ਹਰਿੰਦਰ ਨਿੱਕਾ ਬਰਨਾਲਾ 18 ਅਕਤੂਬਰ 2020
ਨਸ਼ਾ ਤਸਕਰਾਂ ਦੀ ਲੰਬੇ ਸਮੇਂ ਤੋਂ ਮੱਦਦ ਕਰਨ ਵਾਲੇ ਜੀ.ਆਰ.ਪੀ. ਪੁਲਿਸ ਦੇ ਇੱਕ ਸਬ ਇੰਸਪੈਕਟਰ ਸੁਰਜੀਤ ਸਿੰਘ ਨੂੰ ਸੀ.ਆਈ.ਏ. ਸਟਾਫ ਦੀ ਟੀਮ ਨੇ ਗਿਰਫ਼ਤਾਰ ਕਰ ਲਿਆ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ ਐਸ ਪੀ ਸੰਦੀਪ ਗੋਇਲ ਨੇ ਦੱਸਿਆ ਕਿ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ 13 ਜੁਲਾਈ 2020 ਨੂੰ ਐਨਡੀਪੀਸੀ ਐਕਟ ਤਹਿਤ ਮਹਿਲਾ ਨਸ਼ਾ ਤਸਕਰ ਪਾਲੋ।ਕੌਰ ਬਰਨਾਲਾ ਨੂੰ ਗਿਰਫ਼ਤਾਰ ਕੀਤਾ ਗਿਆ। ਇਸ ਕੇਸ ਦੀ ਤਫਤੀਸ ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਸੋਂਪੀ ਗਈ। ਹੁਣ ਤੱਕ ਦੀ ਤਫਤੀਸ਼ ਦੌਰਾਨ ਪੁਲਿਸ ਨੇ 10 ਨਸ਼ਾ ਤਸਕਰਾਂ ਨੂੰ ਗਿਰਫ਼ਤਾਰ ਕੀਤਾ ਗਿਆ। ਤਸਕਰਾਂ ਦੇ ਕਬਜ਼ੇ ਵਿੱਚੋਂ 60 ਲੱਖ 68 ਹਜਾਰ ਮੁੱਲ ਦੀਆਂ 8 ਲੱਖ 26 ਹਜਾਰ ਨਸ਼ੀਲੀਆਂ ਗੋਲੀਆਂ, ਕੈਪਸੂਲ, ਟੀਕੇ ਅਤੇ ਸਿਰਪ ਬਰਾਮਦ ਕੀਤੇ ਜਾ ਚੁੱਕੇ ਹਨ। ਐਸ ਐਸ ਪੀ ਗੋਇਲ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਜੀਆਰਪੀ ਬਠਿੰਡਾ ਵਿਖੇ ਤਾਇਨਾਤ ਸਬ ਇੰਸਪੈਕਟਰ ਸੁਰਜੀਤ ਸਿੰਘ ਤਸਕਰਾਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਦੇ ਨਾਮ ਤੇ ਲਗਾਤਾਰ ਰਿਸ਼ਵਤ ਲੈ ਰਿਹਾ ਸੀ। ਗੋਇਲ ਨੇ ਕਿਹਾ ਕਿ ਸੁਰਜੀਤ ਸਿੰਘ ਦੀ ਪੁੱਛਗਿੱਛ ਤੋਂ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।