ਸ਼ਰਾਬ ਦੇ ਠੇਕੇ ਅਤੇ ਪੈਟਰੌਲ ਪੰਪਾਂ ਨੂੰ ਨਿਸ਼ਾਨਾਂ ਬਣਾਉਂਦਾ ਰਿਹਾ ਲੁਟੇਰਾ ਗਿਰੋਹ
ਹਰਿੰਦਰ ਨਿੱਕਾ ਬਰਨਾਲਾ 9 ਸਤੰਬਰ 2020
ਸ਼ਰਾਬ ਦੇ ਠੇਕਿਆਂ ਅਤੇ ਪੈਟਰੌਲ ਪੰਪਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਲੁਟੇਰਾ ਗਿਰੋਹ ਦੇ 3 ਮੈਂਬਰਾਂ ਨੂੰ ਸਕੌਡਾ ਗੱਡੀ ਸਣੇ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਦਬੋਚ ਲਿਆ। ਜਦੋਂ ਕਿ ਕੇਸ ‘ਚ ਨਾਮਜਦ ਗੈਂਗ ਦੇ 2 ਹੋਰ ਮੈਂਬਰਾਂ ਦੀ ਤਲਾਸ਼ ਹਾਲੇ ਜਾਰੀ ਹੈ। ਐਸ.ਆਈ. ਲਖਵਿੰਦਰ ਸਿੰਘ ਦੇ ਬਿਆਨ ਦੇ ਅਧਾਰ ਤੇ ਥਾਣਾ ਸਦਰ ‘ਚ ਦਰਜ ਕੇਸ ਅਨੁਸਾਰ ਉਸ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਰਾਜਵਿੰਦਰ ਸਿੰਘ ਉਰਫ ਗੱਗੀ ਵਾਸੀ ਬਾਜੇਵਾਲਾ, ਜਿਲ੍ਹਾ ਮਾਨਸਾ, ਲਖਵਿੰਦਰ ਸਿੰਘ ਉਰਫ ਲੱਖੀ ਵਾਸੀ ਰਾਏਪੁਰ ਜਿਲ੍ਹਾ ਮਾਨਸਾ, ਜਸਪ੍ਰੀਤ ਸਿੰਘ ਉਰਫ ਜੱਸੀ , ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਅਮਨਪ੍ਰੀਤ ਸਿੰਘ ਉਰਫ ਅਮਨਾ ਤਿੰਨੋਂ ਵਾਸੀ ਆਨੰਦਪੁਰ ਬਸਤੀ ਨੇੜੇ ਦਰਾਜ ਰੇਲਵੇ ਫਾਟਕ ,ਤਪਾ ਨੇ ਮਿਲ ਕੇ ਸ਼ਰਾਬ ਦੇ ਠੇਕੇ ਅਤੇ ਪੈਟਰੌਲ ਪੰਪਾਂ ਤੇ ਲੁੱਟਾਂ ਖੋਹਾਂ ਕਰਨ ਲਈ ਇੱਕ ਗੈਂਗ ਬਣਾਇਆ ਹੋਇਆ ਹੈ।
ਜਿਹੜੇ ਹਥਿਆਰਾਂ ਦੀ ਨੋਕ ਤੇ ਸ਼ਰਾਬ ਦੇ ਠੇਕਿਆਂ ਅਤੇ ਪੈਟਰੌਲ ਪੰਪਾਂ ਨੂੰ ਲੁੱਟ ਦਾ ਨਿਸ਼ਾਨਾ ਬਣਾਉਂਦੇ ਹਨ। ਇਹ ਸਾਰਾ ਗੈਂਗ 8 ਸਤੰਬਰ ਨੂੰ ਵੀ ਇਲਾਕੇ ਅੰਦਰ ਕਿਸੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਸਕੌਡਾ ਗੱਡੀ ‘ਚ ਸਵਾਰ ਹੋ ਕੇ ਖੁੱਡੀ ਕਲਾਂ ਤੋਂ ਸੋਲ੍ਹਾਂ ਦੇ ਮੱਠ ਖੇਤਰ ਵਿੱਚ ਘੁੰਮ ਰਿਹਾ ਹੈ। ਸੂਚਨਾ ਭਰੋਸੇਮੰਦ ਹੋਣ ਕਾਰਣ ਪੁਲਿਸ ਨੇ ਥਾਣਾ ਸਦਰ ਬਰਨਾਲਾ ਵਿਖੇ ਐਫਆਈਆਰ ਨੰਬਰ-130 ਅਧੀਨ ਜੁਰਮ 399/402 ਆਈਪੀਸੀ ਤਹਿਤ ਕੇਸ ਦਰਜ਼ ਕਰਕੇ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਲੁਟੇਰਾ ਗਿਰੋਹ ਦੇ ਮੈਂਬਰਾਂ ਰਾਜਵਿੰਦਰ ਸਿੰਘ ਉਰਫ ਗੱਗੀ । ਲਖਵਿੰਦਰ ਸਿੰਘ ਲੱਖੀ ਅਤੇ ਜਸਪ੍ਰੀਤ ਸਿੰਘ ਜੱਸੀ ਨੂੰ ਸਕੌਡਾ ਕਾਰ ਸਣੇ ਗਿਰਫਤਾਰ ਕਰ ਲਿਆ। ਦੋਸ਼ੀਆਂ ਦੇ ਕਬਜੇ ‘ਚੋਂ ਦੋ ਲੋਹੇ ਦੀਆਂ ਕਿਰਪਾਨਾ ਵੀ ਬਰਾਮਦ ਕਰ ਲਈਆਂ ਹਨ। ਜਦੋਂ ਕਿ 2 ਹੋਰ ਨਾਮਜ਼ਦ ਦੋਸ਼ੀਆਂ ਗੁਰਪ੍ਰੀਤ ਉਰਫ ਗੋਪੀ ਅਤੇ ਅਮਨਪ੍ਰੀਤ ਸਿੰਘ ਉਰਫ ਅਮਨਾ ਦੀ ਤਲਾਸ਼ ਜਾਰੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਐਸ.ਆਈ. ਲਖਵਿੰਦਰ ਸਿੰਘ ਨੇ ਕਿ ਰਹਿੰਦੇ ਦੋ ਦੋਸ਼ੀਆਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਗਿਰਫਤਾਰ ਦੋਸ਼ੀਆਂ ਦੀ ਪੁੱਛਗਿੱਛ ਜਾਰੀ ਹੈ।