ਬਿਮਾਰੀਆਂ ਦੀ ਮੁੱਢਲੇ ਪੱਧਰ ਤੇ ਪਛਾਣ ਇਲਾਜ ਵਿਚ ਹੋ ਸਕਦੀ ਹੈ ਸਹਾਈ- ਡਾ. ਰਾਜਕੁਮਾਰ
ਹਰਪ੍ਰੀਤ ਕੌਰ , ਸੰਗਰੂਰ 3 ਨਵੰਬਰ 2020
ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਗੈਰ ਸੰਚਾਰੀ ਰੋਗਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ. ਰਾਜਕੁਮਾਰ ਨੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਜਾਗਰੂਕਤਾ ਵੈਨ ਨੂੰ ਰਵਾਨਾ ਕਰਨ ਮੌਕੇ ਸਿਵਲ ਸਰਜਨ ਡਾ. ਰਾਜਕੁਮਾਰ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨ ਕੈਂਸਰ, ਦਿਲ ਦੀਆਂ ਬੀਮਾਰੀਆਂ, ਸ਼ੂਗਰ ਅਤੇ ਸਟਰੋਕ ਬਾਰੇ ਜਾਗਰੂਕ ਕਰੇਗੀ।
ਉਨਾਂ ਕੈਂਸਰ ਰੋਗ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੈਂਸਰ ਵੀ ਗੈਰ ਸੰਚਾਰੀ ਰੋਗ ਹੈ। ਛਾਤੀ ਵਿੱਚ ਗਿਲਟੀ/ਗੰਢ,ਹਾਲ ਹੀ ਵਿੱਚ ਨਿਪਲ ਦਾ ਅੰਦਰ ਧਸਣਾ,ਨਿਪਲ ਵਿੱਚੋਂ ਖੂਨ ਮਿਲਿਆ ਮਵਾਦ ਵਗਣਾ, ਸੰਭੋਗ ਤੋਂ ਬਾਅਦ ਖੂਨ ਵਗਣਾ, ਗੁਪਤ ਅੰਗ ਵਿੱਚੋਂ ਪੀਕ ਵਗਣਾ, ਮਾਹਵਾਰੀ ਦੌਰਾਨ ਬੇਹਦ ਖੂਨ ਪੈਣਾ, ਸੰਭੋਗ ਵੇਲੇ ਦਰਦ, ਮੂੰਹ/ਮਸੂੜੇ/ਤਲੂਏ ਜਾਂ ਜੀਭ ਤੇ ਨਾ ਠੀਕ ਹੋਣ ਵਾਲਾ ਜਖਮ,ਪੁਰਾਣੇ ਜਖਮ ਵਿੱਚੋਂ ਖੂਨ ਵਗਣਾ,ਜੀਭ ਤੇ ਗੰਢ,ਭੋਜਨ ਨਿਗਲਣ ਵਿੱਚ ਪਰੇਸ਼ਾਨੀ, ਲਗਾਤਾਰ ਲੰਮੀ ਖਾਂਸੀ,ਬਲਗਮ ਵਿੱਚ ਖੂਨ,ਪੇਟ ਵਿੱਚ ਗੋਲੇ ਨਾਲ ਭੁੱਖ ਤੇ ਵਜਨ ਘਟਣ ਦੇ ਨਾਲ ਨਾਲ ਖਾਰਸ਼ ਅਤੇ ਨਾ ਠੀਕ ਹੋਣ ਵਾਲਾ ਪੀਲੀਆ,ਟੱਟੀ ਵਿੱਚ ਬਿਨਾਂ ਦਰਦ ਖੂਨ ਆਉਣਾ,ਬਿਨਾਂ ਕਾਰਣ ਇਕਦਮ ਵਜਨ ਘੱਟ ਜਾਣਾ,ਖੂਨ ਦੀ ਕਮੀ(ਐਨੀਮੀਆ) ਬਿਨਾਂ ਵਜਾਹ ਖੂਨ ਵਗਣਾ ,ਦਰਦ ਬਿਨਾ ਪਿਸ਼ਾਬ ਵਿੱਚ ਖੂਨ,ਪਿਸ਼ਾਬ ਵਿੱਚ ਰੁਕਾਵਟ, 50 ਸਾਲ ਤੋਂ ਵੱਡੇ ਪੁਰਸ਼ ਨੂੰ ਰਾਤ ਨੂੰ ਵਾਰ ਵਾਰ ਪਿਸ਼ਾਬ ਆਉਣਾ, ਮੌਕੇ ਜਾ ਤਿਲ ਦੇ ਅਕਾਰ, ਰੰਗ ਵਿੱਚ ਇੱਕਦਮ ਬਦਲਾਅ ਜਾਂ ਉਸ ਵਿੱਚੋਂ ਆਪਣੇ ਆਪ ਖੂਨ ਵਗਣਾ ਸ਼ੁਰੂ ਹੋ ਜਾਣਾ,ਪਤਾਲੂ ਵਿੱਚ ਸਖਤ ਗਟੋਲੀ, ਬਿਨਾ ਕਾਰਣ ਸਿਰ ਦਰਦ ਅਤੇ ਦੌਰੇ ਅਤੇ ਸਰੀਰ ਵਿੱਚ ਕਿਤੇ ਵੀ ਗੰਢ ਜਾ ਗੋਲਾ ਜਾਂ ਗਟੋਲੀ,ਨਾ ਠੀਕ ਹੋਣ ਵਾਲਾ ਜਖਮ ਆਦਿ ਕੈਂਸਰ ਦੀ ਬਿਮਾਰੀ ਦੇ ਲੱਛਣ ਹਨ।
ਉਨਾਂ ਕਿਹਾ ਕਿ 30 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਆਪਣਾ ਮੈਡੀਕਲ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ ਅਤੇ ਰੋਜਾਨਾ ਸੈਰ ਕਰਨੀ ਚਾਹੀਦੀ ਹੈ । ਉਨਾਂ ਕਿਹਾ ਕਿ ਆਪਣਾ ਬਲੱਡ ਪ੍ਰੈਸ਼ਰ ਨਿਯਮਤ ਰੂਪ ਵਿੱਚ ਚੈਕ ਕਰਵਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤ ਮਰੀਜਾਂ ਦੇ ਇਲਾਜ਼ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਅਧੀਨ 1,50,000/- ਰੁਪਏ ਉਸ ਸਿਹਤ ਸੰਸਥਾਂ ਨੂੰ ਦਿੱਤੇ ਜਾਂਦੇ ਹਨ ਜਿਥੇ ਮਰੀਜ ਦਾ ਇਲਾਜ ਚੱਲ ਰਿਹਾ ਹੋਵੇ। ਰਾਜ ਸਰਕਾਰ ਵਲੋਂ ਸਰਕਾਰੀ ਅਤੇ ਇੰਪੈਨਲ ਕੀਤੇ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਕੈਂਸਰ ਦਾ ਇਲਾਜ ਕਰਵਾਉਣ ਦੀ ਸਹੂਲਤ ਹੈ। ਕੈਂਸਰ ਦੀ ਪੁਸ਼ਟੀ ਹੋਣ ਉਪਰੰਤ ਇੰਪੈਨਲ ਹਸਪਤਾਲ ਵਿਖੇ ਇਲਾਜ ਲਈ ਕੈਸ਼ਲੈਸ ਇਲਾਜ ਦੀ ਸੁਵਿਧਾ ਉਪਲੱਬਧ ਹੈ।
ਇਸ ਮੌਕੇ ਸ਼੍ਰੀ ਵਿਜੇ ਕੁਮਾਰ ਜ਼ਿਲਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਗੈਰ ਸੰਚਾਰੀ ਰੋਗਾਂ ਬਾਰੇ ਜਾਗਰੁਕਤਾਂ ਵੈਨ ਜ਼ਿਲੇ ਦੇ ਵੱਖ ਵੱਖ ਹਿੱਸਿਆ ਵਿੰਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਜਗਮੋਹਨ ਸਿੰਘ, ਡੀ ਐੱਫ ਪੀ ਓ ਡਾ ਰਵਿੰਦਰ ਕਲੇਰ, ਡੀ ਆਈ ਓ ਡਾ ਹਰਮਿੰਦਰ ਸਿੰਘ, ਡੀ ਐਚ ਓ ਡਾ ਐਸ ਜੇ ਸਿੰਘ,ਐੱਸਐੱਮ ਓ ਡਾ ਬਲਜੀਤ ਸਿੰਘ , ਕਮਿਊਨਿਟੀ ਮੋਬਲਾਈਜ਼ਰ ਦੀਪਕ ਸ਼ਰਮਾ ਤੋਂ ਇਲਾਵਾ ਸਮੂਹ ਮੈਡੀਕਲ ਅਫਸਰ ਅਤੇ ਹੋਰ ਸਟਾਫ ਹਾਜ਼ਰ ਸਨ ।