ਕੱਲ੍ਹ ਸ਼ਾਮ 4 ਵਜੇ ਫਿਰ ਹੋਵੇਗੀ ਸਿਵਲ ਹਸਪਤਾਲ ਬਚਾਉ ਕਮੇਟੀ ਦੀ ਡੀ.ਸੀ.ਦਫਤਰ ਬਰਨਾਲਾ ਵਿਖੇ ਮੀਟਿੰਗ
ਹਰਿੰਦਰ ਨਿੱਕਾ ਬਰਨਾਲਾ 3 ਸਤੰਬਰ 2020
ਸਿਵਲ ਹਸਪਤਾਲ ਬਰਨਾਲਾ ਨੂੰ ਕੋਵਿਡ-19 ਦੇ ਬਹਾਨੇ ਹੇਠ ਬੰਦ ਕੀਤੇ ਜਾਣ ਦਾ ਸਿਵਲ ਹਸਪਤਾਲ ਬਚਾਉ ਕਮੇਟੀ ਨੇ ਗੰਭੀਰ ਨੋਟਿਸ ਲੈਂਦਿਆਂ ਸਿਵਲ ਸਰਜਨ ਬਰਨਾਲਾ ਅਤੇ ਡੀ.ਸੀ ਬਰਨਾਲਾ ਨੂੰ ਪਹਿਲੇ ਪੜਾਅ ਵਿੱਚ ਮੰਗ ਪੱਤਰ ਰਾਹੀਂ ਇਹ ਲੋਕ ਵਿਰੋਧੀ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ। ਅੱਜ ਦੀ ਮੀਟਿੰਗ ਵਿੱਚ ਕੀਤੇ ਫੈਸਲਿਆਂ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹਸਪਤਾਲ ਬਚਾਉ ਕਮੇਟੀ ਬਰਨਾਲਾ ਦੇ ਕਨਵੀਨਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸਰਕਾਰ ਕੋਵਿਡ-19 ਦਾ ਹਊਆ/ਦਹਿਸ਼ਤ ਪੈਦਾ ਕਰਕੇ ਘੁੱਗ ਵਸਦੇ ਸੈਂਕੜੇ ਲੋੜਵੰਦ ਮਰੀਜਾਂ ਨੂੰ ਰੋਜਾਨਾ ਸਹੂਲਤਾਂ ਪ੍ਰਦਾਨ ਕਰ ਰਹੇ ਸਿਵਲ ਹਸਪਤਾਲ ਨੂੰ ਬੰਦ ਕਰਨਾ ਚਾਹੁੰਦੀ ਹੈ । ਯਾਦ ਰਹੇ ਪੂਰੇ ਜਿਲ੍ਹੇ ਦੀ ਸੱਤ ਲੱਖ ਅਬਾਦੀ ਲਈ ਆਮ ਲੋੜਬੰਦ ਲੋਕਾਈ ਮਿਆਰੀ/ਮੁਫਤ ਸਹੂਲਤਾਂ ਪ੍ਰਦਾਨ ਕਰਨ ਵਾਲਾ ਇੱਕੋ ਇੱਕ ਸਰਕਾਰੀ ਹਸਪਤਾਲ ਹੈ।
ਜੇਕਰ ਇਹ ਸਰਕਾਰੀ ਹਸਪਤਾਲ ਵੀ ਕੋਵਿਡ-19 ਦੇ ਬਹਾਨੇ ਬੰਦ ਕਰ ਦਿੱਤਾ ਗਿਆ ਤਾਂ 500 ਤੋਂ 1000 ਰੋਜਾਨਾ ਇਲਾਜ ਲਈ ਪਹੁੰਚਦੇ ਮਰੀਜਾਂ ਨੂੰ ਨਾਂ ਸਿਰਫ ਖੱਜਲ ਖੁਆਰ ਹੀ ਹੋਣਾ ਪਵੇਗਾ । ਸਗੋਂ ਪ੍ਰਾਈਵੇਟ ਹਸਪਤਾਲਾਂ ਦਾ ਮਹਿੰਗਾ ਇਲਾਜ ਆਮ ਲੋਕਾਈ ਦੀਆਂ ਜੇਬਾਂ ਉੱਪਰ ਵੱਡਾ ਡਾਕਾ ਹੋਵੇਗਾ, ਅਜਿਹੇ ਲੋਕ ਵਿਰੋਧੀ ਕਦਮਾਂ ਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਸਪਤਾਲ ਬਚਾਉ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਅੱਜ ਦੀ ਮੀਟਿੰਗ ਵਿੱਚ ਕੁੱਝ ਜਨਤਕ ਜਮਹੂਰੀ ਜਥੇਬੰਦੀਆਂ ਜੋ ਜਰੂਰੀ ਰੁਝੇਵੇਂ ਹੋਣ ਕਰਕੇ ਸ਼ਾਮਲ ਨਹੀਂ ਹੋ ਸਕੀਆਂ। ਉਹ ਸ਼ੁਕਰਵਾਰ ਸ਼ਾਮ 4 ਵਜੇ ਡੀ.ਸੀ.ਦਫਤਰ ਬਰਨਾਲਾ ਵਿਖੇ ਰੱਖੀ ਗਈ ਮੀਟਿੰਗ ਵਿੱਚ ਜਰੂਰ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਣ ਤਾਂ ਜੋ ਅਗਲੇ ਸੰਘਰਸ਼ ਦੀ ਠੋਸ ਵਿਉਂਤਬੰਦੀ ਕੀਤੀ ਜਾ ਸਕੇ। ਮੀਟਿੰਗ ਵਿੱਚ ਬਲਵੰਤ ਉੱਪਲੀ, ਗੁਰਮੀਤ ਸੁਖਪੁਰ, ਰਾਜੀਵ ਕੁਮਾਰ, ਸੋਹਣ ਸਿੰਘ , ਰਮੇਸ਼ ਹਮਦਰਦ, ਰਾਮ ਸਿੰਘ ਠੀਕਰੀਵਾਲ, ਜੁਝਾਰ ਸਿੰਘ ਲੌਂਗੋਵਾਲ, ਮੇਲਾ ਸਿੰਘ ਕੱਟੂ, ਹਰਚਰਨ ਸਿੰਘ ਚਹਿਲ, ਅਮਰਜੀਤ ਕੌਰ, ਕਮਲਦੀਪ ਸਿੰਘ, ਕੁਲਦੀਪ ਸਿੰਘ, ਨਰਾਇਣ ਦੱਤ ਆਦਿ ਆਗੂ ਹਾਜਰ ਸਨ।
ਆਗੂਆਂ ਨੇ ਸਿਵਲ ਸਰਜਨ ਬਰਨਾਲਾ ਦੇ ਕੁਆਰਟੀਨ ਹੋਣ ਕਰਕੇ ਐਸ.ਐਮ.ਓ ਨੂੰ ਸਮੁੱਚੇ ਮਾਮਲੇ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਪੰਜ ਮਹੀਨਿਆਂ ਦੌਰਾਨ ਸਿਰਫ ਉਂਗਲਾਂ ਉੱਪਰ ਗਿਣੇ ਜਾਣ ਵਾਲੇ ਕਰੋਨਾ ਪੀੜਤ ਮਰੀਜਾਂ ਨੂੰ ਹੀ ਆਕਸੀਜਨ ਦੀ ਜਰੂਰਤ ਪਈ ਹੈ। ਇਸ ਲਈ ਅਜਿਹੇ ਸੰਕਟ ਦੇ ਹੱਲ ਲਈ ਲੋਕਾਂ ਨੂੰ ਮਿਲਦੀਆਂ ਬੁਨਿਆਦੀ ਸਿਹਤ ਸਹੂਲਤਾਂ ਦਾ ਉਜਾੜਾ ਕਰਨ ਦੀ ਥਾਂ ਬਦਲਵਾਂ ਢੁੱਕਵਾਂ ਪ੍ਰਬੰਧ ਕੀਤਾ ਜਾਵੇ ਨਹੀਂ ਤਾਂ ਅਜਿਹੀ ਕਿਸੇ ਵੀ ਲੋਕ ਵਿਰੋਧੀ ਸਾਜਿਸ਼ ਖਿਲਾਫ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਜਾਵੇਗਾ। ਕਮੇਟੀ ਨੇ ਕੱਲ੍ਹ ਵਾਲੀ ਮੀਟਿੰਗ ਵਿੱਚ ਸ਼ਹਿਰੀ ਸਮਾਜ/ਧਾਰਮਿਕ/ ਸਮਾਜ ਸੇਵੀ ਸੰਸਥਾਵਾਂ ਅਤੇ ਜਨਤਕ ਜਥੇਬੰਦੀਆਂ ਨੂੰ ਮੀਟਿੰਗ ਵਿੱਚ ਸਮੇਂ ਸਿਰ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।