ਸੰਘਰਸ਼ ਕਰਦੇ ਕਿਸਾਨਾਂ ਨੂੰ ਉਨਾਂ ਦੀ ਅਵਾਜ ਪ੍ਰਧਾਨ ਤੱਕ ਪਹੁੰਚਾਉਣ ਦਾ ਭਰੋਸਾ ਦੇ ਕੇ ਕਾਲੀਆ ਨੇ ਛੁਡਵਾਇਆ ਖਹਿੜਾ
ਹਰਿੰਦਰ ਨਿੱਕਾ , ਬਰਨਾਲਾ 7 ਨਵੰਬਰ 2020
ਭਾਜਪਾ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸੰਟੀ ਦੇ ਘਰ ਅੱਗੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਦਿਨ ਰਾਤ ਧਰਨਾ ਦੇ ਰਹੇ ਹਜਾਰਾਂ ਕਿਸਾਨਾਂ ਨੇ ਸ਼ਨੀਵਾਰ ਨੂੰ ਸੰਟੀ ਦੇ ਘਰ ਪਹੁੰਚੇ ਭਾਜਪਾ ਦੇ ਸੀਨੀਅਰ ਸੂਬਾਈ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੂੰ ਘਰ ਅੰਦਰ ਹੀ ਬੰਦੀ ਬਣਾ ਲਿਆ। ਇਸ ਮੌਕੇ ਕਾਲੀਆ ਦੇ ਸਵਾਗਤ ਲਈ ਪਹੁੰਚੇ ਭਾਜਪਾ ਦੇ ਲੋਕਲ ਆਗੂਆਂ ਨੂੰ ਵੀ ਕਈ ਘੰਟਿਆਂ ਤੱਕ ਭਾਜਪਾ ਆਗੂ ਦੇ ਘਰ ਅੰਦਰ ਹੀ ਬੰਧਕ ਬਣ ਕੇ ਰਹਿਣ ਨੂੰ ਮਜਬੂਰ ਹੋਣਾ ਪਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਭਾਹਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਰੂਪ ਸਿੰਘ ਛੰਨਾ, ਭਗਤ ਸਿੰਘ ਛੰਨਾ ਅਤੇ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਕਰੀਬ ਇੱਕ ਮਹੀਨੇ ਤੋਂ ਜਿਆਦਾ ਸਮਾਂ ਕਿਸਾਨਾਂ ਨੂੰ ਸੰਘਰਸ਼ ਕਰਦਿਆਂ ਬੀਤ ਚੁੱਕਾ ਹੈ। ਪਰੰਤੂ ਕੇਂਦਰ ਦੀ ਮੋਦੀ ਸਰਕਾਰ ਹਾਲੇ ਤੱਕ ਕਿਸਾਨਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਲਟਾ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਗੁੰਮਰਾਹ ਹੋਣ ਦਾ ਮਾੜਾ ਪ੍ਰਚਾਰ ਕਰਕੇ, ਲੋਕਾਂ ਦਾ ਧਿਆਨ ਕਿਸਾਨਾਂ ਦੁਆਰਾ ਤਿੰਨ ਆਰਡੀਨੈਸ ਰੱਦ ਕਰਨ ਦੀ ਉਠਾਈ ਜਾ ਰਹੀ ਮੰਗ ਤੋਂ ਭਟਕਾਉਣਾ ਚਾਹੁੰਦੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜਿਨ੍ਹੀਂ ਦੇਰ ਤੱਕ ਭਾਜਪਾ ਪੰਜਾਬ ਦੇ ਆਗੂ ਕਿਸਾਨ ਸੰਘਰਸ਼ ਦੀ ਹਮਾਇਤ ਕਰਕੇ ਪੰਜਾਬ ਅਤੇ ਪੰਜਾਬੀਆਂ ਦੇ ਹੱਕ ਦੀ ਅਵਾਜ ਪ੍ਰਧਾਨ ਮੰਤਰੀ ਤੱਕ ਨਹੀਂ ਪਹੁੰਚਾਉਂਦੇ ਅਤੇ ਕੇਂਦਰ ਸਰਕਾਰ ਕਿਸਾਨ ਵਿਰੋਧੀ ਤਿੰਨੋਂ ਆਰਡੀਨੈਂਸ ਰੱਦ ਨਹੀਂ ਕਰਦੇ, ਕਿਸਾਨਾਂ ਦਾ ਸੰਘਰਸ਼ ਜਾਰੀ ਹੀ ਨਹੀਂ ਰਹੇਗਾ, ਉਲਟਾ ਸੰਘਰਸ਼ ਨੂੰ ਹੋਰ ਵੀ ਪ੍ਰਚੰਡ ਕੀਤਾ ਜਾਵੇਗਾ। ਮਹਿਲਾ ਕਿਸਾਨ ਨਸੀਬ ਕੌਰ ਹਮੀਦੀ ਨੇ ਬਹੁਤ ਹੀ ਗੁੱਸੇ ਭਰੇ ਲਹਿਜੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬੀਆਂ ਅਤੇ ਸਿੱਖਾਂ ਦੇ ਇਤਹਾਸ ਤੋਂ ਪੂਰੀ ਤਰਾਂ ਵਾਕਿਫ ਨਹੀਂ ਹੈ। ਸਿੱਖ ਤਾਂ ਮੱਸੇ ਰੰਘੜ ਦਾ ਸਿਰ ਲਾਹ ਕੇ ਖਿੱਦੋ ਖੂੰਡੀ ਵੀ ਖੇਡਣ ਦਾ ਹੌਸਲਾ ਰੱਖਦੇ ਹਨ। ਉਨਾਂ ਕਿਹਾ ਕਿ ਅਸੀਂ ਮਾਈ ਭਾਗੋ ਦੀਆਂ ਵਾਰਿਸ ਹਾਂ, ਕਿਸਾਨ ਸੰਘਰਸ਼ ਵਿੱਚ ਵੀ ਆਪਣੇ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਵਿੱਚ ਡਟ ਕੇ ਖੜਾਂਗੀਆਂ। ਇਸ ਮੌਕੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਮਨੋਰੰਜਨ ਕਾਲੀਆਂ ਦੇ ਖਿਲਾਫ ਵੀ ਜੰਮ ਕੇ ਨਾਅਰੇਬਾਜੀ ਕੀਤੀ।
ਮਨੋਰੰਜਨ ਕਾਲੀਆ ਨੇ ਕਿਸਾਨਾਂ ਦੀਆਂ ਮੰਗਾਂ ਪ੍ਰਧਾਨਮੰਤਰੀ ਮੋਦੀ ਕੋਲ ਰੱਖਣ ਦਾ ਦਿੱਤਾ ਭਰੋਸਾ
ਭਾਜਪਾ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੇ ਘਰ ਕਈ ਘੰਟੇ ਕਿਸਾਨਾਂ ਦੁਆਰਾ ਬੰਧਕ ਬਣਾ ਕੇ ਰੱਖੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਸਾਨਾਂ ਦੇ ਧਰਨੇ ਵਿੱਚ ਪਹੁੰਚ ਕੇ ਉਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਕਿਸਾਨਾਂ ਦੀ ਗੱਲ ਖੁਦ ਪ੍ਰਧਾਨ ਮੰਤਰੀ ਮੋਦੀ ਕੋਲ ਉਠਾਉਣਗੇ। ਕਿਸਾਨਾਂ ਨੂੰ ਇਹ ਭਰੋਸਾ ਦੇ ਕੇ ਹੀ ਕਾਲੀਆ ਨੇ ਆਪਣਾ ਖਹਿੜਾ ਛੁਡਵਾਇਆ। ਕਾਲੀਆ ਨੇ ਕਿਹਾ ਕਿ ਅਸੀਂ ਵੀ ਪੰਜਾਬ ਦੇ ਕਿਸਾਨਾਂ ਦੇ ਖੇਤਾਂ ‘ਚ ਪੈਦਾ ਕੀਤਾ ਅੰਨ ਖਾਧਾ ਹੈ, ਅਸੀਂ ਖਾਧੇ ਹੋਏ ਅੰਨ ਦਾ ਮੁੱਲ ਮੋੜਾਂਗੇ। ਕਾਲੀਆ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਵਿੱਚਕਾਰ ਗੱਲਬਾਤ ‘ਚ ਵਿਚੋਲਗੀ ਕਰਨ ਲਈ ਵੀ ਤਿਆਰ ਹਨ। ਕਿਸਾਨ ਮੰਗਾਂ ਪ੍ਰਤੀ ਹਮਦਰਦੀ ਜਤਾਉਣ ਅਤੇ ਪ੍ਰਧਾਨਮੰਤਰੀ ਤੱਕ ਪਹੁੰਚਾਉਣ ਦੇ ਭਰੋਸੇ ਦਾ ਕਿਸਾਨ ਆਗੂ ਰੂਪ ਸਿੰਘ ਛੰਨਾ ਨੇ ਧੰਨਵਾਦ ਵੀ ਕੀਤਾ।