ਚਿੱਕੜ ‘ਚ ਰਹਿਣ ਲਈ ਮਜਬੂਰ ਹੋਏ ਇਲਾਕੇ ਦੇ ਹਜ਼ਾਰਾਂ ਲੋਕ, ਘਰਾਂ ਵਿੱਚੋਂ ਨਿਕਲਣਾ ਵੀ ਹੋਇਆ ਦੁੱਭਰ
ਹਰਿੰਦਰ ਨਿੱਕਾ , ਬਰਨਾਲਾ 8 ਦਸੰਬਰ 2020
ਭਾਂਵੇ ਸੂਬੇ ਦੀ ਸੱਤਾ ਤੇ ਕਾਬਿਜ ਹੋਈ ਹਰ ਸਰਕਾਰ ਦੇ ਸਮੇਂ ਹਲਕੇ ਦੀ ਅਗਵਾਈ ਕਰਨ ਵਾਲੇ ਆਗੂ ਸ਼ਹਿਰ ਅੰਦਰ ਕਰੋੜਾਂ ਰੁਪਏ ਖਰਚ ਕਰਕੇ ਵਿਕਾਸ ਦੀਆਂ ਹਨ੍ਹੇਰੀਆਂ ਲਿਆਉਣ ਦੇ ਦਾਅਵੇ ਕਰਦੇ ਨਹੀਂ ਥੱਕਦੇ। ਪਰੰਤੂ ਸੰਗਰੂਰ-ਬਰਨਾਲਾ ਮੁੱਖ ਸੜ੍ਹਕ ਦੇ ਰਾਸਤੇ ਤੋਂ ਸ਼ਹਿਰ ਦੇ ਐਂਟਰੀ ਪੁਆਇੰਟ ਦੇ ਤੌਰ ਤੇ ਜਾਣੇ ਜਾਂਦੇ ਗੁਰਸੇਵਕ ਨਗਰ ਇਲਾਕੇ ਦੇ ਲੋਕ ਵਿਕਾਸ ਦੀ ਵਹਿੰਦੀ ਅਖੌਤੀ ਗੰਗਾ ਤੋਂ ਦੂਰ ਹੀ ਰਹਿ ਜਾਂਦੇ ਹਨ। ਕਰੀਬ 3 ਹਜ਼ਾਰ ਆਬਾਦੀ ਵਾਲੇ ਇਸ ਇਲਾਕੇ ਦੇ ਲੋਕਾਂ ਅਨੁਸਾਰ 20/25 ਵਰ੍ਹਿਆਂ ਤੋਂ ਹੀ ਲੋਕ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਨਰਕ ਵਰਗੀ ਜਿੰਦਗੀ ਜਿਊਣ ਲਈ ਮਜਬੂਰ ਹਨ। ਇਲਾਕੇ ਦੀ ਕਿਸੇ ਵੀ ਗਲੀ ਵਿੱਚ ਨਿਕਾਸੀ ਨਾਲੀਆਂ ਦੀ ਅਣਹੋਂਦ ਕਾਰਣ ਗਲੀਆਂ ਚਿੱਕੜ ਨਾਲ ਭਰੀਆਂ ਰਹਿੰਦੀਆਂ ਹਨ। ਨਿਕਾਸੀ ਦੇ ਲੱਚਰ ਵਿਵਸਥਾ ਦੀ ਵਜ੍ਹਾ ਨਾਲ ਇਲਾਕੇ ਦੇ ਲੋਕ ਆਪੋ-ਆਪਣੇ ਘਰਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਬੰਨ੍ਹ ਮਾਰ ਲੈਂਦੇ ਹਨ। ਨਤੀਜੇ ਦੇ ਤੌਰ ਤੇ ਜਦੋਂ ਪਾਣੀ ਦੇ ਲੰਘਣ ਵਿੱਚ ਰੁਕਾਵਟ ਪੈਂਦੀ ਹੈ ਤਾਂ ਫਿਰ ਮੁਹੱਲੇ ਦੇ ਲੋਕ ਇੱਕ ਦੂਜੇ ਨੂੰ ਦੋਸ਼ ਦਿੰਦੇ ਹੋਏ, ਇੱਕ ਦੂਜੇ ਨੂੰ ਹੀ ਗਾਲੀ ਗਲੋਚ ਕਰਨ ਲੱਗ ਪੈਂਦੇ ਹਨ। ਨਿਕਾਸੀ ਨਾ ਹੋਣ ਕਾਰਣ ਲੋਕਾਂ ਦੇ ਝਗੜੇ ਆਮ ਗੱਲ ਹੀ ਹੋ ਗਏ ਹਨ। ਇੱਥੋਂ ਤੱਕ ਕਿ ਇਹੋ ਝਗੜਿਆਂ ਕਾਰਣ ਨਜਦੀਕੀ ਥਾਣੇ ਅੰਦਰ ਵੀ ਭੀੜ ਲੱਗੀ ਰਹਿੰਦੀ ਹੈ।
ਸ਼ਹਿਰ ਦੇ ਦਿਲ ਤੋਂ ਦੂਰ ਜਿਹੇ,,,
ਇਲਾਕੇ ਦੇ ਲੋਕਾਂ ਅੰਦਰ ਨਗਰ ਕੌਂਸਲ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਟਾਲੂ ਰਵੱਈਏ ਕਾਰਣ ਕਾਫੀ ਨਰਾਜਗੀ ਅਤੇ ਬੇਭਰੋਸਗੀ ਬਣ ਚੁੱਕੀ ਹੈ। ਬਜੁਰਗ ਦਲੀਪ ਕੌਰ, ਹਰਜੀਤ ਕੌਰ ਅਤੇ ਪ੍ਰੀਤਮ ਸਿੰਘ ਨੇ ਮਨ ਦੀ ਭੜਾਸ ਕੱਢਦਿਆਂ ਕਿਹਾ ਕਿ ਹੁਣ ਤਾਂ ਉਨਾਂ ਨੂੰ ਇਉਂ ਲੱਗਣ ਲੱਗ ਪਿਆ, ਜਿਵੇਂ ਉਹ ਸ਼ਹਿਰ ਦੇ ਬਾਸ਼ਿੰਦੇ ਹੀ ਨਾ ਹੋਣ, ਜਿੰਨਾਂ ਵਿਤਕਰਾ ਉਨਾਂ ਦੇ ਇਲਾਕੇ ਨਾਲ ਕਰੀਬ 20 ਸਾਲ ਤੋਂ ਹੋ ਰਿਹਾ ਹੈ, ਇੱਨਾਂ ਤਾਂ ਕੋਈ ਮਤਰੇਈ ਮਾਂ ਵੀ ਆਪਣੇ ਬੱਚੇ ਨਾਲ ਨਹੀਂ ਕਰਦੀ।
ਅਕਸਰ ਚਿੱਕੜ ਵਿੱਚ ਡਿੱਗ ਪੈਂਦੇ ਪ੍ਰਾਇਮਰੀ ਸਕੂਲ ‘ਚ ਜਾਂਦੇ ਬੱਚੇ,,
ਮੁਹੱਲਾ ਨਿਵਾਸੀ ਕੁਲਦੀਪ ਸਿੰਘ ਅਤੇ ਸ਼ੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਆਗੂ ਬਲਵੰਤ ਸਿੰਘ ਨੇ ਕਿਹਾ ਕਿ ਬਰਨਾਲਾ-ਸੰਗਰੂਰ ਸੜਕ ਬਣਾਉਣ ਸਮੇਂ ਸੜਕ ਦਾ ਲੇਬਲ ਇਲਾਕੇ ਨਾਲੋ ਕਰੀਬ ਡੇਢ ਡੇਢ ਫੁੱਟ ਉੱਚਾ ਚੁੱਕ ਦਿੱਤਾ ਗਿਆ ਹੈ। ਇਸ ਤਰਾਂ ਪਹਿਲਾਂ ਇਲਾਕੇ ਦਾ ਗੰਦਾ ਪਾਣੀ ਸੜਕ ਤੇ ਇਕੱਠਾ ਹੋ ਜਾਂਦਾ ਸੀ। ਪਰ ਹੁਣ ਕਿਸੇ ਪਾਸੇ ਵੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਣ ਪਾਣੀ ਗਲੀਆਂ ਵਿੱਚ ਖੜ੍ਹਾ ਰਹਿੰਦਾ ਹੈ। ਮਜਬੂਰ ਹੋਏ ਲੋਕਾਂ ਨੇ ਆਪਣੇ ਘਰਾਂ ਅੰਦਰ ਪਾਣੀ ਇਕੱਠਾ ਹੋਣ ਤੋਂ ਬਚਾਅ ਲਈ ਗਲੀਆਂ ਵਿੱਚ ਮਿੱਟੀ ਪਾ ਲਈ ਹੈ। ਇਸ ਕਾਰਣ ਗੰਦਾ ਪਾਣੀ ਚਿੱਕੜ ਦਾ ਰੂਪ ਧਾਰ ਲੈਂਦਾ ਹੈ। ਉਨਾਂ ਕਿਹਾ ਕਿ ਸ਼ੁਕਰ ਹੈ ਹਾਲੇ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਘੱਟ ਹੁੰਦੀ ਹੈ। ਜਦੋਂ ਲੌਕਡਾਉਣ ਤੋਂ ਪਹਿਲਾਂ ਉਨਾਂ ਦੇ ਇਲਾਕੇ ਦਾ ਪ੍ਰਾਇਮਰੀ ਸਕੂਲ ਖੁੱਲ੍ਹਾ ਰਹਿੰਦਾ ਸੀ, ਉਦੋਂ ਨੰਨ੍ਹੇ-ਮੁੰਨੇ ਬੱਚੇ ਅਕਸਰ ਹੀ ਤਿਲਕ ਤਿਲਕ ਕੇ ਚਿੱਕੜ ਵਿੱਚ ਡਿੱਗਦੇ ਰਹਿੰਦੇ ਸਨ। ਉਨਾਂ ਦੱਸਿਆ ਕਿ ਇੱਕ ਨਹੀਂ, ਇਲਾਕੇ ਦੇ ਲੋਕ ਕਈ ਵਾਰ ਇਲਾਕੇ ਦੇ ਨਿਕਾਸੀ ਪਾਣੀ ਲਈ ਸੀਵਰੇਜ ਪਾਉਣ ਲਈ ਦੁਰਖਾਸਤਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਦਿੰਦੇ ਰਹੇ ਹਨ, ਪਰੰਤੂ ਕੋਈ ਸੁਣਵਾਈ ਹੀ ਨਹੀਂ ਹੁੰਦੀ। ਉਨਾਂ ਕਿਹਾ ਨਗਰ ਕੌਂਸਲ ਵੱਲੋਂ ਉਨਾਂ ਦੇ ਨਜਦੀਕ ਪੈਂਦੇ ਇਲਾਕੇ ਰਾਏਕੋਟ ਰੋਡ ਅਤੇ ਨਾਨਕਸਰ ਰੋਡ ਤੇ ਸੀਵਰੇਜ ਪਾ ਦਿੱਤਾ ਹੈ। ਇੱਥੋਂ ਤੱਕ ਕਿ ਸਾਡੇ ਇਲਾਕੇ ਤੋਂ ਘੱਟ ਵੱਸੋਂ ਦੇ ਬਾਵਜੂਦ ਕੌਂਸਲ ਨੇ ਬੇਅਬਾਦ ਕਲੋਨੀਆਂ ਵਾਲੇ ਗਰਚਾ ਰੋਡ ਖੇਤਰ ਵਿੱਚ ਵੀ ਸੀਵਰੇਜ ਪਾ ਦਿੱਤਾ ਹੈ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਇਲਾਕੇ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਛੇਤੀ ਤੋਂ ਛੇਤੀ ਸੀਵਰੇਜ ਪਾ ਕੇ , ਨਰਕ ਵਰਗੀ ਜਿੰਦਗੀ ਜਿਊਂਣ ਲਈ ਮਜਬੂਰ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਜੇਕਰ ਪ੍ਰਸ਼ਾਸ਼ਨ ਨੇ ਉਨਾਂ ਦੀ ਗੱਲ ਨਾ ਸੁਣੀ ਤਾਂ ਉਹ ਮੁੱਖ ਸੜਕ ਮਾਰਗ ਤੇ ਪੱਕਾ ਧਰਨਾ ਲਾਉਣ ਨੂੰ ਮਜਬੂਰ ਹੋਣਗੇ। ਇਲਾਕਾ ਵਾਸੀਆਂ ਨੇ ਅੱਜ ਨਗਰ ਪ੍ਰਸ਼ਾਸ਼ਨ ਦੇ ਖਿਲਾਫ ਰੋਸ ਪ੍ਰਗਟ ਕਰਨ ਲਈ ਜੋਰਦਾਰ ਨਾਅਰੇਬਾਜੀ ਵੀ ਕੀਤੀ।
ਈ.ਉ. ਮਨਪ੍ਰੀਤ ਸਿੰਘ ਨੇ ਕਿਹਾ,
ਨਗਰ ਕੌਂਸਲ ਦੇ ਈ.ਉ. ਮਨਪ੍ਰੀਤ ਸਿੰਘ ਨੇ ਕਿਹਾ ਇਲਾਕੇ ਦੇ ਲੋਕ ਉਨਾਂ ਨੂੰ ਸੀਵਰੇਜ ਪਾਉਣ ਲਈ ਦੁਰਖਾਸਤ ਦੇਣ ਤਾਂ ਉਹ ਆਪਣੀ ਤਰਫੋਂ ਸੀਵਰੇਜ ਬੋਰਡ ਨੂੰ ਗੁਰਸੇਵਕ ਨਗਰ ਇਲਾਕੇ ਅੰਦਰ ਵੀ ਸੀਵਰੇਜ ਪਾਉਣ ਦੀ ਪ੍ਰਪੋਜਲ ਭੇਜ ਕੇ ਛੇਤੀ ਕੰਮ ਸ਼ੁਰੂ ਕਰਨ ਦੀ ਸਿਫਾਰਿਸ਼ ਕਰਨਗੇ।
ਸਬਰ ਦਾ ਬੰਨ੍ਹ ਟੁੱਟਿਆ, ਪੀ.ਆਈ.ਐਲ. ਪਾਉਣ ਦੀ ਤਿਆਰੀ
ਗੁਰਸੇਵਕ ਨਗਰ ਦੇ ਰਹਿਣ ਵਾਲੇ ਐਡਵੋਕੇਟ ਸੰਦੀਪ ਸਿੰਘ ਨੇ ਬਰਨਾਲਾ ਟੂਡੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਇਲਾਕੇ ਦੇ ਲੋਕਾਂ ਦਾ ਪ੍ਰਸ਼ਾਸ਼ਨ ਨੂੰ ਦੁਰਖਾਸਤਾਂ ਤੇ ਮੰਗ ਪੱਤਰ ਦੇ ਦੇ ਕੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ। ਉਨਾਂ ਕਿਹਾ ਕਿ ਇਲਾਕੇ ਵਿੱਚ ਖੜ੍ਹੇ ਗੰਦੇ ਪਾਣੀ ਤੇ ਮੱਛਰ ਪੈਦਾ ਹੋ ਜਾਂਦਾ ਹੈ,ਜਿਸ ਕਾਰਣ ਹਰ ਪਲ ਇਲਾਕੇ ਦੇ ਲੋਕਾਂ ਸਿਰ ਬੀਮਾਰੀਆਂ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ। ਉਨਾਂ ਕਿਹਾ ਕਿ ਗਲੀਆਂ ਵਿੱਚ ਬਦਬੂ ਕਾਰਣ ਲੋਕਾਂ ਨੂੰ ਘਰਾਂ ਅੰਦਰ ਵੀ ਨੱਕ ਤੇ ਰੁਮਾਲ ਬੰਨ੍ਹ ਕੇ ਰਹਿਣਾ ਪੈਂਦਾ ਹੈ। ਘਰੋਂ ਬਾਹਰ ਨਿੱਕਲਣਾ ਤਾਂ ਜਾਨ ਜੋਖਿਮ ਵਿੱਚ ਪਾਉਣ ਦੇ ਤੁੱਲ ਹੀ ਹੈ। ਐਡਵੋਕੇਟ ਸੰਦੀਪ ਸਿੰਘ ਨੇ ਕਿਹਾ ਕਿ ਉਹ ਕਾਫੀ ਦਸਤਾਵੇਜ ਇਕੱਠੇ ਕਰ ਚੁੱਕੇ ਹਨ ਅਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਪੀ.ਆਈ.ਐਲ. ਪਾਉਣ ਦੀ ਤਿਆਰੀ ਕਰ ਲਈ ਹੈ।