ਮੌਕੇ ਤੇ ਪਹੁੰਚੇ ਲੋਕਾਂ ਨੇ ਪ੍ਰਗਟਾਇਆ ਨਸ਼ੇ ਦੀ ਉਵਰਡੋਜ ਦਾ ਸ਼ੱਕ
ਥਾਣਾ ਰੂੜੇਕੇ ਦੀ ਪੁਲਿਸ ਮੌਕੇ ਤੇ ਪਹੁੰਚੀ, ਲਾਸ਼ ਕਬਜ਼ੇ ਚ, ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ
ਹਰਿੰਦਰ ਨਿੱਕਾ ਬਰਨਾਲਾ 14 ਅਗਸਤ 2020
ਜਿਲ੍ਹੇ ਅੰਦਰ ਨਸ਼ਿਆਂ ਖਿਲਾਫ ਵੱਡੇ ਪੱਧਰ ਤੇ ਪੁਲਿਸ ਦੁਆਰਾ ਵਿੱਢੀ ਅਤੇ ਪ੍ਰਚਾਰੀ ਗਈ ਮੁਹਿੰਮ ਤੇ ਅੱਜ ਰਾਤ ਕਰੀਬ 8 ਕੁ ਵਜੇ ਉਸ ਸਮੇਂ ਪ੍ਰਸ਼ਨ ਚਿੰਨ੍ਹ ਲੱਗ ਗਿਆ। ਜਦੋਂ ਧੌਲਾ-ਕਾਹਨਕੇ ਲਿੰਕ ਰੋਡ ਤੇ ਸਵਿਫਟ ਕਾਰ ਚ, ਜਾ ਰਹੇ ਇੱਕ ਨੌਜਵਾਨ ਦੀ ਸ਼ੱਕੀ ਹਾਲਤਾਂ ਚ, ਲਾਸ਼ ਪਈ ਮਿਲੀ। ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਦੇ ਲੋਕਾਂ ਚ, ਸਨਸਨੀ ਫੈਲ ਗਈ ਅਤੇ ਅਜਾਦੀ ਦਿਹਾੜੇ ਦੀਆਂ ਤਿਆਰੀਆਂ ਚ, ਲੱਗੀ ਪੁਲਿਸ ਨੂੰ ਭਾਜੜ ਪੈ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰੂੜੇਕੇ ਦੇ ਐਸਐਚਉ ਜਸਵਿੰਦਰ ਸਿੰਘ ਦੀ ਅਗਵਾਈ ਚ, ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚ ਗਈ। ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ ਨਿਵਾਸੀ ਰੱਲਾ ਦੇ ਤੌਰ ਕੇ ਹੋਈ ਹੈ। ਲਾਸ਼ ਕਬਜ਼ੇ ਚ, ਲੈ ਕੇ ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਮੌਕੇ ਤੇ ਪਹੁੰਚੇ ਲੋਕਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਇੱਕ ਸਵਿਫਟ ਕਾਰ ਚ, ਸਵਾਰ ਨੌਜਵਾਨ ਕਾਹਨੇਕੇ ਤੋਂ ਧੌਲਾ ਲਿੰਕ ਰੋਡ ਵੱਲ ਜਾ ਰਿਹਾ ਸੀ। ਰਾਸਤੇ ਵਿੱਚ ਹੀ ਛੰਨਾ ਵਾਲਿਆਂ ਦੇ ਖੇਤ ਕੋਲ ਸ਼ੱਕੀ ਹਾਲਤਾਂ ਚ, ਮੌਤ ਹੋ ਗਈ। ਲੋਕਾਂ ਨੇ ਦੱਸਿਆ ਕਿ ਲਾਸ਼ ਨੂੰ ਪਹਿਲੀ ਨਜ਼ਰੇ ਦੇਖਣ ਤੇ ਮਾਮਲਾ ਨਸ਼ੇ ਦੀ ਉਵਰਡੋਜ ਦਾ ਜਾਪਦਾ ਹੈ। ਮ੍ਰਿਤਕ ਨੌਜਵਾਨ ਕੋਲੋਂ ਇੱਕ ਮੋਬਾਇਲ ਵੀ ਮਿਲਿਆ ਹੈ।
ਕੁਝ ਚਸ਼ਮਦੀਦ ਲੋਕਾਂ ਨੇ ਦਾਅਵਾ ਕੀਤਾ ਕਿ ਮ੍ਰਿਤਕ ਨੌਜਵਾਨ ਕੋਲ ਇੱਕ ਸਰਿੰਜ ਵੀ ਪਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ। ਜਿਨ੍ਹਾਂ ਇਕੱਠੇ ਹੋਏ ਲੋਕਾਂ ਨੂੰ ਫੋਟੋਆਂ ਖਿੱਚਣ ਤੋਂ ਰੋਕ ਦਿੱਤਾ। ਇਸ ਸਬੰਧੀ ਪੁੱਛਣ ਤੇ ਕਾਹਨੇਕੇ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਉਨਾਂ ਦੇ ਪਿੰਡ ਦਾ ਇੱਕ ਨੌਜਵਾਨ ਆਪਣੇ ਖੇਤ ਮੋਟਰ ਤੇ ਗੇੜਾ ਲਾਉਣ ਗਿਆ ਤਾਂ ਉਸਨੇ ਸਵਿਫਟ ਕਾਰ ਚ, ਇੱਕ ਨੌਜਵਾਨ ਦੀ ਲਾਸ਼ ਪਈ ਦੇਖੀ। ਜਿਸ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਗਈ। ਸਰਪੰਚ ਨੇ ਕਿਹਾ ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਰੱਲਾ, ਜਿਲਾ ਮਾਨਸਾ ਦੇ ਤੌਰ ਤੇ ਹੋਈ ਹੈ। ਮ੍ਰਿਤਕ ਦੇ ਵਾਰਿਸ ਵੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚ ਗਏ। ਸਰਪੰਚ ਨੇ ਕਿਹਾ ਕਿ ਮੈਂ ਖੁਦ ਮ੍ਰਿਤਕ ਨੌਜਵਾਨ ਕੋਲ ਕੋਈ ਸਰਿੰਜ ਵਗੈਰਾ ਪਈ ਨਹੀਂ ਦੇਖੀ।
ਗੁਰਪ੍ਰੀਤ ਦੇ ਫੋਨ ਦੀ ਕਾਲ ਡਿਟੇਲ ਤੋਂ ਖੁੱਲ੍ਹ ਸਕਦੈ ਮੌਤ ਦਾ ਭੇਦ
ਮੌਕੇ ਤੇ ਪਹੁੰਚੇ ਲੋਕਾਂ ਨੇ ਕਿਹਾ ਕਿ ਜੇਕਰ ਪੁਲਿਸ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਮੋਬਾਇਲ ਦੀ ਕਾਲ ਡਿਟੇਲ ਖੰਗਾਲੂਗੀ ਤਾਂ ਮੌਤ ਦਾ ਭੇਦ ਖੁੱਲ੍ਹ ਜਾਵੇਗਾ। ਉਨਾਂ ਕਿਹਾ ਕਿ ਇਲਾਕੇ ਚ, ਚਿੱਟਾ ਪੀਣ ਅਤੇ ਵੇਚਣ ਵਾਲਿਆਂ ਦੀ ਭਰਮਾਰ ਹੈ। ਗੁਰਪ੍ਰੀਤ ਦੀ ਮੌਤ ਇਲਾਕੇ ਚ, ਨਸ਼ੇ ਦੇ ਵੱਧ ਰਹੇ ਖਤਰੇ ਵੱਲ ਵੱਡਾ ਇਸ਼ਾਰਾ ਹੈ। ਉੱਧਰ ਥਾਣਾ ਰੂੜੇਕੇ ਦੇ ਐਸਐਚਉ ਜਸਵਿੰਦਰ ਸਿੰਘ ਨਾਲ ਫੋਨ ਤੇ ਕਈ ਵਾਰ ਸੰਪਰਕ ਕੀਤਾ, ਪਰ ਸੰਪਰਕ ਨਹੀਂ ਹੋਇਆ।