ਡੇਰਾ ਪ੍ਰੇਮੀ ਦੇ ਕਾਤਲਾਂ ਦੀ ਗਿਰਫਤਾਰੀ ਲਈ ਅੜ੍ਹੇ ਸ਼ਰਧਾਲੂ, ਸੜਕ ਤੇ ਲਾਸ਼ ਰੱਖ ਕੇ ਦੂਜੇ ਦਿਨ ਵੀ ਧਰਨਾ ਜਾਰੀ

Advertisement
Spread information

ਗੱਲਬਾਤ ਦਾ ਡੈਡਲਾਕ ਤੋੜਨ ਲਈ ਪਹੁੰਚੇ ਐਸ.ਡੀ.ਐਮ. ਫੂਲ, ਸ਼ਰਧਾਲੂਆਂ ਨੇ ਦੋ ਟੁੱਕ ਸ਼ਬਦਾਂ ‘ਚ ਕਿਹਾ, ਦੋਸ਼ੀਆਂ ਦੀ ਗਿਰਫਤਾਰੀ ਨਾ ਹੋਣ ਤੱਕ ਨਹੀਂ ਕਰਾਂਗੇ ਅੰਤਿਮ ਸੰਸਕਾਰ


ਅਸ਼ੋਕ ਵਰਮਾ ਬਠਿੰਡਾ,22 ਨਵੰਬਰ2020

                ਜਿਲ੍ਹੇ ਦੇ ਕਸਬਾ ਭਗਤਾ ਭਾਈਕਾ ’ਚ ਸ਼ੁੱਕਰਵਾਰ ਸ਼ਾਮ ਦੋ ਅਣਪਛਾਤਿਆਂ ਵਿਅਕਤੀਆਂ ਵੱਲੋਂ ਦੁਕਾਨ ’ਚ ਬੈਠੇ ਡੇਰਾ ਸਿਰਸਾ ਦੇ ਸ਼ਰਧਾਲੂ ਮਨੋਹਰ ਲਾਲ (55) ਦਾ ਗੋਲੀਆਂ ਮਾਰਕੇ ਕਤਲ ਕਰਨ ਦੇ ਰੋਸ ’ਚ ਡੇਰਾ ਸ਼ਰਧਾਲੂਆਂ ਦੁਆਰਾ ਲਾਸ਼ ਸੜਕ ਤੇ ਰੱਖ ਕੇ ਸ਼ੁਰੂ ਕੀਤਾ ਧਰਨਾ ਅੱਜ ਲਗਾਤਾਰ ਦੂਸਰੇ ਦਿਨ ਵੀ ਜਾਰੀ ਹੈ। ਨਜਦੀਕੀ ਜਿਲ੍ਹਿਆਂ ਦੇ ਵੱਡੀ ਗਿਣਤੀ ‘ਸ਼ਰਧਾਲੂ ਵੀ ਕਾਫਿਲਿਆਂ ਦੇ ਰੂਪ ਵਿੱਚ ਧਰਨੇ ਵਾਲੀ ਥਾਂ ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਹੈ । ਇਸ ਮੌਕੇ ਹਾਜਰ ਲੋਕਾਂ ਨੇ ਜਬਰਦਸਤ ਨਾਅਰੇਬਾਜੀ ਦੌਰਾਨ ਕਾਤਲਾਂ ਨੂੰ ਫੌਰੀ ਗਿ੍ਰਫਤਾਰ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਜੇਕਰ ਪੁਲਿਸ ਮੁਸਤੈਦੀ ਦਿਖਾਉਂਦੀ ਤਾਂ ਮੋਟਰਸਾਈਕਲ ਤੇ ਫਰਾਰ ਹੋਏ ਕਾਤਿਲਾਂ ਨੂੰ ਵਾਰਦਾਤ ਸਮੇਂ ਹੀ ਫੜਿਆ ਜਾ ਸਕਦਾ ਸੀ। ਇਸ ਮੌਕੇ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕਾਤਿਲ ਗਿ੍ਰਫਤਾਰ ਨਹੀਂ ਕਰ ਲਈ ਜਾਂਦੇ , ਉਦੋਂ ਤੱਕ ਧਰਨਾ  ਇਸੇ ਤਰਾਂ ਜਾਰੀ ਰੱਖਿਆ ਰੱਖਾਂਗੇ ।
                  ਡੇਰਾ ਸੱਚਾ ਸੌਦਾ ਸਰਸਾ ਦੇ ਪੰਜਾਬ ਵਿਚਲੇ ਡੇਰਾ ਸਲਾਬਤਪੁਰਾ ਅੱਗੇ ਦਿੱਤੇ ਜਾ ਰਹੇ ਇਸ ਧਰਨੇ ਕਾਰਨ ਆਵਾਜਈ ’ਚ ਕਾਫੀ ਵਿਘਨ ਪੈ ਰਿਹਾ ਹੈ । ਜਿਸ ਨੂੰ ਬਦਲਵਿਆਂ ਰਸਤਿਆਂ ਰਾਹੀਂ ਲੰਘਾਇਆ ਗਿਆ। ਵਰਣਨਯੋਗ ਹੈ ਕਿ ਕੱਲ੍ਹ ਸਵੇਰੇ ਸਿਵਲ ਸਰਜਨ ਬਠਿੰਡਾ ਵੱਲੋਂ ਬਣਾਏ ਸਿਵਲ ਹਸਪਤਾਲ ਬਠਿੰਡਾ ਦੇ ਤਿੰਨ ਡਾਕਟਰਾਂ ਦੇ ਬੋਰਡ ਨੇ ਪ੍ਰੇਮੀ ਮਨੋਹਰ ਲਾਲ ਦੀ ਮਿ੍ਰਤਕ ਦੇਹ ਦਾ ’ਚ ਪੋਸਟਮਾਰਟਮ ਕੀਤਾ ਗਿਆ। ਜਿਸ ਤੋਂ ਬਾਅਦ  ਪ੍ਰੀਵਾਰਕ ਮੈਂਬਰ ਲਾਸ਼ ਨੂੰ ਸਲਾਬਤਪੁਰਾ ਲੈ ਕੇ ਆਏ ਅਤੇ ਧਰਨਾ ਸ਼ੁਰੂ ਕਰ ਦਿੱਤਾ। ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਵੀ ਮੌਕੇ ਤੇ ਪਹੁੰਚੇ ਅਤੇ ਡੇਰਾ ਪ੍ਰਬੰਧਕਾਂ ਨਾਲ ਕੀਤੀ ਲੰਬੀ ਗੱਲਬਾਤ ਬੇਸਿੱਟਾ ਰਹਿਣ ਕਾਰਣ ਐਸਐਸਪੀ ਉੱਥੋਂ ਵਾਪਿਸ ਪਰਤ ਆਏ।
                ਸਲਾਬਤਪੁਰਾ ਵਿਖੇ ਲੱਗੇ ਧਰਨੇ ਦੌਰਾਨ ਸੰਬੋਧਨ ਕਰਦਿਆਂ ਸਟੇਟ ਕਮੇਟੀ ਮੈਂਬਰ ਹਰਚਰਨ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ , ਬਲਕਿ ਪੰਜਾਬ ਵਿੱਚ ਹੀ ਵਾਪਰੀ ਇਹ ਸੱਤਵੀਂ ਘਟਨਾ ਹੈ। ਉਹਨਾਂ ਦੱਸਿਆ ਕਿ ਪ੍ਰਸ਼ਾਸ਼ਨ ਹਰ ਵਾਰ ਵਿਸ਼ਵਾਸ਼ ਦਿਵਾਉਂਦਾ ਹੈ। ਪ੍ਰੰਤੂ ਬਾਅਦ ਵਿੱਚ ਕਾਰਵਾਈ ਕਿਸੇ ਤਣ ਪੱਤਣ ਨਹੀਂ ਲੱਗਦੀ ਹੈ।  ਹਰਚਰਨ ਸਿੰਘ ਨੇ ਆਖਿਆ ਕਿ ਗਹਿਰੀ ਸਾਜਿਸ਼ ਤਹਿਤ ਹੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨੂੰ ਡੇਰਾ ਸ਼ਰਧਾਲੂਆਂ ਦੇ ਸਿਰ ਮੜਿਆ ਗਿਆ ਹੈ। ਜਿਸ ਦਾ ਸ਼ਿਕਾਰ ਮਹਿੰਦਰਪਾਲ ਬਿੱਟੂ ਹੋਏ ਅਤੇ ਜ਼ੇਲ ’ਚ ਹੀ ਉਨਾਂ ਦਾ ਕਤਲ ਕਰ ਦਿੱਤਾ ਗਿਆ ਸੀ । ਉਹਨਾਂ ਦੋਸ਼ ਲਾਇਆ ਕਿ ਸਮਾਜ ਵਿਰੋਧੀ ਅਨਸਰ ਪੰਜਾਬ ਦੇ ਅਮਨ ਚੈਨ ਨੂੰ ਲਾਂਬੂ ਲਾਉਣਾ ਚਾਹੁੰਦੇ ਹਨ।
                ਉਹਨਾਂ ਕਿਹਾ ਕਿ ਜੇਕਰ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਤਾਂ ਇਸ ਤੋਂ ਵੀ ਵੱਧ ਨੁਕਸਾਨ ਹੋ ਸਕਦਾ ਹੈ। ਉਹਨਾਂ ਆਖਿਆ ਕਿ ਡੇਰਾ ਪ੍ਰੇਮੀਆਂ ਨੂੰ ਸੜਕਾਂ ਤੇ ਬੈਠਣ ਦਾ ਕੋਈ ਸ਼ੌਕ ਨਹੀਂ , ਇਹ ਤਾਂ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਨੂੰ ਅਜਿਹੇ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ। ਉਹਨਾਂ ਆਖਿਆ ਕਿ ਡੇਰਾ ਸ਼ਰਧਾਲੂਆਂ ਨੇ ਹਮੇਸ਼ਾ ਹੀ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੱਤਾ ਹੈ , ਪਰ ਉਹ ਜਬਰ ਜੁਲਮ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਅਧਿਕਾਰੀਆਂ ਤੋਂ ਕਾਤਲਾਂ ਨੂੰ ਫੌਰੀ ਕਾਬੂ ਕਰਨ ਦੀ ਮੰਗ ਕੀਤੀ। ਉਹਨਾਂ ਸਪਸ਼ਟ ਕੀਤਾ ਕਿ ਜਦੋਂ ਤੱਕ ਪੁਲਿਸ ਕਾਤਲਾਂ ਨੂੰ ਗਿ੍ਰਫਤਾਰ ਨਹੀਂ ਕਰ ਲੈਂਦੀ , ਉਦੋਂ ਤੱਕ ਮਨੋਹਰ ਲਾਲ ਦੀ ਲਾਸ਼ ਦਾ ਅੰਤਮ ਸਸਕਾਰ ਨਹੀਂ ਕੀਤਾ ਜਾਏਗਾ।
             ਦੱਸਣਯੋਗ ਹੈ ਕਿ ਸ਼ੁੱਕਵਾਰ ਸ਼ਾਮ ਨੂੰ ਭਗਤਾ ਭਾਈ ਦੇ ਜਤਿੰਦਰਾ ਟੈਲੀਕਾਮ ਤੇ ਦੋ ਪਗੜੀਧਾਰੀ ਮੂੰਹ ਢਕੇ ਮੋਟਰਸਾਈਕਲ ਸਵਾਰਾਂ ਨੇ ਅੰਧਧੁੰਦ ਗੋਲੀਆਂ ਚਲਾਕੇ ਡੇਰਾ ਸ਼ਰਧਾਲੂ ਮਨੋਹਰ ਲਾਲ ਨੂੰ ਕਤਲ ਕਰ ਦਿੱਤਾ ਸੀ। ਉਸ ਨੂੰ ਫੌਰੀ ਤੌਰ ਤੇ ਇਲਾਜ ਲਈ ਬਠਿੰਡਾ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮਿਤ੍ਰਕ ਕਰਾਰ ਦੇ ਦਿੱਤਾ। ਲਾਸ਼ ਨੂੰ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਗਿਆ ਅਤੇ ਕੱਲ੍ਹ ਸਵੇਰੇ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਸੋਸ਼ਲ ਮੀਡੀਆ ਫੇਸਬੁੱਕ ਤੇ ਪੋਸਟ ਪਾਕੇ ਗੈਂਗਸਟਰ ਸੁੱਖਾ ਗਿੱਲ ਲੰਮੇ ਗਰੁੱਪ ਨੇ ਇਸ ਕਤਲ ਦੀ ਜਿੰਮੇਵਾਰੀ ਲਈ ਹੈ। ਜਿਸ ਦਾ ਕਾਰਨ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਦੱਸਿਆ ਗਿਆ ਹੈ।

Advertisement

ਡੇਰਾ ਸ਼ਰਧਾਲੂਆਂ ਨਾਲ ਗੱਲਬਾਤ ਜਾਰੀ :ਐਸਐਸਪੀ
             ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਹੈ ਕਿ ਉਹਨਾਂ ਨੇ ਡੇਰਾ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ, ਪਰ ਫਿਲਹਾਲ ਸਫਲਤਾ ਨਹੀਂ ਮਿਲੀ ਹੈ। ਉਹਨਾਂ ਦੱਸਿਆ ਕਿ ਗੱਲਬਾਤ ਦਾ ਸਿਲਸਿਲਾ ਹਾਲੇ ਢੀ ਜਾਰੀ ਹੈ। ਉਹਨਾਂ ਦਾਅਵਾ ਕੀਤਾ ਕਿ ਪੁਲਿਸ ਪੂਰੀ ਗੰਭੀਰਤਾ ਨਾਲ ਦੋਸ਼ੀਆਂ ਨੂੰ ਗਿਰਫਤਾਰ ਕਰਨ ’ਚ ਲੱਗੀ ਹੋਈ ਹੈ ਅਤੇ ਉਮੀਦ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗਿ੍ਰਫਤਾਰ ਕਰ ਲਿਆ ਜਾਏਗਾ।

ਡੇਰਾ ਸਰਸਾ ਦੇ ਇਹ ਪ੍ਰਬੰਧਕ ਵੀ ਰਹੇ ਹਾਜਰ
               ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ, ਰਾਜਨੀਤਿਕ ਵਿੰਗ ਦੇ ਮੈਂਬਰ ਬਲਜਿੰਦਰ ਸਿੰਘ ਬਾਂਡੀ, ਬਲਰਾਜ ਸਿੰਘ ਬਾਹੋ, ਪਰਮਜੀਤ ਸਿੰਘ ਨੰਗਲ, ਅਵਤਾਰ ਸਿੰਘ , ਰਵੀ ਕੁਮਾਰ, 45 ਮੈਂਬਰ ਸੰਤੋਖ ਸਿੰਘ, ਬਲਦੇਵ ਕ੍ਰਿਸ਼ਨ, ਹਰਿੰਦਰ ਮੰਗਵਾਲ ਅਤੇ ਜਤਿੰਦਰ ਮਹਾਸ਼ਾ ਆਦਿ ਹਾਜ਼ਰ ਸਨ।  

Advertisement
Advertisement
Advertisement
Advertisement
Advertisement
error: Content is protected !!