ਕੁਝ ਘੰਟਿਆਂ ਦੇ ਫਰਕ ਨਾਲ 2 ਵਾਰ ਫਿਰ ਭੰਨਤੋੜ,
ਪਰਿਵਾਰ ਨੇ ਡਰ ਡਰ ਕੇ ਗੁਜਾਰੀ ਰਾਤ,,,
ਹਰਿੰਦਰ ਨਿੱਕਾ , ਬਰਨਾਲਾ 3 ਨਵੰਬਰ 2020
ਸ਼ਹਿਰ ਅੰਦਰ ਗੁੰਡਾਗਰਦੀ ਸਿਖਰ ਤੇ ਹੈ ਅਤੇ ਬੇਖੌਫ ਗੁੰਡਿਆਂ ਅੱਗੇ ਪੁਲਿਸ ਵੀ ਗੋਡੇ ਟੇਕਦੀ ਹੋਈ ਨਜਰ ਆ ਰਹੀ ਹੈ। ਸੁਣਨ ਨੂੰ ਬੇਸ਼ੱਕ ਇਹ ਗੱਲ ਤੇ ਯਕੀਨ ਨਾ ਆਵੇ, ਪਰੰਤੂ ਇਸ ਵਿੱਚ ਰੱਤੀ ਭਰ ਵੀ ਝੂਠ ਨਹੀਂ। ਇਸ ਗੱਲ ਦੀ ਤਾਜ਼ਾ ਉਦਾਹਰਣ ਇਹ ਹੈ ਕਿ ਸੋਮਵਾਰ ਦਿਨ ਦਿਹਾੜੇ ਸ਼ਹਿਰ ਦੇ ਸੇਖਾ ਫਾਟਕ ਦੇ ਨੇੜੇ ਪੁਲਿਸ ਦੇ ਪੱਕੇ ਨਾਕੇ ਦੇ ਕੋਲ ਇੱਕ ਕਚੌਰੀਆਂ ਦੀ ਦੁਕਾਨ ਤੇ ਦੋ ਮੋਟਰ ਸਾਈਕਲ ਸਵਾਰ ਵਿਅਕਤੀ ਭੰਨਤੋੜ ਕਰਕੇ ਫਰਾਰ ਹੋ ਗਏ,ਪੀੜਤ ਪਰਿਵਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਫੋਨ ਕਰਕੇ ਦਿੱਤੀ, ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਦੂਜੀ ਵਾਰ ਫਿਰ ਕੁਝ ਵਿਅਕਤੀ, ਤੋੜ ਫੋੜ ਕਰਕੇ ਰਫੂ ਚੱਕਰ ਹੋ ਗਏ। ਬਰਨਾਲਾ ਟੂਡੇ ਦੀ ਟੀਮ ਨੂੰ ਉਕਤ ਸਾਰੀ ਜਾਣਕਾਰੀ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦਿੱਤੀ।
ਆਖਿਰ ਕਿਉਂ ਬਣਾਇਆ 1 ਦਿਨੋਂ ‘ਚ , 1 ਦੁਕਾਨ ਨੂੰ 2 ਵਾਰ ਨਿਸ਼ਾਨਾ
ਇਹ ਗੱਲ ਹਰ ਕਿਸੇ ਦੇ ਜਿਹਨ ਵਿੱਚ ਉੱਠ ਰਹੀ ਹੈ ਕਿ ਆਖਿਰ ਇੱਕੋ ਹੀ ਦੁਕਾਨ ਉੱਪਰ ਇੱਕ ਦਿਨ ਵਿੱਚ 2 ਵਾਰ ਹਮਲਾ ਕਰਕੇ ਭੰਨਤੋੜ ਕੀਤੀ ਗਈ। ਵਜ੍ਹਾ ਰੰਜਿਸ਼ ਦੱਸਦਿਆਂ ਪੀੜਤ ਪਰਿਵਾਰ ਦੀ ਲੜਕੀ ਨੇ ਦੱਸਿਆ ਕਿ ਉਸ ਨੇ ਕਰੀਬ ਇੱਕ ਮਹੀਨਾ ਪਹਿਲਾਂ ਉਸ ਨਾਲ ਗੈਂਗਰੇਪ ਕਰਨ ਵਾਲੇ ਦੋ ਦੋਸ਼ੀਆਂ ਖਿਲਾਫ ਥਾਣਾ ਸਿਟੀ 2 ਵਿਖੇ ਕੇਸ ਦਰਜ਼ ਕਰਵਾਇਆ ਸੀ। ਦੋਸ਼ੀਆਂ ਨੇ ਗਹਿਰੀ ਸਾਜਿਸ਼ ਅਤੇ ਦਬਾਅ ਨਾਲ ਇੱਕ ਦੋਸ਼ੀ ਨਾਲ ਉਸ ਦਾ ਵਿਆਹ ਕਰ ਦਿੱਤਾ। ਆਨੰਦ ਕਾਰਜ਼ ਦੇ ਸਮੇਂ ਉਸ ਦੇ ਮਾਪਿਆਂ ਵਿੱਚੋਂ ਕੋਈ ਸ਼ਾਮਿਲ ਨਹੀਂ ਸੀ। ਦੋਸ਼ੀਆਂ ਨੇ ਉਸ ਤੋਂ ਕਈ ਖਾਲੀ ਹਲਫੀਆਂ ਬਿਆਨ ਲੈ ਕੇ ਉਸ ਤੇ ਦਸਤਖਤ ਵੀ ਕਰਵਾ ਲਏ। ਜਿੰਨਾਂ ਦੇ ਅਧਾਰ ਦੇ ਦੋਵੇਂ ਦੋਸ਼ੀ ਹਾਈਕੋਰਟ ਵਿੱਚੋਂ ਜਮਾਨਤ ਲੈਣ ਵਿੱਚ ਸਫਲ ਹੋ ਗਏ। ਜਮਾਨਤ ਨਾ ਹੋਣ ਤੱਕ ਦੋਸ਼ੀਆਂ ਦੇ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਆਪਣੇ ਕੋਲ ਹੀ ਰੱਖਿਆ। ਬਿਆਨ ਨਾ ਦੇਣ ਦੇ ਬਦਲੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਗਈ। ਜਦੋਂ ਹੀ ਦੋਸ਼ੀ ਜਮਾਨਤ ਤੇ ਬਾਹਰ ਆ ਗਏ ਤਾਂ ਉਨਾਂ ਕੁੱਟਮਾਰ ਕਰਕੇ ਉਸਨੂੰ ਘਰ ਤੋਂ ਬਾਹਰ ਕੱਢ ਦਿੱਤਾ। ਉਨਾਂ ਕਿਹਾ ਕਿ ਦੋਸ਼ੀ ਉਸ ਨੂੰ 3 ਨਵੰਬਰ ਨੂੰ ਬਰਨਾਲਾ ਅਦਾਲਤ ਵਿੱਚ ਪੇਸ਼ ਹੋ ਕੇ ਗੈਂਗਰੇਪ ਦਾ ਦਰਜ਼ ਕੇਸ ਖਾਰਿਜ ਕਰਵਾਉਣ ਲਈ ਬਿਆਨ ਦਿਵਾਉਣਾ ਚਾਹੁੰਦੇ ਹਨ, ਇਸ ਤੋਂ ਮਨ੍ਹਾ ਕਰ ਦੇਣ ਤੋਂ ਭੜ੍ਹਕੇ ਦੋਸ਼ੀਆਂ ਨੇ ਆਪਣੇ ਦੋਸਤਾਂ ਜਿਨ੍ਹਾਂ ਨੂੰ ਉਹ ਪਹਿਚਾਣ ਸਕਦੀ ਹੈ ਅਤੇ ਖੁਦ ਵੀ ਉਸ ਦੇ ਪਿਤਾ ਦੀ ਦੁਕਾਨ ਦੇ ਭੰਨਤੋੜ ਕੀਤੀ ਹੈ। ਉਨਾਂ ਪੁਲਿਸ ਪ੍ਰਸ਼ਾਸ਼ਨ ਤੋਂ ਆਪਣੀ ਜਾਨ ਮਾਲ ਦੀ ਰਾਖੀ ਕਰਨ ਦੀ ਫਰਿਆਦ ਕੀਤੀ।
ਪੁਲਿਸ ਨੇ ਬਿਆਨ ਲਿਖੇ, ਪਰ ਨਹੀਂ ਕੀਤੀ ਕੋਈ ਕਾਰਵਾਈ
ਗੈਂਗਰੇਪ ਪੀੜਤਾ ਨੇ ਦੱਸਿਆ ਕਿ ਦੋਸ਼ੀਆਂ ਵੱਲੋਂ ਕੁੱਟਮਾਰ ਕਰਨ ਤੋਂ ਬਾਅਦ ਉਹ ਸਿਵਲ ਹਸਪਤਾਲ ‘ਚ ਦਾਖਿਲ ਵੀ ਹੋਈ, ਹਸਪਤਾਲ ਦਾ ਰੁੱਕਾ ਮਿਲਣ ਤੋਂ ਬਾਅਦ ਥਾਣਾ ਸਿਟੀ 2 ਦੇ ਮੁਲਾਜਿਮ ਉਸ ਦਾ ਬਿਆਨ ਵੀ ਕਲਮਬੰਦ ਕਰਕੇ ਲੈ ਗਏ। ਪਰ ਘਟਨਾ ਦੇ ਕਈ ਦਿਨ ਬਾਅਦ ਵੀ ਦੋਸ਼ੀਆਂ ਖਿਲਾਫ ਕੋਈ ਕੇਸ ਦਰਜ਼ ਨਹੀਂ ਕੀਤਾ ਗਿਆ। ਪੀੜਤਾ ਨੇ ਦੱਸਿਆ ਕਿ ਦੋਸ਼ੀ ਦੀ ਭੈਣ ਖੁਦ ਪੁਲਿਸ ਕਰਮਚਾਰੀ ਹੋਣ ਕਰਕੇ ਪੁਲਿਸ ਦੋਸ਼ੀਆਂ ਨੂੰ ਨਹੀਂ ਫੜ੍ਹ ਰਹੀ। ਉਨਾਂ ਕਿਹਾ ਕਿ ਭੰਨਤੋੜ ਦੀ ਵਾਰਦਾਤ ਨੇੜੇ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੈ। ਉਨਾਂ ਕਿਹਾ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਦੋਸ਼ੀਆਂ ਤੋਂ ਜਾਨ ਦਾ ਖਤਰਾ ਬਣਿਆ ਹੋਇਆ ਹੈ।
ਤਫਤੀਸ਼ ਜਾਰੀ, ਜਲਦ ਕਰਾਂਗੇ ਦੋਸ਼ੀਆਂ ਦੀ ਗਰਿਫਤਾਰੀ-ਐਸ.ਐਚ.ਉ
ਉੱਧਰ ਥਾਣਾ ਸਿਟੀ 2 ਦੇ ਇੰਚਾਰਜ ਅਜਾਇਬ ਸਿੰਘ ਨੇ ਕਿਹਾ ਕਿ ਘਟਨਾ ਦੀ ਤਫਤੀਸ਼ ਏ.ਐਸ.ਆਈ. ਗੁਰਮੀਤ ਸਿੰਘ ਨੂੰ ਸੌਂਪੀ ਗਈ ਹੈ। ਸਾਹਮਣੇ ਆਏ ਨਾਮਜ਼ਦ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਉਨਾਂ ਨੂੰ ਕਾਬੂ ਕਰ ਲਿਆ ਜਾਵੇਗਾ।