ਕਿਸਾਨਾਂ ਦੇ ਸਮਰਥਨ ‘ਚ ਆਏ ਜਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੇ ਵਕੀਲ
ਬਾਰ ਕੌਂਸਲ ਦੇ ਮੈਂਬਰ ਐਡਵੋਕੇਟ ਕੁਲਵਿਜੇ ਸਿੰਘ ਨੇ ਕਿਹਾ ਵਕੀਲ ਭਾਈਚਾਰਾ ਕਿਸਾਨਾਂ ਦੇ ਨਾਲ
ਹਰਿੰਦਰ ਨਿੱਕਾ ,ਰਘਵੀਰ ਹੈਪੀ , ਬਰਨਾਲਾ 8 ਦਸੰਬਰ 2020
ਕਿਸਾਨ ਵਿਰੋਧੀ ਖੇਤੀ ਕਾਨੂੰਨਾ ਦੇ ਖਿਲਾਫ ਲੰਬੇ ਸਮੇਂ ਤੋਂ ਸੰਘਰਸ਼ ਦੇ ਮੈਦਾਨ ਵਿੱਚ ਡਟੀਆਂ ਕਿਸਾਨ ਯੂਨੀਅਨਾਂ ਦੇ ਦਿੱਤੇ ਬੰਦ ਦੇ ਸੱਦੇ ਮੌਕੇ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਅਤੇ ਬਾਰ ਐਸੋਸੀਏਸ਼ਨ ਬਰਨਾਲਾ ਦੇ ਵਕੀਲਾਂ ਨੇ ਵੀ ਰੋਸ ਪ੍ਰਦਰਸ਼ਨ ਕਰਕੇ ਕਿਸਾਨ ਅਤੇ ਖੇਤੀ ਵਿਰੋਧੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਅਮਰ ਸ਼ਹੀਦ ਸਰਦਾਰ ਭਗਤ ਸਿੰਘ ਚੌਂਕ ਵਿੱਚ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਬਰਨਾਲਾ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਤੇ ਅੱਜ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰਾਂ ਕਿਸਾਨਾਂ ਦੇ ਹੱਕ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਨੂੰ ਦਾਅ ਤੇ ਲਾ ਕੇ ਕਿਸਾਨ ਵਿਰੋਧੀ ਬਿੱਲਾਂ ਨੂੰ ਵਿਧਾਨ ਸਭਾ ਵਿੱਚ ਰੱਦ ਕਰਕੇ ਵਿਲੱਖਣ ਅਤੇ ਇਤਹਾਸਿਕ ਕੰਮ ਕੀਤਾ ਹੈ। ਹੁਣ ਵੀ ਹਰ ਤਰਾਂ ਨਾਲ ਕਾਂਗਰਸ ਪਾਰਟੀ ਕਿਸਾਨਾਂ-ਮਜਦੂਰਾਂ ਅਤੇ ਆੜਤੀਆਂ ਨਾਲ ਖੜ੍ਹੀ ਹੈ। ਇਸ ਮੌਕੇ ਕਾਂਗਰਸੀ ਆਗੂ ਸੁਖਜੀਤ ਕੌਰ ਸੁੱਖੀ, ਕੈਪਟਨ ਭੁਪਿੰਦਰ ਸਿੰਘ ਤੇ ਹੋਰ ਆਗੂ ਮੌਜੂਦ ਰਹੇ।
ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਦੀ ਅਗਵਾਈ ਵਿੱਚ ਆਪ ਨੇਤਾਵਾਂ ਅਤੇ ਵਰਕਰਾਂ ਦੀ ਤਰਫੋਂ ਅਗਰਵਾਲ ਧਰਮਸ਼ਾਲਾ ਵਿਖੇ ਮੀਟਿੰਗ ਕਰਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਸੰਘਰਸ਼ ਨਾਲ ਮੁੱਢ ਤੋਂ ਖੜ੍ਹੀ ਹੈ ਅਤੇ ਸ਼ੁਰੂ ਤੋਂ ਹੀ ਕਿਸਾਨ ਅਤੇ ਖੇਤੀ ਵਿਰੋਧੀ ਬਿਲਾਂ ਦਾ ਵਿਰੋਧ ਕਰਦੀ ਆ ਰਹੀ ਹੈ। ਉਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਤਿੰਨੋਂ ਕਾਨੂੰਨ ਵਾਪਿਸ ਨਾ ਲਏ ਤਾਂ ਕਿਸਾਨ ਸੰਘਰਸ਼ ਹੋਰ ਵੀ ਸ਼ਿਖਰ ਨੂੰ ਛੂਹ ਲਵੇਗਾ। ਇਸ ਮੌਕੇ ਆਪ ਦੇ ਯੂਥ ਵਿੰਗ ਪ੍ਰਧਾਨ ਪਰਵਿੰਦਰ ਸਿੰਘ ਭੰਗੂ, ਮਾਸਟਰ ਪ੍ਰੇਮ ਕੁਮਾਰ ਆਦਿ ਆਗੂ ਵੀ ਹਾਜ਼ਿਰ ਰਹੇ।
ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਬਾਂਸਲ ਦੀ ਅਗਵਾਈ ਵਿੱਚ ਬਾਰ ਦੇ ਵਕੀਲਾਂ ਨੇ ਕੋਰਟ ਕੰਪਲੈਕਸ ਤੋਂ ਲੈ ਕੇ ਕਚਿਹਰੀ ਚੌਂਕ ਤੱਕ ਰੋਸ ਮਾਰਚ ਕਰਕੇ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਬਾਰ ਦੇ ਸੈਕਟਰੀ ਐਡਵੋਕੇਟ ਦਰਸ਼ਨ ਸਿੰਘ ਸਿੰਮਕ, ਐਡਵੋਕੇਟ ਜਗਜੀਤ ਸਿੰਘ ਢਿੱਲੋਂ, ਐਡਵੋਕੇਟ ਕੁਲਵੰਤ ਰਾਏ ਗੋਇਲ ਅਤੇ ਐਡਵੋਕੇਟ ਨਰੇਸ਼ ਬਾਵਾ, ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਸਾਨ ਸੰਘਰਸ਼ ਅਤੇ ਉਨਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਅਤੇ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਡਟ ਕੇ ਸਾਥ ਦੇਣ ਦਾ ਐਲਾਨ ਵੀ ਕੀਤਾ। ਟੂਡੇ ਨਿਊਜ ਨਾਲ ਗੱਲਬਾਤ ਕਰਦਿਆਂ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਕੋਆਪਟਿਡ ਮੈਂਬਰ ਐਡਵੋਕੇਟ ਕੁਲਵਿਜੇ ਸਿੰਘ ਤਪਾ ਨੇ ਕਿਹਾ ਕਿ ਬਾਰ ਕੌਂਸਲ ਦੇ ਸੱਦੇ ਤੇ ਅਦਾਲਤੀ ਕੰਮ ਕਾਜ ਬੰਦ ਕਰਕੇ ਰੋਸ ਮਾਰਚ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਤਿੰਨੋਂ ਬਿੱਲ ਰੱਦ ਕਰੇ, ਉਨਾਂ ਕਿਹਾ ਕਿ ਹੁਣ ਇਹ ਸੰਘਰਸ਼ ਇਕੱਲੇ ਕਿਸਾਨਾਂ–ਮਜਦੂਰਾਂ ਜਾਂ ਆੜਤੀਆਂ ਦਾ ਨਾ ਰਹਿ ਕੇ ਹਰ ਵਰਗ ਦਾ ਬਣ ਚੁੱਕਿਆ ਹੈ। ਉੱਨਾਂ ਕਿਹਾ ਕਿ ਸਮੁੱਚਾ ਵਕੀਲ ਭਾਈਚਾਰਾ ਕਿਸਾਨ ਸੰਘਰਸ਼ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ।