ਕੌਰਡੀਸੈਪਸ ਦੀ ਕਾਸ਼ਤ ਕਰਨ ਵਾਲਾ ਸੂਬੇ ਦਾ ਪਹਿਲਾ ਤੇ ਦੇਸ਼ ਦਾ ਦੂਜਾ ਕਿਸਾਨ ਬਣਿਆ ਰਛਪਾਲ
1 ਲੱਖ ਰੁਪਏ ਕਿਲੋ ਦੇ ਹਿਸਾਬ ਨਾਲ ਹੁੰਦੀ ਹੈ ਮੈਡੀਸਨਿਲ ਖੁੰਬਾਂ ਦੀ ਵਿਕਰੀ
ਬੱਲੋ ਸਟਰ੍ਰਾਬੇਰੀ ਦੀ ਕਾਸ਼ਤ ਨਾਲ ਵੀ ਚਮਕਾਇਆ ਅਪਣਾ ਨਾਮ
ਰਘਵੀਰ ਹੈਪੀ ਬਰਨਾਲਾ, 27 ਨਵੰਬਰ 2020
ਜ਼ਿਲ੍ਹਾ ਬਰਨਾਲਾ ਦੇ ਪਿੰਡ ਬੱਲੋਕੇ ਦੇ 28 ਸਾਲਾ ਨੌਜਵਾਨ ਰਛਪਾਲ ਸਿੰਘ ਨੇ ਕੌਰਡੀਸੈਪਸ ਮਿਲੀਟੀਅਰਸ (ਮੈਡੀਸਨਲ ਖੁੰਬਾਂ) ਦੀ ਸਫਲ ਖੇਤੀ ਕਰ ਕੇ ਅਨੋਖੀ ਮਿਸਾਲ ਕਾਇਮ ਕੀਤੀ ਹੈ। ਆਪਣੀ ਲੈਬ ਵਿਚ ਮਿਆਰੀ ਗੁਣਵੱਤਾ ਦੇ ਕੌਰਡੀਸੈਪਸ ਤਿਆਰ ਕਰਨ ਕਰਨਾ ਵਾਲਾ ਰਛਪਾਲ ਸਿੰਘ ਪੰਜਾਬ ਦਾ ਪਹਿਲਾ ਕਿਸਾਨ ਹੈ ਅਤੇ ਦੇਸ਼ ਦਾ ਦੂਜਾ ਕਿਸਾਨ ਹੈ।
ਨੌਜਵਾਨ ਕਿਸਾਨ ਰਛਪਾਲ ਸਿੰਘ ਪੁੱਤਰ ਤੀਰਥ ਸਿੰਘ ਨੇ ਦੱਸਿਆ ਕਿ ਸਾਲ 2017 ਵਿਚ ਉਸ ਨੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਖੁੰਬਾਂ ਦੀ ਕਾਸ਼ਤ ਬਾਰੇ ਚਾਰ ਰੋਜ਼ਾ ਸਿਖਲਾਈ ਲਈ ਤਾਂ ਉਸ ਨੂੰ ਪਤਾ ਲੱਗਿਆ ਕਿ ਖੁੰਬਾਂ/ਫੰਗਸ ਦੀਆਂ ਕਿਸਮਾਂ ਵਿਚੋਂ ਕੁਝ ਅਨੋਖੀਆਂ ਕਿਸਮਾਂ ਵੀ ਹਨ, ਜੋ ਬਹੁਤ ਅਨੋਖੇ ਮੈਡੀਸਨਲ ਗੁਣ ਰੱਖਦੀਆਂ ਹਨ ਤੇ ਹਿਮਾਲਿਆ ਖੇਤਰਾਂ ਵਿਚ ਹੀ ਪਾਈਆਂ ਜਾਂਦੀਆਂ ਹਨ।
ਉਸ ਸਮੇਂ ਉਸ ਨੇ ਆਮ ਖੁੰਬਾਂ ਦੀ ਕਾਸ਼ਤ ਦੀ ਬਜਾਏ ਕੌਰਡੀਸੈਪਸ ਲੈਬ ਵਿਚ ਤਿਆਰ ਕਰਨ ਦਾ ਫੈਸਲਾ ਲਿਆ, ਪਰ ਉਸ ਨੂੰ ਹਿਮਾਲਿਆ ਖੇਤਰ ਦੇ ਤਾਪਮਾਨ ਦੇ ਬਰਾਬਰ ਤਾਪਮਾਨ ਵਾਲੀ ਲੈਬ ਬਣਾਉਣ ਅਤੇ ਕੌਰਡੀਸੈਪਸ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਨਹੀਂ ਸੀ।
ਰਛਪਾਲ ਸਿੰਘ ਦੱਸਿਆ ਕਿ ਉਸ ਨੇ ਬੀ ਏ ਕੀਤੀ ਹੋਈ ਸੀ, ਪਰ ਉਸ ਨੂੰ ਸਾਇੰਸ ਦਾ ਬਹੁਤ ਗਿਆਨ ਨਾ ਹੋਣ ਕਾਰਨ ਉਸ ਨੇ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੀ ਬਾਇਓਲੌਜੀ ਪੜ੍ਹੀ ਤੇ ਟਿਸ਼ੂ ਕਲਚਰ ਤੇ ਕੌਰਡੀਸੈਪਸ ਬਾਰੇ ਆਰਟੀਕਲ ਪੜ੍ਹਨੇ ਸ਼ੁਰੂ ਕੀਤੇ। ਲਗਾਤਾਰ ਕਰੀਬ ਡੇਢ ਸਾਲ ਮਿਹਨਤ ਤੋਂ ਬਾਅਦ ਉਹ ਮਿਆਰੀ ਗੁਣਵੱਤਾ ਵਾਲੀ ਕੌਰਡੀਸੈਪਸ (ਮੈਡੀਸਨਲ ਖੁੰਬਾਂ) ਤਿਆਰ ਕਰਨ ਵਿਚ ਸਫਲ ਹੋ ਗਿਆ ਤੇ ਉਹ ਭਾਰਤ ਵਿਚੋਂ ਦੂਜਾ ਕਿਸਾਨ ਸੀ, ਜਿਸ ਨੇ ਇਹ ਖੁੰਬਾਂ ਤਿਆਰ ਕੀਤੀਆਂ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਨੇ ਦੱਸਿਆ ਕਿ ਕਿਸਾਨ ਰਛਪਾਲ ਸਿੰਘ ਪਿੰਡ ਬੱਲੋਕੇ ਆਧੁਨਿਕ ਤਕਨੀਕ ਤੇ ਵਿਗਿਆਨਕ ਤਕਨੀਕ ਟਿਸ਼ੂ ਕਲਚਰ ਉੱਪਰ ਕੌਰਡੀਸੈਪਸ ਮਿਲੀਟੀਅਰਸ (ਮੈਡੀਸਨਲ ਮਸ਼ਰੂਮ) ਦੀ ਖੇਤੀ ਕਰ ਰਿਹਾ ਹੈ, ਜਿਸ ਦੀ ਵਰਤੋਂ ਦਵਾਈਆਂ ਜਿਵੇਂ ਐਨਰਜੀ ਡਰਿੰਕਸ, ਕੈਂਸਰ, ਕਿਡਨੀ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਖਤਮ ਕਰਨ ਲਈ ਦਵਾਈਆਂ ਬਣਾਉਣ ਵਾਸਤੇ ਕੀਤੀ ਜਾਂਦੀ ਹੈ ਅਤੇ ਇਸ ਦੀ ਕੀਮਤ ਇਕ ਲੱਖ ਤੋਂ 5 ਲੱਖ ਰੁਪਏ ਪ੍ਰਤੀ ਕਿਲੋ ਹੈ। ਇਸ ਵੇਲੇ ਕਿਸਾਨ ਰਛਪਾਲ ਸਿੰਘ ਲੱਖ ਰੁਪਏ ਕਿਲੋ ਦੇ ਹਿਸਾਬ ਨਾਲ ਕੌਰਡੀਸੈਪਸ ਵੇਚ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕਿਸਾਨ ਰਛਪਾਲ ਸਿੰਘ ਖੁੰਬਾਂ ਦੇ ਨਾਲ ਨਾਲ ਸਟਰਾਅਬੇਰੀ ਦੀ ਕਾਸ਼ਤ ਵੀ ਕਰਦਾ ਹੈ ਤੇ ਬੱਲੋ ਬਰੈਂਡ ਹੇਠ ਆਪਣਾ ਉਤਪਾਤ ਸੂਬੇ ਦੇ ਵੱਡੇ ਸ਼ਹਿਰਾਂ ਤੋਂ ਲੈ ਕੇ ਦਿੱਲੀ ਤੱਕ ਦੀਆਂ ਮੰਡੀਆਂ ਵਿਚ ਵੇਚਦਾ ਹੈ। ਸਟਰਾਅਬੇਰੀ ਦੇ ਵੱਡੇ ਆਕਾਰ ਅਤੇ ਬਿਹਤਰੀਨ ਸਵਾਦ ਕਰ ਕੇ ਬੱਲੋ ਸਟਰਾਅਬੇਰੀ ਨੇ ਬਹੁਤ ਨਾਮ ਕਮਾਇਆ ਹੈ।
ਮੈਡੀਸਨਿਲ ਗੁਣਾਂ ਕਾਰਨ ਕੌਰਡੀਸੈਪਸ ਦੀ ਹੈ ਭਾਰੀ ਮੰਗਕਿਸਾਨ ਰਛਪਾਲ ਸਿੰਘ ਨੇ ਦੱਸਿਆ ਕਿ ਕੌਰਡੀਸੈਪਸ (ਮੈਡੀਸਨਲ ਖੁੰਬਾਂ ) ਵਿਚ ਅਨੋਖੇ ਗੁਣ ਹਨ ਤੇ ਇਸ ਤੋਂ ਬਣੀ ਚਾਹ/ਡਰਿੰਕ ਆਦਿ ਚਮਤਕਾਰੀ ਰੂਪ ਵਿਚ ਕੰਮ ਕਰਦੇ ਹਨ। ਉਹ ਇਕ ਲੱਖ ਰੁਪਏ ਕਿਲੋ ਦੇ ਹਿਸਾਬ ਨਾਲ ਇਸ ਦੀ ਵਿਕਰੀ ਕਰਦਾ ਹੈ ਅਤੇ ਉਸ ਨੂੰ ਦੇਸ਼ ਭਰ ਵਿਚੋਂ ਕੌਰਡੀਸੈਪਸ ਦੇ ਆਨਲਾਈਨ ਆਰਡਰ ਆਉਂਦੇ ਹਨ।
ਡਿਪਟੀ ਕਮਿਸ਼ਨਰ ਵੱਲੋਂ ਰਛਪਾਲ ਸਿੰਘ ਨੂੰ 60 ਹਜ਼ਾਰ ਦਾ ਚੈੱਕ ਭੇਟ
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਪਿੰਡ ਬੱਲੋਕੇ ਵਿਖੇ ਕਿਸਾਨ ਰਛਪਾਲ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਰਛਪਾਲ ਸਿੰਘ ਦੇ ਉਦਮਾਂ ਦੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਛਪਾਲ ਸਿੰਘ ਪੰਜਾਬ ’ਚੋਂ ਇਕਲੌਤਾ ਕਿਸਾਨ ਹੈ, ਜੋ ਕੌਰਡੀਸੈਪਸ ਤਿਆਰ ਕਰ ਰਿਹਾ ਹੈ। ਉਨ੍ਹਾਂ ਆਤਮਾ ਸਕੀਮ ਤਹਿਤ ਇਨੋਵੇਟਿਵ ਐਕਟੀਵਿਟੀ ਅਧੀਨ 50,000 ਹਜ਼ਾਰ ਰੁਪਏ ਅਤੇ ਕਿਸਾਨ ਐਵਾਰਡ ਤਹਿਤ 10,000 ਹਜਾਰ ਦਾ ਚੈੱਕ ਰਛਪਾਲ ਸਿੰਘ ਨੂੰ ਭੇਟ ਕੀਤਾ ਅਤੇ ਹੋਰ ਕਿਸਾਨਾਂ ਨੂੰ ਵੀ ਰਛਪਾਲ ਸਿੰਘ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ।