ਪਿੰਡ ਪੱਧਰੀ ਬਾਲ ਸੁਰੱਖਿਆ ਕਮੇਟੀਆਂ ਦੀ ਮੀਟਿੰਗ ਹਰ ਮਹੀਨੇ ਯਕੀਨੀ ਬਣਾਉਣ ਦੀ ਕੀਤੀ ਹਦਾਇਤ: ਚੇਅਰਮੈਨ ਰਜਿੰਦਰ ਸਿੰਘ
ਡਿਪਟੀ ਕਮਿਸ਼ਨਰ ਅਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਨੈਤਿਕ ਸਿੱਖਿਆ ਸਬੰਧੀ ਵਿਸ਼ੇਸ਼ ਮੁਹਿੰਮ ਉਲੀਕੀ
ਬਾਲ ਅਪਰਾਧਾਂ ਪਿੱਛੇ ਮਾਨਸਿਕਤਾ ਸਮਝਣ ਲਈ ਸਥਾਨਕ ਬਾਲ ਸੁਰੱਖਿਆ ਕਮੇਟੀਆਂ ਪੂਰੀ ਤਰ੍ਹਾਂ ਸਰਗਰਮ ਕਰਨ ਦੀ ਹਦਾਇਤ
ਹਰਿੰਦਰ ਨਿੱਕਾ / ਰਘਵੀਰ ਹੈਪੀ , ਬਰਨਾਲਾ, 29 ਅਕਤੂਬਰ 2020
ਜ਼ਿਲ੍ਹਾ ਬਰਨਾਲਾ ਵਿੱਚ ਛੋਟੀ ਬੱਚੀ ਨਾਲ ਕਥਿਤ ਜਬਰ-ਜਨਾਹ ਦਾ ਮਾਮਲਾ ਜਿੱਥੇ ਬੇਹੱਦ ਸ਼ਰਮਨਾਕ ਤੇ ਚਿੰਤਾ ਦਾ ਵਿਸ਼ਾ ਹੈ, ਉਥੇ ਸਾਡੇ ਸਮਾਜ ਦੇ ਹਰ ਬਾਸ਼ਿੰਦੇ ਅਤੇ ਮਾਪਿਆਂ ਨੂੰ ਜਾਗੂਰਕ ਕਰਨ ਵੱਲ ਵੀ ਧਿਆਨ ਦਿਵਾਉਂਦਾ ਹੈ ਤਾਂ ਜੋ ਅਸੀਂ ਪਰਿਵਾਰ ਅਤੇ ਪਿੰਡ/ਸ਼ਹਿਰ ਪੱਧਰ ’ਤੇ ਅਜਿਹੀਆਂ ਮਾੜੀਆਂ ਘਟਨਾਵਾਂ ਹੋਣ ਤੋਂ ਰੋਕ ਸਕੀਏ।
ਇਹ ਪ੍ਰਗਟਾਵਾ ਸਿਵਲ ਹਸਪਤਾਲ ’ਚ ਪੀੜਤ ਬੱਚੀ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਪੁੱਜੇ ਪੰਜਾਬ ਰਾਜ ਬਾਲ ਸੁਰੱਖਿਆ ਕਮਿਸ਼ਨਰ ਦੇ ਚੇਅਰਮੈਨ ਸ੍ਰੀ ਰਾਜਿੰਦਰ ਸਿੰਘ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਾਈਸ ਚੇਅਰਮੈਨ ਸੇਬੀ ਥੌਮਸ ਤੇ ਡਿਪਟੀ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਵੀ ਮੌਜੂਦ ਸਨ।
ਸ੍ਰੀ ਰਜਿੰਦਰ ਸਿੰਘ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਵਿੱਚ ਪਰਿਵਾਰ ਨੂੰ ਪੂਰਾ ਇਨਸਾਫ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਦਫਤਰ ਰਾਹੀਂ ਐਸਸੀ/ਐਸਟੀ ਐਕਟ ਅਧੀਨ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਬਣਦਾ ਮੁਆਵਜ਼ਾ ਜਲਦ ਤੋਂ ਜਲਦ ਦਿਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਰਾਜ ਬਾਲ ਸੁਰੱਖਿਆ ਕਮਿਸ਼ਨਰ ਬੱਚਿਆਂ ਦੀ ਭਲਾਈ ਲਈ ਵਚਨਬੱਧ ਹੈ।
ਇਸ ਮਗਰੋਂ ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਐਸਪੀ (ਐਚ) ਹਰਵੰਤ ਕੌਰ ਸਮੇਤ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਚੇਅਰਮੈਨ ਰਜਿੰਦਰ ਸਿੰਘ ਨੇ ਆਖਿਆ ਕਿ ਅਜਿਹੀਆਂ ਘਟਨਾਵਾਂ ਹੋਣ ਪਿੱਛੇ ਦੀ ਮਾਨਸਿਕਤਾ ਸਮਝਣੀ ਸਭ ਤੋਂ ਜ਼ਰੂਰੀ ਹੈ।
ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਪਿੰਡ ਅਤੇ ਬਲਾਕ ਪੱਧਰ ’ਤੇ ਬਾਲ ਸੁਰੱਖਿਆ ਕਮੇਟੀਆਂ ਦੀਆਂ ਜਾਗਰੂਕਤਾ ਗਤੀਵਿਧੀਆਂ ਤੇਜ਼ ਕਰਨ ਲਈ ਆਖਿਆ ਤਾਂ ਜੋ ਪਿੰਡ ਪੱਧਰ ’ਤੇ ਹੀ ਬੱਚਿਆਂ ਨੂੰ ਨੈਤਿਕ ਮੁੱਲਾਂ ਬਾਰੇ ਅਤੇ ਪੌਕਸੋ ਸਮੇਤ ਹੋਰ ਐਕਟਾਂ ਬਾਰੇ ਦੱਸਿਆ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਪਿੰਡ ਪੱਧਰ ’ਤੇ ਬਾਲ ਸੁਰੱਖਿਆ ਕਮੇਟੀਆਂ ਦੀਆਂ ਮੀਟਿੰਗਾਂ ਹਰ ਮਹੀਨੇ ਯਕੀਨੀ ਬਣਾਈਆਂ ਜਾਣਗੀਆਂ ਤਾਂ ਜੋ ਅਜਿਹੇ ਹਾਲਾਤ ਉਪਜਣ ਤੋਂ ਰੋਕੇ ਜਾ ਸਕਣ।
ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਸਿੱਖਿਆ ਵਿਭਾਗ ਨੂੰ ਵਿਦਿਆਰਥੀਆਂ ਨੂੰ ਨੈਤਿਕ ਸਿਧਾਤਾਂ ਅਤੇ ਹੋਰ ਐਕਟਾਂ ਬਾਰੇ ਜਾਗਰੂਕ ਕਰਨ ਸਬੰਧੀ ਵੱਖ ਵੱਖ ਮਾਧਿਅਮਾਂ ਰਾਹੀਂ ਸਬਕ ਪੜ੍ਹਾਉਣ ਦੀ ਸਿਫਾਰਸ਼ ਕੀਤੀ ਗਈ ਹੈ ਤਾਂ ਜੋ ਬੱਚੇ ਅਜਿਹੇ ਅਪਰਾਧਾਂ ਦੇ ਪੀੜਤ ਜਾਂ ਮੁਲਜ਼ਮ ਨਾ ਬਣਨ।
ਉਨ੍ਹਾਂ ਆਖਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਵਿੰਗ ਨੂੰ ਵੱਧ ਤੋਂ ਵੱਧ ਨੈਤਿਕ ਸਿੱਖਿਆ ਕੈਂਪ ਲਾਉਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਮਾਪਿਆਂ ਅਤੇ ਪਿੰਡ/ਸ਼ਹਿਰ ਪੱਧਰ ਦੇ ਨੁੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ’ਤੇ ਨਿੱੱਜੀ ਤੌਰ ’ਤੇ ਵੀ ਨਿਗਰਾਨੀ ਕਰਨ ਅਤੇ ਅਜਿਹੇ ਅਪਰਾਧਾਂ ਖਿਲਾਫ ਮੁਹਿੰਮ ’ਚ ਸਹਿਯੋਗ ਦੇਣ। ਚੇਅਰਮੈਨ ਰਜਿੰਦਰ ਸਿੰਘ ਨੇ ਆਖਿਆ ਕਿ ਇਸ ਮਾਮਲੇ ਵਿੱਚ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਕੀਤੀ ਹੈ ਤੇ ਪੀੜਤ ਪਰਿਵਾਰ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ।