ਲੋਕਾਂ ਦਾ ਦੋਸ਼-ਕਾਂਗਰਸੀਆਂ ਦੀ ਸ਼ਹਿ ਤੇ ਨਹੀ ਕੀਤੇ ਜਾ ਰਹੇ ਨਾਮਜਦ ਦੋਸ਼ੀ ਗਿਰਫਤਾਰ
ਅਜੀਤ ਸਿੰਘ ਕਲਸੀ ਬਰਨਾਲਾ 14 ਅਗਸਤ 2020
ਕਸਬਾ ਹੰਡਿਆਇਆ ਦੇ ਸੈਦੋ ਪੱਤੀ ਮੁਹੱਲੇ ਚ, 3 ਗੁਆਂਢੀ ਔਰਤਾਂ ਤੋਂ ਤੰਗ ਆ ਕੇ 12 ਅਗਸਤ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਹੋਈ ਲੱਛਮੀ ਕੌਰ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਨੂੰ ਗਿਰਫਤਾਰ ਨਾ ਕਰਨ ਤੋਂ ਭੜ੍ਹਕੇ ਲੋਕਾਂ ਨੇ ਵੀਰਵਾਰ ਦੀ ਰਾਤ ਤੋਂ ਹੀ ਪੁਲਿਸ ਚੌਂਕੀ ਹੰਡਿਆਇਆ ਅੱਗੇ ਲਾਸ਼ ਰੱਖ ਕੇ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ ਹੈ। ਪਰੰਤੂ ਪੁਲਿਸ ਅਧਿਕਾਰੀ ਹਾਲੇ ਤੱਕ ਟੱਸ ਤੋਂ ਮੱਸ ਨਹੀਂ ਹੋਏ। ਜਿਸ ਕਾਰਨ ਰਾਤ ਨੂੰ ਸੰਕੇਤਕ ਤੌਰ ਤੇ ਸ਼ੁਰੂ ਹੋਇਆ ਰੋਸ ਪ੍ਰਦਰਸ਼ਨ ਹੁਣ ਤੱਕ ਵੱਡੇ ਇਕੱਠ ਦਾ ਰੂਪ ਧਾਰਨ ਕਰ ਚੁੱਕਿਆ ਹੈ। ਪੀੜਿਤ ਪ੍ਰੀਵਾਰ ਨੂੰ ਇਨਸਾਫ ਦਿਵਾਉਣ ਲਈ ਮੁਹੱਲਾ ਵਾਸੀਆਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਕਮਿਊਨਿਸਟ ਪਾਰਟੀ ਤੇ ਹੋਰ ਸਮਾਜਿਕ ਅਤੇ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਪ੍ਰਦਰਸ਼ਨ ਚ, ਸ਼ਾਮਿਲ ਹੋ ਗਏ ਹਨ। ਜਦੋਂ ਕਿ ਕੁਝ ਕਾਂਗਰਸੀ ਆਗੂ ਪ੍ਰਦਰਸ਼ਨਕਾਰੀਆਂ ਦੇ ਨਿਸ਼ਾਨੇ ਤੇ ਹਨ। ਪ੍ਰਦਰਸ਼ਨਕਾਰੀ ਜਿੱਥੇ ਲੱਛਮੀ ਕੌਰ ਦੇ ਹੱਤਿਆਰਿਆਂ ਨੂੰ ਗਿਰਫਤਾਰ ਕਰਨ ਦੀ ਮੰਗ ਤੇ ਅੜੇ ਹੋਏ ਹਨ। ਉੱਥੇ ਹੀ ਉਹ ਦੋਸ਼ੀ ਧਿਰ ਦਾ ਪੱਖ ਪੂਰ ਰਹੇ ਕਾਂਗਰਸੀ ਆਗੂਆਂ ਦੇ ਖਿਲਾਫ ਜਬਰਦਸਤ ਨਾਰੇਬਾਜੀ ਵੀ ਕਰ ਰਹੇ ਹਨ।
-ਕਾਂਗਰਸੀ ਆਗੂਆਂ ਦੀ ਸ਼ਹਿ ਤੇ ਦੋਸ਼ੀਆਂ ਨੂੰ ਨਹੀਂ ਫੜ੍ਹ ਰਹੀ ਪੁਲਿਸ
ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਆਪ ਆਗੂ ਬੇਅੰਤ ਸਿੰਘ ਗੁਰੂ, ਰਾਕੇਸ਼ ਕੁਮਾਰ ਵਿੱਕੀ ਬਾਵਾ , ਭਾਜਪਾ ਆਗੂ ਦੇ ਸਾਬਕਾ ਐਮਸੀ ਜੱਗੀ ਅਤੇ ਕਮਿਊਨਿਸਟ ਆਗੂ ਕਾਮਰੇਡ ਬਲਵੀਰ ਸਿੰਘ ਨੇ ਕਿਹਾ ਕਿ ਭਾਂਂਵੇ ਪੁਲਿਸ ਨੇ ਲੱਛਮੀ ਕੌਰ ਨੂੰ ਮਰਨ ਲਈ ਮਜਬੂਰ ਕਰਨ ਵਾਲੀਆਂ ਤਿੰਨ ਗੁਆਂਢੀ ਔਰਤਾਂ ਪਰਮਜੀਤ ਕੌਰ, ਵੀਰਪਾਲ ਕੌਰ ਅਤੇ ਬਿੰਦਰ ਕੌਰ ਦੇ ਖਿਲਾਫ ਪੁਲਿਸ ਨੇ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਚ, ਕੇਸ ਦਰਜ਼ ਕਰ ਦਿੱਤਾ ਹੈ। ਪਰੰਤੂ ਪੁਲਿਸ ਨੇ ਲੱਛਮੀ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਵਾਲੇ ਬਿੰਦਰ ਕੌਰ ਦੇ ਪਤੀ ਚਮਕੌਰ ਸਿੰਘ ਦੇ ਖਿਲਾਫ ਕੇਸ ਦਰਜ਼ ਨਹੀਂ ਕੀਤਾ ਅਤੇ ਨਾ ਹੀ ਬਿੰਦਰ ਕੌਰ ਨੂੰ ਗਿਰਫਤਾਰ ਕੀਤਾ ਗਿਆ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਬਿੰਦਰ ਕੌਰ ਨੂੰ ਇੱਕ ਕਾਂਗਰਸੀ ਐਮਸੀ ਨੇ ਪਨਾਹ ਦਿੱਤੀ ਹੋਈ ਹੈ। ਜਿਸ ਦਾ ਭਰਾ ਖੁਦ ਪੁਲਿਸ ਮੁਲਾਜਮ ਹੈ। ਉਨਾਂ ਕਿਹਾ ਕਿ ਜਿੰਨਾਂ ਚਿਰ ਪੁਲਿਸ ਸਾਰੇ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕਰਦੀ, ਉਨੀਂ ਦੇਰ ਪ੍ਰਦਰਸ਼ਨ ਵੀ ਜਾਰੀ ਰਹੇਗਾ। ਬੇਅੰਤ ਸਿੰਘ ਗੁਰੂ ਨੇ ਕਿਹਾ ਕਿ ਜੇਕਰ ਪੁਲਿਸ ਨੇ ਕੁਝ ਦੇਰ ਤੱਕ ਹੋਰ ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕੀਤਾ ਤਾਂ ਉਹ ਐਸਐਸਪੀ ਦਫਤਰ ਦਾ ਘਿਰਾਉ ਕਰਨ ਨੂੰ ਮਜਬੂਰ ਹੋਣਗੇ। ਇਸ ਮੌਕੇ ਸੁਰਜੀਤ ਸਿੰਘ, ਲਛਮਣ ਸਿੰਘ, ਗੁਰਤੇਜ ਸਿੰਘ ਰਾਣਾ, ਜਗਦੇਵ ਸਿੰਘ ,ਸੁਖਦੇਵ ਸਿੰਘ ਆਦਿ ਹੋਰ ਆਗੂ ਵੀ ਸ਼ਾਮਿਲ ਹਨ,
ਪੁਲਿਸ ਦੇ ਵਿਰੋਧ ਅਤੇ ਚੌਕੀ ਇੰਚਾਰਜ਼ ਦੇ ਪੱਖ ਚ, ਉਤਰੇ ਪ੍ਰਦਰਸ਼ਨਕਾਰੀ
ਪੁਲਿਸ ਚੌਕੀ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਆਗੂਆਂ ਨੇ ਕਿਹਾ ਕਿ ਉਹ ਭਾਂਵੇ ਪੁਲਿਸ ਦੀ ਢਿੱਲੀ ਕਾਰਗੁਜਾਰੀ ਦੇ ਵਿਰੋਧ ਚ, ਧਰਨਾ ਦੇ ਰਹੇ ਹਨ। ਪਰੰਤੂ ਉਨਾਂ ਨੂੰ ਪੁਲਿਸ ਚੌਂਕੀ ਦੇ ਇੰਚਾਰਜ ਗੁਰਵਿੰਦਰ ਸਿੰਘ ਸੰਧੂ ਤੇ ਕੋਈ ਗਿਲਾ ਨਹੀਂ, ਕਿਊਕਿ ਉਨਾਂ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰ ਦਿੱਤਾ ਹੈ। ਪਰੰਤੂ ਕਾਂਗਰਸੀ ਆਗੂ ਸੱਤਾ ਦੇ ਦਬਾਅ ਕਾਰਣ ਪੁਲਿਸ ਨੂੰ ਦੋਸ਼ੀਆਂ ਨੂੰ ਗਿਰਫਤਾਰ ਕਰਨ ਤੋਂ ਰੋਕ ਰਹੇ ਹਨ। ਉਨਾਂ ਕਿਹਾ ਕਿ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੇ ਦੋਸ਼ੀਆਂ ਨੂੰ ਗਿਰਫਤਾਰ ਕਰਨ ਦੀ ਬਜਾਏ ਕਾਂਗਰਸੀ ਆਗੂਆਂ ਦੇ ਦਬਾਅ ਕਾਰਣ ਹੀ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਨ ਵਾਲੇ ਚੌਂਕੀ ਇੰਚਾਰਜ ਨੂੰ ਹੀ ਉਲਟਾ ਇੱਥੋਂ ਬਦਲਕੇ ਦੋਸ਼ੀ ਧਿਰ ਦਾ ਹੀ ਪੱਖ ਪੂਰਿਆ ਹੈ। ਉਨਾਂ ਕਿਹਾ ਕਿ ਚੌਕੀ ਇੰਚਾਰਜ ਸੰਧੂ ਦੀ ਬਦਲੀ ਰੱਦ ਕਰਕੇ, ਉਨਾਂ ਨੂੰ ਦੋਸ਼ੀਆਂ ਨੂੰ ਫੜ੍ਹਨ ਦੀ ਖੁੱਲ੍ਹ ਦੇਣੀ ਚਾਹੀਦੀ ਹੈ।
ਦੋਸ਼ੀਆਂ ਨੂੰ ਫੜ੍ਹਨ ਲਈ ਪੁਲਿਸ ਕਰ ਰਹੀ ਛਾਪੇਮਾਰੀ-ਐਸਐਚਉ
ਥਾਣਾ ਸਦਰ ਦੇ ਐਸਐਚਉ ਬਲਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਕੁਝ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਹੈ, ਜਦੋਂ ਕਿ ਦੂਜਿਆਂ ਨੂੰ ਵੀ ਫੜ੍ਹਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।