ਸਿਹਤ ਕਰਮਚਾਰੀਆਂ ਦੀ ਕੋਤਾਹੀ ਨੂੰ ਲੁਕਾਉਣ ਤੇ ਲੱਗਿਆ ਅਧਿਕਾਰੀਆਂ ਦਾ ਜੋਰ
ਸੀ.ਐਮ.ਉ. ਦੇ ਹੁਕਮਾਂ ਨੂੰ ਵੀ ਐਸ.ਐਮ.ਉ. ਨੇ ਜਾਣਿਆ ਟਿੱਚ- ਜਤਿੰਦਰ ਜਿੰਮੀ
ਐਡਵੋਕੇਟ ਕੁਲਵੰਤ ਗੋਇਲ ਨੇ ਕਿਹਾ, ਹਾਈਕੋਰਟ ਵਿੱਚ ਦਾਇਰ ਕਰਾਂਗੇ ਪੀ.ਆਈ.ਐਲ
ਹਰਿੰਦਰ ਨਿੱਕਾ , ਬਰਨਾਲਾ 8 ਦਸੰਬਰ 2020
ਸਿਹਤ ਵਿਭਾਗ ਦੇ ਕੁਝ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਲਾਪਰਵਾਹੀ ਸਦਕਾ ਸਰਕਾਰੀ ਹਸਪਤਾਲ ਦੇ ਪੰਘੂੜੇ ‘ਚ ਹੀ ਕਰੀਬ 6 ਮਹੀਨੇ ਪਹਿਲਾਂ ਪ੍ਰਾਣ ਤਿਆਗ ਦੇਣ ਵਾਲੀ ਨਵਜੰਮੀ ਲਾਵਾਰਿਸ ਬੱਚੀ ਦੀ ਮੌਤ ਲਈ ਜਿੰਮੇਵਾਰ ਕਰਮਚਾਰੀਆਂ ਨੂੰ ਬਚਾਉਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਹੈ। ਇਸ ਦਾ ਖੁਲਾਸਾ ਸ੍ਰੋਮਣੀ ਅਕਾਲੀ ਦਲ ਦੇ ਸੂਬਾਈ ਆਗੂ ਅਤੇ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਜਤਿੰਦਰ ਜਿੰਮੀ ਨੇ ਤੱਥਾਂ ਸਹਿਤ ” ਬਰਨਾਲਾ ਟੂਡੇ ” ਨਾਲ ਗੱਲਬਾਤ ਕਰਦਿਆਂ ਕੀਤਾ। ਜਿੰਮੀ ਨੇ ਕਿਹਾ ਕਿ ਐਡਵੋਕੇਟ ਕੁਲਵੰਤ ਰਾਏ ਗੋਇਲ ਵੱਲੋਂ,, ਪੰਘੂੜੇ ਵਿੱਚ ਬੱਚੀ ਦੀ ਮੌਤ ਲਈ ਜਿੰਮੇਵਾਰ ਸਿਹਤ ਵਿਭਾਗ ਦੇ ਅਮਲੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਇੱਕ ਸ਼ਕਾਇਤ ,ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਕੋਲ ਪੇਸ਼ ਕੀਤੀ ਗਈ ਸੀ।
ਇਸ ਦੀ ਗੰਭੀਰਤਾ ਨਾਲ ਪੜਤਾਲ ਕਰਨ ਦੀ ਬਜਾਏ ਸਿਵਲ ਸਰਜਨ ਨੇ ਕਮੇਟੀ ‘ਚ ਲਿਖਤੀ ਜੁਆਬ ਭੇਜ ਦਿੱਤਾ ਕਿ ਅੱਗੋਂ ਤੋਂ ਕੋਈ ਅਜਿਹੀ ਘਟਨਾ ਨਾ ਵਾਪਰੇ, ਇਸ ਲਈ ਹਸਪਤਾਲ ਵੱਲੋਂ ਪੁਖਤਾ ਬੰਦੋਬਸਤ ਕਰ ਲਏ ਗਏ ਹਨ। ਉਨਾਂ ਸਬੰਧਿਤ ਦੋਸ਼ੀ ਕਰਮਚਾਰੀਆਂ ਦੇ ਖਿਲਾਫ ਕੋਈ ਵਿਭਾਗੀ ਐਕਸ਼ਨ ਲੈਣ ਦੀ ਬਜਾਏ ,ਸ਼ਕਾਇਤ ਨੂੰ ਹੀ ਦਾਖਿਲ ਦਫਤਰ ਕਰਨ ਲਈ ਲਿਖ ਕੇ ਭੇਜ ਦਿੱਤਾ। ਪਰੰਤੂ ਸੀ.ਐਮ.ਉ ਦੀ ਇਸ ਤਰਾਂ ਦੀ ਸਿਫਾਰਸ਼ ਨੂੰ ਠੁਕਰਾਉਂਦਿਆਂ ਸ਼ਕਾਇਤ ਨਿਵਾਰਣ ਕਮੇਟੀ ਦੇ ਚੇਅਰਮੈਨ ਅਤੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਇਸ ਕੇਸ ਦੀ ਜਾਂਚ ਡੀ.ਸੀ. ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਸੌਂਪ ਦਿੱਤੀ ਸੀ।
ਪੋਸਟਮਾਰਟਮ ਰਿਪੋਰਟ ਦੇਣ ਤੋਂ ਐਸ.ਐਮ.ਉ ਨੇ ਵੱਟਿਆ ਟਾਲਾ
ਜਤਿੰਦਰ ਜਿੰਮੀ ਨੇ ਦੱਸਿਆ ਕਿ ਉਨਾਂ ਬਤੌਰ ਸ਼ਕਾਇਤ ਨਿਵਾਰਣ ਕਮੇਟੀ ਮੈਂਬਰ ਪੰਘੂੜੇ ‘ਚ ਮਰਨ ਵਾਲੀ ਲਾਵਾਰਿਸ ਬੱਚੀ ਦੀ ਪੋਸਟਮਾਰਟਮ ਰਿਪੋਰਟ ਅਤੇ 10 ਜੂਨ ਦੀ ਰਾਤ ਅਤੇ 11 ਜੂਨ ਦੀ ਸਵੇਰੇ ਦੀ ਡਿਊਟੀ ਤੇ ਤਾਇਨਾਤ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਜਾਣਕਾਰੀ ਪ੍ਰਾਪਤ ਕਰਕੇ , ਇਨਕੁਆਰੀ ਅਫਸਰ ਡੀ.ਸੀ. ਫੂਲਕਾ ਨੂੰ ਦੇਣ ਲਈ ਸੀ.ਐਮ.ਉ. ਨਾਲ ਗੱਲ ਕੀਤੀ। ਜਿੰਨ੍ਹਾਂ ਮੇਰੀ ਹਾਜਿਰੀ ਵਿੱਚ ਹੀ ਐਸ.ਐਮ.ਉ. ਡਾਕਟਰ ਜੋਤੀ ਕੌਸ਼ਲ ਨੂੰ ਫੋਨ ਕਰਕੇ, ਦੋਵੇਂ ਦਸਤਾਵੇਜ ਦੇਣ ਲਈ ਕਿਹਾ। ਜਦੋਂ ਉਹ ਐਸ.ਐਮ.ਉ. ਦਫਤਰ ਪਹੁੰਚਿਆਂ ਤਾਂ ਐਸ.ਐਮ.ਉ. ਨੇ ਦਸਤਾਵੇਜ ਦੇਣ ਲਈ, ਲਿਖਤੀ ਦੁਰਖਾਸਤ ਦੀ ਮੰਗ ਕੀਤੀ। ਜਿਹੜੀ ਤੁਰੰਤ ਹੀ ਦੇ ਦਿੱਤੀ ਗਈ। ਉਨਾਂ ਦੁਰਖਾਸਤ , ਡੀਲਿੰਗ ਹੈਂਡ ਕਲਰਕ ਕੋਲ ਭੇਜ ਦਿੱਤੀ।
ਜਿੰਮੀ ਨੇ ਕਿਹਾ ਕਿ ਐਸ.ਐਮ.ਉ. ਕੌਸ਼ਲ ਨੇ ਜੁਬਾਨੀ ਤੌਰ ਤੇ ਦੱਸਿਆ ਕਿ ਹਾਲੇ ਤੱਕ ਪੋਸਟਮਾਰਟਮ ਦੀ ਰਿਪੋਰਟ ਆਈ ਹੀ ਨਹੀਂ । ਬਿਸਰਾ ਖਰੜ ਲੈਬ ਵਿੱਚ ਜਾਂਚ ਲਈ ਭੇਜਿਆ ਗਿਆ ਹੈ। ਜਦੋਂ ਕਿ ਡੀਲਿੰਗ ਹੈਂਡ ਨੇ ਇੱਕ ਘੰਟੇ ਬਾਅਦ ਦਸਤਾਵੇਜ ਲੈ ਜਾਣ ਲਈ ਕਿਹਾ। ਹੈਰਾਨੀ ਦੀ ਗੱਲ ਉਦੋਂ ਦੇਖਣ ਨੂੰ ਮਿਲੀ , ਜਦੋਂ ਡੀਲਿੰਗ ਹੈਂਡ ਨੇ ਦੱਸਿਆ ਕਿ ਉਸ ਨੂੰ ਐਸ.ਐਮ.ਉ. ਨੇ ਪੋਸਟਮਾਰਟਮ ਦੀ ਕਾਪੀ ਦੇਣ ਤੋਂ ਰੋਕ ਦਿੱਤਾ ਹੈ। ਜਦੋਂ ਇਸ ਬਾਰੇ ਲਿਖਤ ਰਿਪਲਾਈ ਦੀ ਮੰਗ ਕੀਤੀ ਤਾਂ ਐਸ.ਐਮ.ਉ ਜੋਤੀ ਕੌਸ਼ਲ ਨੇ ਪੋਸਟਮਾਰਟ ਦੀ ਰਿਪੋਰਟ ਦੇਣ ਤੋਂ ਟਾਲਾ ਵੱਟਦਿਆਂ ਹਾਸੋਹੀਣਾ ਜੁਆਬ ਲਿਖਤੀ ਤੌਰ ਤੇ ਦਿੱਤਾ ਕਿ ਪੰਘੂੜੇ ਵਿੱਚ ਮਰਨ ਵਾਲੀ ਬੱਚੀ ਦੇ ਵਾਰਿਸਾਂ ਨੂੰ ਹੀ ਪੋਸਟਮਾਰਟਮ ਰਿਪੋਰਟ ਦਿੱਤੀ ਜਾ ਸਕਦੀ ਹੈ। ਜਿੰਮੀ ਨੇ ਕਿਹਾ ਕਿ ਇਸ ਨੂੰ ਅਕਲ ਦਾ ਜਨਾਜਾ ਨਿੱਕਲਿਆ ਹੀ ਕਿਹਾ ਜਾ ਸਕਦਾ ਹੈ, ਕਿ ਸਿਹਤ ਵਿਭਾਗ ਦੇ ਅਧਿਕਾਰੀ ਇਹ ਜਾਣਦੇ ਹੋਏ ਕਿ ਪੰਘੂੜੇ ਵਿੱਚ ਮਰਨ ਵਾਲੀ ਬੱਚੀ ਲਾਵਾਰਿਸ ਸੀ, ਉਸ ਦਾ ਕੋਈ ਵਾਰਿਸ ਭਲਾਂ ਕੌਣ ਪੋਸਟਮਾਰਟਮ ਦੀ ਰਿਪੋਰਟ ਲੈਣ ਆ ਸਕਦਾ ਹੈ ? ਉਨਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਨਾ ਦੇਣ ਦਾ ਮਤਲਬ ਪੂਰੀ ਤਰਾਂ ਸਾਫ ਹੈ ਕਿ ਉਸ ਨਾਲ ਮੌਤ ਸਬੰਧੀ ਪਾਇਆ ਪਰਦਾ ਉੱਠ ਸਕਦਾ ਹੈ। ਜਿਸ ਕਾਰਣ ਹੀ ਸਿਹਤ ਵਿਭਾਗ ਦੇ ਅਧਿਕਾਰੀ ਪੋਸਟਮਾਰਮ ਰਿਪੋਰਟ ਨੂੰ ਲੁਕੋ ਕੇ ਕੇਸ ਨੂੰ ਰਫਾ ਦਫਾ ਕਰਨ ਤੇ ਉਤਾਰੂ ਹਨ।
ਐਡਵੋਕੇਟ ਗੋਇਲ ਨੇ ਕਿਹਾ, ਪੀ.ਆਈ.ਐਲ ਦਾਇਰ ਕਰਾਂਗੇ
ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਨੂੰ ਸ਼ਕਾਇਤ ਦੇਣ ਵਾਲੇ ਐਡਵੋਕੇਟ ਕੁਲਵੰਤ ਰਾਏ ਗੋਇਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਇਹ ਭੁੱਲ ਜਾਣ ਕਿ ਲਾਵਾਰਿਸ ਬੱਚੀ ਦੀ ਮੌਤ ਲਈ ਜਿੰਮੇਵਾਰ ਮੁਲਾਜਮਾਂ ਨੂੰ ਉਹ ਪੋਸਟਮਾਰਟਮ ਰਿਪੋਰਟ ਨੂੰ ਲੁਕੋ ਕੇ ਬਚਾ ਲੈਣਗੇ। ਉਨਾਂ ਕਿਹਾ ਕਿ ਕਿੰਨ੍ਹੀਂ ਸ਼ਰਮਨਾਕ ਗੱਲ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀ ਪੰਘੂੜੇ ਵਿੱਚ ਮਰਨ ਵਾਲੀ ਲਾਵਾਰਿਸ ਬੱਚੀ ਦੇ ਵਾਰਿਸ ਨੂੰ ਪੋਸਟਮਾਰਟਮ ਰਿਪੋਰਟ ਦੇਣ ਦਾ ਜੁਆਬ ਦੇ ਰਹੇ ਹਨ। ਜੇਕਰ ਉਸ ਮਾਸੂਮ ਬੱਚੀ ਦਾ ਕੋਈ ਵਾਰਿਸ ਬਣਦਾ ਤਾਂ ਉਸ ਨੂੰ ਪੰਘੂੜੇ ਵਿੱਚ ਕਿਉਂ ਜਾਨ ਦੇਣੀ ਪੈਂਦੀ। ਗੋਇਲ ਨੇ ਕਿਹਾ ਕਿ ਮਾਸੂਮ ਬੱਚੀ ਦੀ ਮੌਤ ਲਈ ਜਿੱਥੇ ਡਿਊਟੀ ਤੇ ਤਾਇਨਾਤ ਸਿਹਤ ਵਿਭਾਗ ਦੇ ਕਰਮਚਾਰੀ ਜਿੰਮੇਵਾਰ ਹਨ, ਉਨਾਂ ਤੋਂ ਵੀ ਵੱਧ ਕਸੂਰਵਾਰ ਤਾਂ ਕਰਮਚਾਰੀਆਂ ਦੀ ਢਾਲ ਬਣ ਰਹੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਹਨ। ਐਡਵੋਕੇਟ ਗੋਇਲ ਨੇ ਕਿਹਾ ਕਿ ਉਹ ਜਲਦ ਹੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਪੀ.ਆਈ.ਐਲ. ਦਾਇਰ ਕਰਨਗੇ।