ਪਰਾਲੀ ਨੂੰ ਖੇਤ ਵਿੱਚ ਮਿਲਾਉਣ ਨਾਲ ਮਿੱਤਰ-ਕੀੜੇ ਅਤੇ ਸੂਖਮ ਜੀਵਾਂ ਦੀ ਗਿਣਤੀ ਵਿੱਚ ਹੁੰਦਾ ਵਾਧਾ-ਡਾ.ਮਨਦੀਪ ਸਿੰਘ
ਕੈਂਪ ਦੌਰਾਨ ਕਸਾਨਾਂ ਨੂੰ ਸਰੋਂ ਦਾ ਬੀਜ, ਜੀਵਾਣੂ ਖਾਦ ਦੇ ਟੀਕੇ ਅਤੇ ਖੇਤੀ ਸਾਹਿਤ ਮੁਹੱਈਆ ਕਰਵਾਇਆ
ਹਰਪ੍ਰੀਤ ਕੌਰ , ਸੰਗਰੂਰ, 31 ਅਕਤੂਬਰ:2020
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜ਼ਿਲਾ-ਪੱਧਰੀ ਪਸਾਰ ਅਦਾਰਿਆਂ ਕਿ੍ਰਸ਼ੀ ਵਿਗਿਆਨ ਕੇਂਦਰ ਖੇੜੀ ਅਤੇ ਖੇਤ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਪਿੰਡ ਬੀਰ ਕਲਾਂ ਵਿਖੇ ਕਿਸਾਨਾਂ ਦਾ ਇੱਕਠ ਕਰਕੇ ਝੋਨੇ ਦੀ ਪਰਾਲੀ ਦੇ ਸੁੱਚਜੇ ਨਿਪਟਾਰੇ ਬਾਰੇ ਤਕਨੀਕੀ ਉਪਰਾਲੇ ਸਾਂਝੇ ਕੀਤੇ।
ਇਸ ਮੌਕੇ ਕਿ੍ਰਸ਼ੀ ਵਿਗਿਆਨ ਕੇਂਦਰ ਖੇੜੀ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਕਿ ਪੀਏਯੂ ਵਲੋਂ ਸਿਫਾਰਿਸ਼ ਕੀਤੀ ਆਧੁਨਿਕ ਖੇਤੀ ਮਸ਼ੀਨਰੀ ਹੈਪੀ ਸੀਡਰ, ਸੁਪਰ ਸੀਡਰ, ਮਲਚਰ, ਉਲਟਾਵੇਂ ਹਲ ਅਤੇ ਕਟਰ-ਕਮ-ਸਪਰੈਡਰ ਆਦਿ ਵਰਤ ਕੇ ਪਰਾਲੀ ਨੂੰ ਖੇਤ ਵਿਚ ਹੀ ਅਸਰਦਾਰ ਤਰੀਕੇ ਨਾਲ ਸਾਂਭਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਕਿ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਨਾਲ ਵਾਤਾਵਰਣ ਪ੍ਰਦੂਸ਼ਿਤ ਨਹੀਂ ਹੁੰਦਾ ਅਤੇ ਖੇਤ ਵਿੱਚ ਮਿੱਤਰ-ਕੀੜੇ ਅਤੇ ਸੂਖਮ ਜੀਵਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ। ਪਰਾਲੀ ਖੇਤ ਵਿੱਚ ਮਿਲਾਉਣ ਨਾਲ ਇਸ ਦੀ ਖਾਦ ਬਣ ਜਾਂਦੀ ਹੈ ਜਿਸ ਨਾਲ ਜ਼ਮੀਨ ਦੀ ਜੈਵਿਕ ਤਾਕਤ ਵਧਦੀ ਹੈ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਘਟਦੀ ਹੈ।
ਡਾ. ਬੂਟਾ ਸਿੰਘ ਰੋਮਾਣਾ ਮੁਖੀ ਖੇਤ ਸਲਾਹਕਾਰ ਕੇਂਦਰ ਨੇ ਚੌਗਿਰਦੇ ਨੂੰ ਸਾਫ-ਸੁਥਰਾ ਰੱਖਣ ਲਈ ਆਪਣੇ ਫਰਜਾਂ ਤੋਂ ਜਾਣੂੰ ਕਰਵਾਉਂਦਿਆਂ ਪਰਾਲੀ ਨੂੰ ਅੱਗ ਲਾਉਣ ਨਾਲ ਮਨੁੱਖੀ ਸਿਹਤ ਅਤੇ ਵਾਤਾਵਰਣ ਨੂੰ ਹੁੰਦੇ ਨੁਕਸਾਨ ਬਾਰੇ ਅਹਿਮ ਪ੍ਰਗਟਾਵੇ ਕੀਤੇ। ਉਨਾਂ ਕਣਕ ਦੀ ਕਾਸ਼ਤ ਬਾਰੇ ਮੁੱਖ ਨਕਤੇ ਸਾਂਝੇ ਕੀਤੇ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਬੀਜ ਸੋਧਣ ਦੀ ਜਾਣਕਾਰੀ ਦਿੱਤੀ। ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸ਼ੀਨਰੀ) ਨੇ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਰਾਹੀਂ ਝੋਨੇ ਦੇ ਪਰਾਲੀ ਪ੍ਰਬੰਧਨ ਬਾਰੇ ਵਿਸਤਾਰਪੂਰਵਕ ਤਕਨੀਕੀ ਜਾਣਕਾਰੀ ਦਿੱਤੀ। ਉਨਾਂ ਹੈਪੀ ਸੀਡਰ, ਸੁਪਰ ਸੀਡਰ, ਮਲਚਰ, ਉਲਟਾਵੇਂ ਹਲ ਅਤੇ ਕਟਰ-ਕਮ-ਸਪਰੈਡਰ ਚਲਾਉਣ ਸਮੇਂ ਧਿਆਨ ਦੇਣ ਯੋੋਗ ਨੁਕਤਿਆਂ ਬਾਰੇ ਵੀ ਦੱਸਿਆ।
ਡਾ. ਸਤਬੀਰ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਪਰਾਲੀ ਨੂੰ ਪਸ਼ੂ ਚਾਰੇ ਵਜੋਂ ਵਰਤਣ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਪਈ ਪਰਾਲੀ ਨੂੰ ਸੁਕਾ ਕੇ ਰੀਪਰ ਨਾਲ ਤੂੜੀ ਬਣਾ ਕੇ ਪਸ਼ੂਆਂ ਦੇ ਚਾਰੇ ਲਈ ਵਰਤਿਆ ਜਾ ਸਕਦਾ ਹੈ ਅਤੇ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪਸ਼ੂਆਂ ਨੂੰ ਨਿੱਘ ਦੇਣ ਲਈ ਉਨਾਂ ਦੇ ਹੇਠਾਂ ਵੀ ਵਛਾਇਆ ਜਾ ਸਕਦਾ ਹੈ। ਕੈਂਪ ਤੋਂ ਬਾਅਦ ਦੇ ਖੇਤਾਂ ਵਿੱਚ ਜਾ ਕੇ ਪਰਾਲੀ ਨੂੰ ਬਿਨਾ ਅੱਗ ਲਗਾਏ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਬਾਰੇ ਖੇਤ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਕਿਸਾਨਾਂ ਨੂੰ ਸਰੋਂ ਦਾ ਬੀਜ, ਜੀਵਾਣੂੰ ਖਾਦ ਦੇ ਟੀਕੇ ਅਤੇ ਖੇਤੀ ਸਾਹਿਤ ਵੀ ਮੁਹੱਈਆ ਕਰਵਾਇਆ ਗਿਆ।