ਸਾਂਝੇ ਕਿਸਾਨੀ ਸੰਘਰਸ਼ ਦਾ 58 ਵਾਂ ਦਿਨ-ਸ਼ਹੀਦ ਕਾਹਨ ਸਿੰਘ ਧਨੇਰ ਤੇ ਧੰਨਾ ਸਿੰਘ ਚਹਿਲਾਂ ਵਾਲੀ ਨੂੰ ਦਿੱਤੀ ਸ਼ਰਧਾਂਜਲੀ
ਹਰਿੰਦਰ ਨਿੱਕਾ ਬਰਨਾਲਾ 27 ਨਵੰਬਰ 2020
ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੇ 58 ਵੇਂ ਦਿਨ ਖਰਾਬ ਮੌਸਮ ਹੋਣ ਦੇ ਬਾਵਜੂਦ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਜੁਝਾਰੂ ਕਿਸਾਨ ਮਰਦ ਔਰਤਾਂ ਦੇ ਕਾਫਲੇ ਸ਼ਾਮਿਲ ਹੋਏ। ਅੱਜ ਦੇ ਦਿਨ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੀ ਸਾਂਝੀ ਜੰਗ ਵਿੱਚ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਦੋ ਕਿਸਾਨ ਆਗੂਆਂ ਕਾਹਨ ਸਿੰਘ ਧਨੇਰ ਅਤੇ ਧੰਨਾ ਸਿੰਘ ਚਹਿਲਾਂ ਵਾਲੀ ਮਾਨਸਾ ਨੂੰ ਦੋ ਮਿੰਟ ਦਾ ਮੋਨ ਧਾਰਕੇ ਸ਼ਰਾਂਧਜਲੀ ਭੇਂਟ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗਆਂ ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀ, ਅਮਰਜੀਤ ਕੌਰ, ਗੁਰਚਰਨ ਸਿੰਘ, ਪਰਮਿੰਦਰ ਸਿੰਘ ਹੰਢਿਆਇਆ, ਨਛੱਤਰ ਸਿੰਘ, ਕਰਨੈਲ ਸਿੰਘ ਗਾਂਧੀ , ਗੁਰਮੇਲ ਸ਼ਰਮਾ, ਮਾ.ਨਿਰੰਜਣ ਸਿੰਘ, ਨਿਰਭੈ ਸਿੰਘ ਆਦਿ ਨੇ ਕਿਹਾ ਕਿ ‘‘ ਸਾਂਝਾ ਕਿਸਾਨ ਮੋਰਚਾ’’ ਦੀ ਅਗਵਾਈ ਹੇਠ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਦੇ ਮਸਲੇ ਸਬੰਧੀ ਜਾਰੀ ਕੀਤਾ 1 ਕਰੋੜ ਰੁ. ਦਾ ਜੁਰਮਾਨਾ ਅਤੇ ਪੰਜ ਸਾਲ ਦੀ ਸਜਾ ਵਾਲਾ ਆਰਡੀਨੈਂਸ ਰੱਦ ਕਰਾਉਣ ਲਈ ਲੰਬੇ ਦਾਅ ਵਾਲਾ ਵਿਸ਼ਾਲ ਸੰਘਰਸ਼ ਲੜਿਆ ਜਾ ਰਿਹਾ ਹੈ। ਕੱਲ੍ਹ ਬਰਨਾਲਾ ਜਿਲ੍ਹੇ ਵਿੱਚੋਂ ਹਜਾਰਾਂ ਦੀ ਤਾਦਾਦ ਵਿੱਚ ਸੰਘਰਸ਼ਸ਼ੀਲ ਕਿਸਾਨ ਮਰਦ ਔਰਤਾਂ ਕਾਫਲਿਆਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਟਰਾਲੀਆਂ ਟਰੈਕਟਰਾਂ ਰਾਸ਼ਨ, ਪਾਣੀ, ਦਵਾਈਆਂ, ਸੌਣ ਵਗੈਰਾ ਦਾ ਸਮੁੱਚਾ ਪ੍ਰਬੰਧ ਕਰਕੇ ਖੱਟਰ ਹਕੂਮਤ ਵੱਲੋਂ ਲਾਈਆਂ ਸਾਰੀਆਂ ਰੋਕਾਂ ਨੂੰ ਤੋੜਦਿਆਂ, ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲਿਆਂ ਦੀ ਪ੍ਰਵਾਹ ਨਾਂ ਕਰਦਿਆਂ ਦਿੱਲੀ ਵਿਚ ਦਾਖਲ ਹੋਣ ਵਿੱਚ ਸਫਲ ਹੋ ਗਏ ਹਨ।
ਮੋਦੀ ਹਕੂਮਤ ਦੇ ਪੈਰ’ਚ ਪੈਰ ਧਰਦੀ ਹਰਿਆਣਾ ਸਰਕਾਰ ਨੇ ਪੰਜਾਬ ਵਿੱਚ ਜਮੀਨਾਂ ਦੀ ਰਾਖੀ ਲਈ ਨਿੱਕਲੇ ਕਿਸਾਨ ਕਾਫਲਿਆਂ ਨੂੰ ਰੋਕਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਮਜਬੂਤ ਬੈਰੀਕਾਡਾਂ ਤੋਂ ਅੱਗੇ ਵੱਡੇ ਪੱਥਰ ਸੜਕ ਤੇ ਸੁੱਟ, ਸੈਂਕੜੇ ਟਰੱਕ ਮਿੱਟੀ ਰਾਹੀ ਰਸਤਾ ਰੋਕਣ ਤੋਂ ਅੱਗੇ, ਕਈ ਕਈ ਮੀਟਰ ਸੜਕਾਂ ਪੁੱਟਕੇ ਕਾਫਲਿਆਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ। ਪਰ ਹਰਿਆਣੇ ਦੇ ਜੁਝਾਰੂ ਕਿਸਾਨਾਂ ਦੇ ਪੂਰਨ ਸਹਿਯੋਗ ਸਦਕਾ ਤਮਾਮ ਅੜਿੱਕਿਆਂ ਨੂੰ ਚਕਨਾਚੂਰ ਕਰਕੇ ਲਿੰਕ ਸੜਕਾਂ ਰਾਹੀਂ ਦਿੱਲੀ ਦੀ ਧੌਣ ਤੇ ਗੋਡਾ ਧਰਨ ਲਈ ਆਪਣੀ ਜਥੇਬੰਦਕ ਤਾਕਤ ਦੇ ਦਮ ਦਿੱਲੀ ਵਿੱਚ ਸ਼ਾਮਲ ਹੋ ਗਏ ਹਨ। ਮੁਲਕ ਭਰ ਦੇ ਕਿਸਾਨਾਂ-ਮਜਦੂਰਾਂ ਦੀ ਸਾਂਝੀ ਜੰਗ ਦੀ ਲੜਾਈ ਦਿੱਲੀ ਦੇ ਤਖਤ ਨਾਲ ਹੈ। ਇਹ ਮੁਲਕ ਦੇ ਕਿਸਾਨਾਂ, ਮਜਦੂਰਾਂ ਸਮੇਤ ਹੋਰ ਸੱਭੇ ਮਿਹਨਤਕਸ਼ ਤਬਕਿਆਂ ਦੀ ਜਿੰਦਗੀ ਮੌਤ ਦੀ ਇਸ ਰਾਜ ਭਾਗ ਉੱਪਰ ਕਾਬਜ ਹਾਕਮ ਜਮਾਤ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਖਿਲ਼ਾਫ ਸਾਂਝੀ ਲੜਾਈ ਹੈ।
ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਐਸਾਰ ਪਟਰੋਲ ਪੰਪ ਬਰਨਾਲਾ ਅਤੇ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਹੇ ਧਰਨਿਆਂ/ਘਿਰਾਉਆਂ ਉੱਪਰ ਸੰਘਰਸ਼ਸ਼ੀਲ ਕਾਫਲਿਆਂ ਨੇ ਹੋਰ ਵੱਧ ਜੋਸ਼ ਭਰਪੂਰ ਗੁੰਜਾਊ ਨਾਹਰੇ ਗੁੰਜਾਕੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਹੈਂਕੜ ਭੰਨਣ ਦਾ ਐਲਾਨ ਕੀਤਾ। ਵੱਖ ਵੱਖ ਥਾਵਾਂ ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਉੱਪਰ ਮੇਜਰ ਸਿੰਘ ਸੰਘੇੜਾ, ਜਸਵੰਤ ਸਿੰਘ, ਬਲਵੀਰ ਸਿੰਘ, ਭੋਲਾ ਸਿੰਘ, ਭਾਗ ਸਿੰਘ , ਬਲਦੇਵ ਸਿੰਘ, ਸੋਹਣ ਸਿੰਘ, ਬਿੱਕਰ ਸਿੰਘ ਔਲਖ, ਪਰਮਜੀਤ ਕੌਰ,ਲਾਲ ਸਿੰਘ ਧਂੌਲ਼ਾ,ਕਾਕਾ ਸਿੰਘ ਫਰਵਾਹੀ, ਮੇਲਾ ਸਿੰਘ ਕੱਟੂ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀਆਂ ਦੀਆਂ ਆਗੂ ਟੀਮਾਂ ਪਿੰਡਾਂ ਅੰਦਰ ਅਤੇ 26-27 ਨਵੰਬਰ ਦਿੱਲੀ ਮਾਰਚ ਦੀ ਸਫਲਤਾ ਲਈ ਫੰਡ ਅਤੇ ਰਾਸ਼ਨ ਮੁਹਿੰਮ ਅਤੇ ਮੀਟਿੰਗਾਂ/ਮਾਰਚਾਂ ਕਰਕੇ ਪੂਰੀ ਤਿਆਰੀ ਨਾਲ ਹਜਾਰਾਂ ਦੀ ਗਿਣਤੀ ਵਿੱਚ ਕਾਫਲੇ ਕੱਲ੍ਹ ਦਿੱਲੀ ਵੱਲ ਰਵਾਨਾ ਹੋਏ ਕਾਫਲੇ ਤਮਾਮ ਰੋਕਾਂ ਤੋੜਦੇ ਹੋਏ ਦਿੱਲੀ ਪਹੁੰਚ ਗਏ ਹਨ।
ਠੰਡ, ਬੱਦਲਵਾਈ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਕਾਫਲਿਆਂ ਦੇ ਦਿੱਲੀ ਵੱਲ ਕੂਚ ਕਰ ਜਾਣ ਦੇ ਬਾਵਜੂਦ ਵੀ ਸੈਂਕੜੇ ਕਿਸਾਨਾਂ ਦਾ ਲਗਾਤਾਰ ਚਲਦੇ ਸੰਘਰਸ਼ਾਂ ਵਿੱਚ ਪਹੁੰਚਕੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਰੋਹਲੀ ਗਰਜ ਬੁਲੰਦ ਕਰਨ ਨੂੰ ਉਤਸ਼ਾਹਜਨਕ ਵਰਤਾਰਾ ਕਿਹਾ। ਇਸ ਸੰਘਰਸ਼ ਨੂੰ ਦੋ ਮਹੀਨੇ ਦੇ ਕਰੀਬ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਲੋਕ ਮਨਾਂ ਅੰਦਰ ਜੋਸ਼ ਅਤੇ ਗੁੱਸਾ ਮੱਠਾ ਹੋਣ ਦੀ ਬਜਾਏ ਲੋਕ ਮਨਾਂ ਅੰਦਰ ਮੋਦੀ ਸਰਕਾਰ ਦੀਆਂ ਅੰਬਾਨੀਆਂ,ਅਡਾਨੀਆਂ ਪੱਖੀ ਲੋਕ ਵਿਰੋਧੀ ਨੀਤੀਆਂ ਖਿਲਾਫ ਹੋਰ ਵਧੇਰੇ ਉਬਾਲੇ ਖਾ ਰਿਹਾ ਹੈ।