ਮੋਦੀ ਹਕੂਮਤ ਖਿਲ਼ਾਫ ਕਿਸਾਨ ਸੰਘਰਸ਼ਾਂ ਦਾ 25 ਵਾਂ ਦਿਨ,,,
ਹਰਿੰਦਰ ਨਿੱਕਾ/ ਰਘਵੀਰ ਹੈਪੀ , ਬਰਨਾਲਾ 25 ਅਕਤੂਬਰ 2020
ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਉਲੀਕਿਆ ਗਿਆ ਸਾਂਝਾ ਸੰੰਘਰਸ਼ ਅੱਜ 25 ਵੇਂ ਦਿਨ ਵਿੱਚ ਦਾਖਲ ਹੋ ਗਿਆ। ਕਿਸਾਨ ਅੱਜ ਵੀ ਰੇਲਵੇ ਸਟੇਸ਼ਨ ਬਰਨਾਲਾ ਉੱਪਰ ਕਬਜਾ ਬਰਕਰਾਰ ਰੱਖਣਗੇ। ਕਿਸਾਨੀ ਰੋਹ ਹੋਰ ਵੀ ਤੇਜ ਤਿੱਖਾ ਹੋ ਰਿਹਾ ਹੈ। ਰਿਲਾਇੰਸ-ਐਸਾਰ ਪਟਰੋਲ ਪੰਪ, ਮਹਿਲ ਕਲਾਂ ਟੋਲ ਪਲਾਜਾ, ਰਿਲਾਇੰਸ ਅਤੇ ਡੀ ਮਾਰਟ ਮਾਲ (ਛੇ ਥਾਵਾਂ) ਅੱਗੇ ਸੈਂਕੜੇ ਕਿਸਾਨਾਂ ਦੇ ਧਰਨੇ ਤੇ ਨਾਅਰੇ ਜਾਰੀ ਰਹਿਣਗੇ।
ਇਸ ਸਬੰਧ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਸੀ.ਮੀਤ ਪ੍ਰਧਾਨ ਮਨਜੀਤ ਧਨੇਰ, ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਪੰਜਾਬ ਕਿਸਾਨ ਯੂਨੀਅਨ ਦੇ ਜੱਗਾ ਸਿੰਘ ਬਦਰਾ, ਬਲਵਿੰਦਰ ਸਿਘ ਸੰਧੂਕਲਾਂ, ਬੀਕੇਯੂ ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ, ਸਿੱਧੂਪੁਰ ਦੇ ਜਸਪਾਲ ਸਿੰਘ ਕਲਾਲਮਾਜਰਾ, ਕਾਦੀਆਂ ਦੇ ਜਗਸੀਰ ਸਿੰਘ ਛੀਨੀਵਾਲਕਲਾਂ, ਕ੍ਰਾਂਤੀਕਾਰੀ ਦੇ ਪਵਿੱਤਰ ਸਿੰਘ ਲਾਲੀ, ਜੈ ਕਿਸਾਨ ਦੇ ਗੁਰਬਖਸ਼ ਸਿੰਘ ਬਰਨਾਲਾ, ਕੁਲ ਹਿੰਦ ਕਿਸਾਨ ਸਭਾ ਦੇ(ਸਾਂਬਰ) ਉਜਾਗਰ ਸਿੰਘ ਬੀਹਲਾ, ਪੰਜਾਬ ਕਿਸਾਨ ਸਭਾ ਦੇ ਨਿਰੰਜਣ ਸਿੰਘ , ਬੀਕੇਯੂ ਏਕਤਾ ਡਕੌਂਦਾ ਦੀਆਂ ਔਰਤ ਕਿਸਾਨ ਆਗੂਆਂ ਅਮਰਜੀਤ ਕੌਰ, ਪ੍ਰੇਮਪਾਲ ਕੌਰ, ਮਨਜੀਤ ਕੌਰ ਨੇ ਤਿੱਖੀ ਸੁਰ ਵਿੱਚ ਕਿਹਾ ਕਿ ਭਾਜਪਾ ਦੇ ਪ੍ਰਧਾਨ ਵੱਲੋਂ ਦਿੱਲੀ ਭਾਜਪਾ ਹੈਡਕੁਆਟਰ ਵਿਖੇ ਕੁੱਝ ਆਪੇ ਚੋਣਵੇਂ ਬੀਜੇਪੀ ਭਗਤਾਂ ਨੂੰ ਸੰਬੋਧਨ ਵੇਲੇ ਅਤੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਮੋਦੀ ਵੱਲੋਂ ਖੇਤੀ ਕਾਨੂੰਨਾਂ ਵਿੱਚ ਇੱਕ ਇੱਚ ਵੀ ਪਿੱਛੇ ਨਾਂ ਹਟਣ ਉੱਪਰ ਕਿਸਾਨਾਂ ਸੰਘਰਸ਼ ਪਿੱਛੇ ਦਲਾਲਾਂ ਦਾ ਹੱਥ ਹੋਣ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅਸਲ ਗੱਲ ਇਹ ਹੈ ਕਿ ਬੀਜੇਪੀ ਖੁਦ ਦੇ ਪੈਰਾਂ ਹੇਠੋਂ ਵੀ ਜਮੀਨ ਖੁੱਸ ਰਹੀ ਹੈ।
ਹੁਣ ਬੀਜੇਪੀ ਕਿਸੇ ਜਿਹੀ ਨਵੀਂ ਸਾਜਿਸ਼ ਦੀ ਤਲਾਸ਼ ਕਰ ਰਹੀ ਹੈ । ਜਿਸ ਰਾਹੀਂ ਉੱਸਰੀ ਹੋਈ ਸਾਂਝੀ ਕਿਸਾਨ ਏਕਤਾ ਅਤੇ ਸਮੁੱਚੇ ਪੰਜਾਬ ਵਾਸੀਆਂ (ਮਜਦੂਰਾਂ, ਆੜਤੀਆਂ, ਵਿਉਪਾਰੀਆਂ, ਦੁਕਾਨਦਾਰਾਂ, ਨੌਜਵਾਨਾਂ) ਦੇ ਵਿਸ਼ਾਲ ਹੁੰਗਾਰੇ ਨੂੰ ਖਿੰਡਾਇਆ ਜਾ ਸਕੇ। ਪੰਜਾਬ ਦੇ ਕਿਸਾਨਾਂ -ਮਜਦੂਰਾਂ ਦਾ ਏਕਾ ਖਿੰਡਾਉਣ ਦੀ ਕਿਸੇ ਵੀ ਸਾਜਿਸ਼ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਬੁਲਾਰਿਆਂ ਨੇ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਦੀ ਹਰ ਸਾਜਿਸ਼ ਨੂੰ ਕਰਾਰੇ ਹੱਥੀਂ ਲੈਂਦਿਆਂ ਉਸ ਦਾ ਲੋਕ ਸੱਥਾਂ ਵਿੱਚ ਵਿਰੋਧ ਕਰਦਿਆਂ ਉਸ ਦੀਆਂ ਲੋਕ ਵਿਰੋਧੀਆਂ ਨੀਤੀਆਂ ਦਾ ਪਰਦਾਫਾਸ਼ ਕਰਨ ਦਾ ਜੋਰਦਾਰ ਸੱਦਾ ਦਿੱਤਾ।
ਆਗੂਆਂ ਕਿਹਾ ਕਿ ਖੇਤੀ ਬਿੱਲਾਂ ਵਿਰੋਧੀ ਪਰਦਰਸ਼ਨਕਾਰੀ ਖੇਤਾਂ ਦੇ ਅਸਲ ਪੁੱਤ ਹਨ ਜੋ ਸਮੁੱਚੇ ਮੁਲਕ ਦਾ ਢਿੱਡ ਭਰਦੇ ਹਨ ਅਤੇ ਇਕੱਲਾ ਖੇਤੀ ਅਰਥਚਾਰਾ ਹੀ ਹੈ ਜੋ ਮੁਲਕ ਦੇ ਡਾਵਾਂਡੋਲ ਅਰਥਚਾਰੇ ਦਾ ਸਹਾਰਾ ਬਣ ਰਿਹਾ ਹੈ, ਬਾਕੀ ਅਰਥਚਾਰਾ ਮੂਧੇ ਮੂੰਹ ਧੜੱਮ ਡਿੱਗਿਆ ਹੋਇਆ ਹੈ। ਇਸ ਲਈ ਮੋਦੀ ਹਕੂਮਤ ਦੇ ਅਡਾਨੀਆਂ,ਅੰਬਾਨੀਆਂ ਦੇ ਨਿੱਜੀ ਹਿੱਤਾਂ ਨੂੰ ਫਾਇਦਾ ਪਹੁੰਚਾਕੇ ਕਰੋੜਾਂ ਕਰੋੜ ਲੋਕਾਂ ਨੂੰ ਉਜਾੜੇ ਮੂੰਹ ਧੱਕਣ ਵਾਲੇ ਇਹ ਤਿੰਨੋ ਬਿੱਲ ਰੱਦ ਕਰਾਉਣ ਤੱਕ ਪੰਜਾਬ ਦੇ ਕਿਸਾਨ ਸਮੁੱਚੇ ਮੁਲਕ ਦੇ ਕਿਸਨਾਂ ਦੀ ਅਗਵਾਈ ਕਰਕੇ ਰੱਦ ਕਰਵਾਕੇ ਹੀ ਦਮ ਲੈਣਗੇ । 5 ਨਵੰਬਰ ਤੱਕ ਰੇਲਵੇ ਸਟੇਸ਼ਨਾਂ, ਰਿਲਾਇੰਸ ਮਾਲਾਂ, ਰਿਲਾਇੰਸ ਅਤੇ ਐਸਾਰ ਪਟਰੋਲ ਪੰਪਾਂ, ਟੋਲ ਪਲਾਜਿਆਂ ਅੱਗੇ ਚੱਲ ਰਿਹਾ ਸੰਘਰਸ਼ ੳੇੁਸੇ ਤਰ੍ਹਾਂ ਹੋਰ ਵਧੇਰੇ ਜੋਸ਼ ਨਾਲ ਜਾਰੀ ਰਹੇਗਾ।
ਆਗੂਆਂ ਨੇ ਕਿਹਾ ਕਿ ਹੁਣ ਖੇਤੀ ਵਿਰੋਧੀ ਬਿਲਾਂ ਖਿਾਲਫ ਇਹ ਸੰਘਰਸ਼ ਮੁਲਕ ਦੇ ਵੱਡੇ ਹਿੱਸੇ ਵਿੱਚ ਫੈਲ ਚੁੱਕਾ ਹੈ। ਮੁਲਕ ਦੀਆਂ 250 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਵੀ ਮੋਦੀ ਹਕੂਮਤ ਦੇ ਵੱਡੇ ਹੱਲੇ ਖਿਲਾਫ ਇੱਕਜੁਟ ਹੋਕੇ ਸਾਂਝਾ ਸੰਘਰਸ਼ ਲਾਮਬੰਦ ਕਰਨ ਲਈ ਨੇੜਤਾ ਵੱਲ ਗੰਭੀਰਤਾ ਨਾਲ ਹੱਥ ਅੱਗੇ ਵਧਾ ਰਹੀਆਂ ਹਨ। ਬੀਤੇ ਕੱਲ੍ਹ ਵੱਖ-ਵੱਖ ਥਾਵਾਂ ਉੱਪਰ ਆਗੂਆਂ ਬਲਵੰਤ ਉੱਪਲੀ, ਅਮਰਜੀਤ ਕੁੱਕੂ, ਵਰਿੰਦਰ ਸਿੰਘ ,ਜਗਰਾਜ ਹਰਦਾਸਪੁਰਾ, ਭੋਲਾ ਸੰਘ ਛੰਨਾਂ, ਪਰਮਿੰਦਰ ਸਿੰਘ ਹੰਡਿਆਇਆ, ਬਾਬੂ ਸਿੰਘ ਖੁੱਡੀਕਲਾਂ, ਕੁਲਵਿੰਦਰ ਸਿੰਘ ਉੱਪਲੀ, ਕਰਨੈਲ ਸਿੰਘ ਗਾਂਧੀ, ਗੁਰਮੇਲ ਸ਼ਰਮਾ ਸ਼ਹਿਣਾ, ਰਜਿੰਦਰ ਭਦੌੜ, ਗੁਰਪ੍ਰੀਤ ਗੋਪੀ, ਹਰਚਰਨ ਚੰਨਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫਰਜ ਬੀਕੇਯੂ ਏਕਤਾ ਡਕੌਂਦਾ ਦੇ ਜਿਲ੍ਹਾ ਸਕੱਤਰ ਆਗੂ ਗੁਰਦੇਵ ਮਾਂਗੇਵਾਲ ਨੇ ਬਾਖੂਬੀ ਨਿਭਾਏ।
ਕਿਸਾਨ ਆਗੂਆਂ ਨੇ ਦੁਸਿਹਰੇ ਮੌਕੇ ਲੋਕਾਈ ਦੇ ਅਸਲ ਸਾਂਝੇ ਦੁਸ਼ਮਣ ਮੋਦੀ,ਸ਼ਾਹ, ਨੱਢਾ, ਅਡਾਨੀ ਅਤੇ ਅੰਬਾਨੀ ਦੇ ਵਿਸ਼ਾਲ ਦਿਉ ਕੱਦ ਪੁਤਲੇ ਅੱਜ ,ਸਾੜੇ ਜਾਣ ਸਮੇਂ ਸ਼ਾਮ 2.30 ਵਜੇ 25 ਏਕੜ ਫੁਹਾਰਾ ਚੌਂਕ ਬਰਨਾਲਾ ਵਿਖੇ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਅਤੇ ਕਿਸਾਨ ਕਾਫਲਿਆਂ ਨੂੰ ਹੁੰਮ ਹੁਮਾਕੇ ਪੁੱਜਣ ਦੀ ਜੋਰਦਾਰ ਅਪੀਲ ਕੀਤੀ।