕਾਂ ਨੇ ਪ੍ਰਸ਼ਾਸ਼ਨ ਨੂੰ ਲਿਖਤੀ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫਤੇ ਦੇ ਅੰਦਰ ਅੰਦਰ ਇਲਾਕੇ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਇਲਾਕੇ ਦੇ ਲੋਕ ਧਰਨਾ ਦੇਣਗੇ ਅਤੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠਣ ਨੂੰ ਮਜਬੂਰ ਹੋਣਗੇ।
ਡੀ.ਸੀ. ਫੂਲਕਾ ਨੇ ਗਹੁ ਨਾਲ ਸੁਣ ਕੇ ਦਿੱਤਾ ਭਰੋਸਾ
ਲੋਕਾਂ ਦੇ ਵਫਦ ਨੂੰ ਡੀਸੀ ਫੂਲਕਾ ਨੇ ਬਹੁਤ ਹੀ ਧਿਆਨ ਪੂਰਵਕ ਸੁਣਿਆ ਅਤੇ ਉਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਜੀ.ਏ. ਟੂ ਡੀਸੀ ਨੂੰ ਇਲਾਕੇ ਦਾ ਮੁਆਇਨਾ ਕਰਕੇ ਰਿਪੋਰਟ ਦੇਣ ਲਈ ਵੀ ਕਿਹਾ। ਉਨਾਂ ਕਿਹਾ ਕਿ ਛੇਤੀ ਹੀ ਇਲਾਕੇ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ,ਉਹ ਹਰ ਸੰਭਵ ਯਤਨ ਕਰਨਗੇ। ਡੀਸੀ ਨੂੰ ਮਿਲੇ ਵਫਦ ਵਿੱਚ ਬਲਵੰਤ ਸਿੰਘ, ਹਰਬੰਸ ਸਿੰਘ, ਕੁਲਦੀਪ ਸਿੰਘ, ਕਪੂਰ ਸਿੰਘ, ਗੁਰਜੀਤ ਸਿੰਘ, ਗੁਰਬਚਨ ਸਿੰਘ,ਸੁਖਦਰਸ਼ਨ ਸਿੰਘ, ਧਰਮਪਾਲ ਸਿੰਘ ਆਦਿ ਮੋਹਤਬਰ ਵਿਅਕਤੀ ਮੌਜੂਦ ਸਨ।