ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਲੋੜੀਂਦੀਆਂ ਸੁੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ-ਵਿਜੈ ਇੰਦਰ ਸਿੰਗਲਾ
ਹਰਪ੍ਰੀਤ ਕੌਰ ਸੰਗਰੂਰ, 07 ਅਕਤੂਬਰ:2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਲੋੜੀਂਦੀਆਂ ਸਾਰੀਆਂ ਸੁੁਵਿਧਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰਾਂ ਵਚਨਬੱਧ ਹੈ ਤਾਂ ਜੋ ਕੋਈ ਵੀ ਲੋੜਵੰਦ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਨਾ ਰਹੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਸੰਗਰੂਰ ਸ਼ਹਿਰ ਦੇ ਵੱਖ-ਵੱਖ ਲੋੜਵੰਦ 87 ਪਰਿਵਾਰਾਂ ਨੂੰ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਮਕਾਨ ਬਣਾਉਣ ਲਈ ਦਿੱਤੀ ਜਾਣ ਵਾਲੀ 1.5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡਣ ਮੌਕੇ ਕੀਤਾ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਸਦਕਾ ਹਰੇਕ ਗਰੀਬ ਅਤੇ ਲੋੜਵੰਦ ਤੱਕ ਕਾਂਗਰਸ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਪਾਰਦਰਸ਼ੀ ਢੰਗ ਨਾਲ ਪਹੰੁਚ ਰਿਹਾ ਹੈ, ਜਿਸਨੂੰ ਹਰੇਕ ਵਿਅਕਤੀ ਭਲੀ ਭਾਂਤ ਜਾਣਦਾ ਹੈ। ਉਨਾਂ ਕਿਹਾ ਕਿ ਸੰਗਰੂਰ ਹਲਕੇ ਦੇ ਲੋਕਾਂ ਨੂੰ ਹੋਰ ਚੰਗੇਰੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
ਉਨਾਂ ਦੱਸਿਆ ਕਿ ਪੰਜਾਬ ਸ਼ਹਿਰੀ ਆਵਾਸ ਯੋਜਨਾ ਲੋੜਵੰਦ ਪਰਿਵਾਰਾਂ ਨੰੂ ਰਾਜ ਸਰਕਾਰ ਵੱਲੋਂ ਡੇਢ ਲੱਖ ਪ੍ਰਤੀ ਪਰਿਵਾਰ ਮੁਹੱੱਈਆ ਕਰਵਾਇਆ ਜਾਣਾ ਹੈ, ਜਿਸ ਤਹਿਤ ਪਹਿਲੀ ਕਿਸ਼ਤ ’ਚ 50 ਹਜ਼ਾਰ ਰੁਪਏ ਨੀਂਹਾਂ ਭਰਨ ਮੌਕੇ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਲੈਂਟਰ ਪਾਉਣ ਵੇਲੇ ਦੂਜੀ ਕਿਸ਼ਤ ਵਜੋਂ 50 ਹਜ਼ਾਰ ਰੁਪਏ, ਲੈਂਟਰ ਤੋਂ ਬਾਅਦ ਘਰ ਪੂਰਾ ਕਰਨ ਲਈ 20 ਹਜ਼ਾਰ ਰੁਪਏ ਅਤੇ ਘਰ ਮੁਕੰਮਲ ਹੋਣ ’ਤੇ 30 ਹਜ਼ਾਰ ਰੁਪਏ ਹੋਰ ਮੁਹੱਈਆ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਇਨਾਂ 87 ਪਰਿਵਾਰਾਂ ’ਚੋਂ ਜ਼ਿਆਦਾਤਰ ਲਾਭਪਾਤਰੀ ਰਾਮਨਗਰ ਬਸਤੀ, ਹਰੀਪੁਰਾ ਬਸਤੀ, ਅਜੀਤ ਨਗਰ ਬਸਤੀ, ਉਭਾਵਾਲ ਰੋਡ ਅਤੇ ਸੋਹੀਆਂ ਰੋਡ ਨਾਲ ਸਬੰਧਤ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ, ਚੇਅਰਮੈਨ ਮਾਰਕੀਟ ਕਮੇਟੀ ਅਨਿਲ ਘੀਚਾ, ਚੇਅਰਮੈਨ ਇੰਮਪਰੂਵਮੈਂਟ ਟਰੱਸਟ ਨਰੇਸ਼ ਗਾਬਾ, ਡਾਇਰੈਕਟਰ ਇਨਫੋਟੈਕ ਪੰਜਾਬ ਸਤੀਸ਼ ਕਾਂਸਲ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਸੰਗਰੂਰ ਰਮੇਸ਼ ਕੁਮਾਰ, ਬਲਬੀਰ ਕੌਰ ਸੈਣੀ, ਸੀਨਅਰ ਕਾਂਗਰਸੀ ਆਗੂ ਜਸਪਾਲ ਸ਼ਰਮਾ ਪਾਲੀ ਅਤੇ ਹੋਰ ਆਗੂ ਹਾਜ਼ਰ ਸਨ