23 ਨਵੰਬਰ ਨੂੰ ਕੈਬਨਿਟ ਮੰਤਰੀ ਸਰਕਾਰੀਆ ਕਰਨਗੇ ਜਿਲ੍ਹਾ ਸ਼ਕਾਇਤ ਨਿਵਾਰਣ ਬਰਨਾਲਾ ਕਮੇਟੀ ਦੀ ਪ੍ਰਧਾਨਗੀ
ਐਡਵੋਕੇਟ ਕੁਲਵੰਤ ਰਾਏ ਗੋਇਲ ਦੀ ਸ਼ਕਾਇਤ ਤੇ ਹੋਊਗੀ ਚਰਚਾ
ਹਰਿੰਦਰ ਨਿੱਕਾ ਬਰਨਾਲਾ 21 ਨਵੰਬਰ 2020
ਕਰੀਬ ਪੰਜ ਮਹੀਨੇ ਪਹਿਲਾਂ ਸਿਵਲ ਹਸਪਤਾਲ ਬਰਨਾਲਾ ਦੇ ਜੱਚਾ-ਬੱਚਾ ਹਸਪਤਾਲ ਦੇ ਮੁੱਖ ਗੇਟ ਤੇ ਰੱਖੇ ਪੰਘੂੜੇ ਵਿੱਚ ਹਸਪਤਾਲ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਦੀ ਵਜ੍ਹਾ ਨਾਲ ਦਮ ਤੋੜਨ ਵਾਲੀ ਨੰਨ੍ਹੀ ਪਰੀ ਦੀ ਅਵਾਜ ਹੁਣ 23 ਨਵੰਬਰ ਨੂੰ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੀ ਹੋਣ ਵਾਲੀ ਮਟਿੰਗ ਵਿੱਚ ਸੁਣਾਈ ਦੇਵੇਗੀ। ਇਹ ਜਾਣਕਾਰੀ ਮੀਟਿੰਗ ਸਬੰਧੀ ਜਾਰੀ ਕੀਤੇ ਏਜੰਡੇ ਤੋਂ ਮਿਲੀ ਹੈ। ਏਜੰਡੇ ਅਨੁਸਾਰ ਪੰਘੂੜੇ ਵਿੱਚ ਨਵਜੰਮੀ ਬੱਚੀ ਦੀ ਮੌਤ ਦਾ ਮਾਮਲਾ ਪ੍ਰਸਿੱਧ ਐਡਵੋਕੇਟ ਕੁਲਵੰਤ ਰਾਏ ਗੋਇਲ ਨੇ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਸਭ ਤੋਂ ਵਧੇਰੇ ਚਰਚਿਤ ਮੈਂਬਰ ਤੇ ਸੀਨੀਅਰ ਅਕਾਲੀ ਨੇਤਾ ਜਤਿੰਦਰ ਜਿੰਮੀ ਰਾਹੀਂ ਸ਼ਕਾਇਤ ਨਿਵਾਰਣ ਕਮੇਟੀ ਵਿੱਚ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਹਿੱਤ ਉਠਾਇਆ ਹੈ। ਜਿਸ ਨੂੰ ਏਜੰਡੇ ਦੀਆਂ ਕੁੱਲ 21 ਆਈਟਮਾਂ ਵਿੱਚੋਂ ਲੜੀ ਨੰਬਰ 4 ਤੇ ਵਿਚਾਰ ਕਰਨ ਲਈ ਰੱਖਿਆ ਹੈ।
ਕੀ ਹੈ ਐਡਵੋਕੇਟ ਕੁਲਵੰਤ ਗੋਇਲ ਦੀ ਸ਼ਕਾਇਤ ਦਾ ਅਧਾਰ
ਪੰਘੂੜੇ ਵਿੱਚ ਬੱਚੀ ਦੀ ਹੋਈ ਮੌਤ ਤੋਂ ਕੁਝ ਦਿਨ ਬਾਅਦ ਹੀ 16 ਜੂਨ 2020 ਨੂੰ ਐਡਵੋਕੇਟ ਕੁਲਵੰਤ ਗੋਇਲ ਨੇ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਜਤਿੰਦਰ ਜਿੰਮੀ ਰਾਹੀ ਸ਼ਕਾਇਤ ਨਿਵਾਰਣ ਕਮੇਟੀ ਨੂੰ ਕਾਨੂੰਨੀ ਕਾਰਵਾਈ ਕਰਵਾਉਣ ਲਈ ਰੱਖਿਆ। ਇਸ ਸਬੰਧੀ ਬਰਨਾਲਾ ਟੂਡੇ ਨਾਲ ਆਪਣੀ ਸ਼ਕਾਇਤ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ 10 ਜੂਨ ਦੀ ਰਾਤ ਨੂੰ ਕਿਸੇ ਵਖਤ ਅਣਪਛਾਤੇ ਵਿਅਕਤੀ ਨਵਜੰਮੀ ਬੱਚੀ ਨੂੰ ਹਸਪਤਾਲ ਦੇ ਪੰਘੂੜੇ ਵਿੱਚ ਰੱਖ ਕੇ ਚਲੇ ਗਏ। ਜਿਹੜੀ 11 ਜੂਨ ਦੀ ਸਵੇਰ ਨੂੰ ਹਸਪਤਾਲ ਦੇ ਕਰਮਚਾਰੀਆਂ ਨੂੰ ਡਿਊਟੀ ਤੇ ਪਹੁੰਚਣ ਤੋਂ ਬਾਅਦ ਮ੍ਰਿਤਕ ਹਾਲਤ ਵਿੱਚ ਮਿਲੀ ਸੀ।
ਐਡਵੋਕੇਟ ਗੋਇਲ ਨੇ ਕਿਹਾ ਕਿ ਨਿਯਮਾਂ ਅਨੁਸਾਰ ਪੰਘੂੜੇ ਵਿੱਚ ਬੱਚਾ ਰੱਖਣ ਸਮੇਂ ਪੰਘੂੜੇ ਦੀ ਖਿੜਕੀ ਕੋਲ ਲੱਗੀ ਘੰਟੀ, ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸੂਚਿਤ ਕਰਨ ਲਈ ਲਗਾਈ ਗਈ ਹੈ। ਇਸ ਤੋਂ ਇਲਾਵਾ ਪੰਘੂੜੇ ਦੇ ਕਮਰੇ ਅੰਦਰ ਪੰਘੂੜੇ ਕੋਲ ਸੀਸੀਟੀਵੀ ਕੈਮਰੇ ਵੀ ਲਗਾਏ ਜਾਂਦੇ ਹਨ। ਜਿਨ੍ਹਾਂ ਰਾਹੀਂ ਵੀ ਸਿਹਤ ਕਰਮਚਾਰੀਆਂ ਨੂੰ ਲਾਵਾਰਿਸ ਬੱਚੇ ਬਾਰੇ ਪਤਾ ਲੱਗ ਜਾਂਦਾ ਹੈ। ਇਹ ਸਭ ਹੋਣ ਦੇ ਬਾਵਜੂਦ ਵੀ ਪੰਘੂੜੇ ਵਿੱਚ ਬੱਚੀ ਦੀ ਮੌਤ ਹੋਣਾ ਬਹੁਤ ਹੀ ਮੰਦਭਾਗੀ ਘਟਨਾ ਹੈ। ਗੋਇਲ ਨੇ ਕਿਹਾ ਕਿ ਪੰਘੂੜੇ ਵਿੱਚ ਮਰਨ ਵਾਲੀ ਬੱਚੀ ਦੀ ਮੌਤ ਸਧਾਰਣ ਨਹੀਂ, ਬਲਕਿ ਇਸ ਨੂੰ ਸਿਹਤ ਵਿਭਾਗ ਦੇ ਡਿਊਟੀ ਵਿੱਚ ਲਾਪਰਵਾਹੀ ਕਰਨ ਵਾਲੇ ਸਿਹਤ ਕਰਮਚਾਰੀਆਂ ਵੱਲੋਂ ਕੀਤਾ ਕਤਲ ਮੰਨਿਆ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਉਨਾਂ ਸ਼ਕਾਇਤ ਰਾਹੀਂ ਦੋਸ਼ੀ ਮੁਲਾਜਮਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਉਨਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਮੀਡੀਆ ਰਾਹੀਂ ਉਜਾਗਰ ਹੋਇਆ ਕਿ ਜਦੋਂ ਬੱਚੀ ਨੂੰ ਪੰਘੂੜੇ ਵਿੱਚ ਰੱਖਿਆ ਗਿਆ , ਉਸ ਸਮੇਂ ਪੰਘੂੜੇ ਦੇ ਬਾਹਰ ਲੱਗੀ ਘੰਟੀ ਅਤੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਖਰਾਬ ਸੀ। ਇਸ ਲਈ ਬੱਚੀ ਦੀ ਮੌਤ ਨੂੰ ਕਤਲ ਦੀ ਸ੍ਰੇਣੀ ਵਿੱਚ ਰੱਖ ਕੇ ਹੀ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਂਦੀ ਹੈ। ਪਰੰਤੂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਹੁਣ ਤੱਕ ਘਟਨਾ ਦੇ ਜਿੰਮੇਵਾਰ ਮੁਲਾਜਮਾਂ ਖਿਲਾਫ ਕੋਈ ਵਿਭਾਗੀ ਐਕਸ਼ਨ ਵੀ ਨਹੀਂ ਲਿਆ।
ਪੁੱਛਿਆ ਕੁਝ ਹੋਰ ਤੇ, ਸੀ.ਐਮ.ਉ. ਦਾ ਜਵਾਬ ਕੁਝ ਹੋਰ
ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਜਤਿੰਦਰ ਜਿੰਮੀ ਨੇ ਪੰਘੂੜੇ ਵਿੱਚ ਦਮ ਤੋੜ ਦੇਣ ਵਾਲੀ ਬੱਚੀ ਦੀ ਸ਼ਕਾਇਤ ਮੀਟਿੰਗ ਦੇ ਏਜੰਡੇ ਵਿੱਚ ਰੱਖੇ ਜਾਣ ਦੀ ਪੁਸ਼ਟੀ ਕੀਤੀ। ਬਰਨਾਲਾ ਟੂਡੇ ਦੇ ਦਫਤਰ ‘ਚ ਪਹੁੰਚੇ ਜਤਿੰਦਰ ਜਿੰਮੀ ਨੇ ਦੱਸਿਆ ਕਿ ਇਸ ਸਬੰਧੀ ਸਿਵਲ ਸਰਜਨ ਤੋਂ ਜੁਆਬ ਮੰਗਿਆ ਗਿਆ ਸੀ ਕਿ ਘਟਨਾ ਬਾਰੇ ਵਿਸਥਾਰ ਸਹਿਤ ਦੱਸਿਆ ਜਾਵੇ। ਪਰੰਤੂ ਸਿਵਲ ਸਰਜ਼ਨ ਨੇ ਮੰਗੀ ਗਈ ਰਿਪੋਰਟ ਦੇ ਜੁਆਬ ਵਿੱਚ ਸਿਰਫ ਇਹ ਕਹਿ ਕੇ ਹੀ ਘਟਨਾ ਤੇ ਪਰਦਾ ਪਾਉਣ ਦਾ ਯਤਨ ਕੀਤਾ ਹੈ ਕਿ ਅੱਗੇ ਤੋਂ ਪੰਘੂੜੇ ਸਬੰਧੀ ਯੋਗ ਪ੍ਰਬੰਧ ਕਰ ਦਿੱਤੇ ਗਏ ਹਨ ਅਤੇ ਅੱਗੇ ਤੋਂ ਕੋਈ ਅਜਿਹੀ ਘਟਨਾ ਨਾ ਵਾਪਰੇ। ਉਸ ਨੂੰ ਰੋਕਣ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਇਸ ਲਈ ਉਕਤ ਸ਼ਕਾਇਤ ਨੂੰ ਦਾਖਿਲ ਦਫਤਰ ਕਰ ਦਿੱਤਾ ਜਾਵੇ। ਜਿੰਮੀ ਨੇ ਸਿਵਲ ਸਰਜਨ ਦੇ ਜੁਆਬ ਤੇ ਅਸੁੰਤਸ਼ਟੀ ਜਾਹਿਰ ਕਰਦਿਆਂ ਕਿਹਾ ਕਿ ਉਹ ਕਮੇਟੀ ਦੇ ਚੇਅਰਮੈਨ ਅਤੇ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਦੇ ਸਾਹਮਣੇ ਇਹ ਮੁੱਦਾ ਜੋਰਦਾਰ ਢੰਗ ਨਾਲ ਉਠਾਉਣਗੇ ਤਾਂ ਕਿ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਹੋ ਸਕੇ। ਉਨਾਂ ਸਿਵਲ ਸਰਜਨ ਦੇ ਜੁਆਬ ਤੇ ਵਿਅੰਗ ਕਰਦਿਆਂ ਕਿਹਾ ਕਿ ਸਿਵਲ ਸਰਜਨ ਦਾ ਜੁਆਬ ਬੱਚੀ ਦੀ ਮੌਤ ਦੇ ਜਿੰਮੇਵਾਰਾਂ ਵੱਲ ਉਂਗਲ ਕਰਨ ਦੀ ਬਜਾਏ, ਅੱਗੇ ਨੂੰ ਕੋਈ ਅਜਿਹੀ ਘਟਨਾ ਨੂੰ ਰੋਕਣ ਦੇ ਯਤਨਾਂ ਸਬੰਧੀ ਜਾਣਕਾਰੀ ਦੇਣ ਵਾਲਾ ਹੀ ਹੈ।