ਸਫ਼ਲ ਕਿਸਾਨ ਰਸ਼ਪਾਲ ਸਿੰਘ ਵੱਲੋਂ ਕਿਸਾਨਾਂ ਨਾਲ ਸਟਰਾਬੇਰੀ ਦੀ ਫ਼ਸਲ ਸਬੰਧੀ ਕੀਤੇ ਨੁਕਤੇ ਸਾਂਝੇ
ਰਘਵੀਰ ਹੈਪੀ ਬਰਨਾਲਾ, 9 ਦਸੰਬਰ2020
ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਹਿਣਾ ਦੇ ਆਤਮਾ ਸਟਾਫ਼ ਵੱਲੋਂ ਜ਼ਿਲ੍ਹਾ ਮਾਨਸਾ ਤੋਂ ਆਏ ਲਗਭਗ 25 ਕਿਸਾਨਾਂ ਨੂੰ ਪਿੰਡ ਬੱਲੋਕੇ ਦੇ ਸਫ਼ਲ ਕਿਸਾਨ ਰਸ਼ਪਾਲ ਸਿੰਘ ਦੇ ਖੇਤਾਂ ’ਚ ਸਟਰਾਬੇਰੀ ਦੀ ਫ਼ਸਲ ਦਾ ਅੱਜ ਦੌਰਾ ਕਰਵਾਇਆ ਗਿਆ।
ਇਸ ਦੌਰਾਨ ਬਲਾਕ ਟੈਕਨਾਲੋਜੀ ਮੈਨੇਜਰ ਜਸਵਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਜ਼ਿਲ੍ਹਾ ਮਾਨਸਾ ਤੋਂ ਆਏ ਕਿਸਾਨਾਂ ਅਤੇ ਖੇਤੀਬਾੜੀ ਅਤੇ ਭਲਾਈ ਵਿਭਾਗ ਦੇ ਅਧਿਕਾਰੀ/ਕਰਮਚਾਰੀਆਂ ਨੂੰ ਜੀ ਆਇਆਂ ਕਿਹਾ ਅਤੇ ਬਾਅਦ ’ਚ ਕਿਸਾਨਾਂ ਦੀ ਸਿੱਧੀ ਗੱਲਬਾਤ ਬੱਲੋਕੇ ਦੇ ਸਫ਼ਲ ਕਿਸਾਨ ਰਛਪਾਲ ਸਿੰਘ ਨਾਲ ਕਰਵਾਈ ਗਈ। ਜਿਸ ਵਿੱਚ ਰਛਪਾਲ ਸਿੰਘ ਨੇ ਸਟਰਾਬੇਰੀ ਖੇਤੀ ਸਬੰਧੀ ਨੁਕਤੇ ਸਾਂਝੇ ਕੀਤੇ ਅਤੇ ਸਟਰਾਬੇਰੀ ਦੀ ਕਾਸ਼ਤ, ਮਾਰਕੀਟ, ਫ਼ਸਲ ਉਪਰ ਆਉਣ ਵਾਲੇ ਕੀੜੇ ਅਤੇ ਬੀਮਾਰੀਆਂ ਸਬੰਧੀ ਸਵਾਲਾਂ ਦੇ ਜਵਾਬ ਦਿੱਤੇ ਅਤੇ ਦੱਸਿਆ ਕਿ ਮੈਂ ਪਿਛਲੇ 8 ਸਾਲ ਤੋਂ ਸਟਰਾਬੇਰੀ ਦੀ ਖੇਤੀ ਕਰ ਰਿਹਾ ਹਾਂ। ਜਿਸ ਦੀ ਸ਼ੁਰੂਆਤ ਮੈਂ ਛੋਟੇ ਪੱਧਰ (2 ਕਨਾਲ ਜ਼ਮੀਨ) ਤੋਂ ਸ਼ੁਰੂ ਕੀਤੀ ਸੀ। ਇਸ ਮੌਕੇ ਸਫ਼ਲ ਕਿਸਾਨ ਰਛਪਾਲ ਸਿੰਘ ਨੇ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਕਿ ਕਿਸਾਨ ਭਰਾ ਸਟਰਾਬੇਰੀ ਖੇਤੀ ਛੋਟੇ ਪੱਧਰ ਤੋਂ ਸ਼ੁਰੂ ਕਰਨ ਅਤੇ ਬਾਅਦ ’ਚ ਆਪਣੇ ਤਜ਼ਰਬੇ ਮੁਤਾਬਕ ਇਸ ਨੂੰ ਵੱਡੇ ਪੱਧਰ ’ਤੇ ਲੈ ਕੇ ਜਾਇਆ ਜਾਵੇ। ਇਸ ਮੌਕੇ ਸਹਾਇਕ ਟੈਕਨਾਲੋਜ਼ੀ ਮੈਨੇਜਰ ਸਤਨਾਮ ਸਿੰਘ ਅਤੇ ਦੀਪਕ ਕੁਮਾਰ ਵੱਲੋਂ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।