ਜਿਲ੍ਹੇ ਚ, ਕੋਰੋਨਾ ਨਾਲ 1 ਦਿਨ ਚ, ਹੋਈ 2 ਦੀ ਬਜੁਰਗਾਂ ਦੀ ਮੌਤ
ਹਰਿੰਦਰ ਨਿੱਕਾ ਬਰਨਾਲਾ 8 ਅਗਸਤ 2020
ਕੋਰੋਨਾ ਪੌਜੇਟਿਵ ਬਜੁਰਗ ਮਰੀਜ਼ ਨੂੰ ਲੁਧਿਆਣਾ ਦੇ ਇੱਕ ਵੱਡੇ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਵੱਡੀ ਲਾਪਰਵਾਹੀ ਕਰਦਿਆਂ ਘਰ ਲਿਜਾ ਕੇ ਸੇਵਾ ਕਰਨ ਦੀ ਗੱਲ ਕਹਿ ਕੇ ਪਰਿਵਾਰ ਨਾਲ ਹੀ ਤੋਰ ਦਿੱਤਾ। ਆਖਿਰ ਅੱਜ ਘਰ ਅੰਦਰ ਹੀ ਸ਼ਹਿਣਾ ਨਿਵਾਸੀ ਕਰੀਬ 65 ਵਰ੍ਹਿਆਂ ਦਾ ਮੁਕੰਦ ਸਿੰਘ ਕੋਰੋਨਾ ਤੋਂ ਜਿੰਦਗੀ ਦੀ ਜੰਗ ਹਾਰ ਗਿਆ। ਇਸ ਤਰਾਂ ਜਿਲ੍ਹੇ ਅੰਦਰ ਕੋਰੋਨਾ ਨੇ 1 ਦਿਨ ਵਿੱਚ ਹੀ 2 ਬਜੁਰਗਾਂ ਦੀ ਜਾਨ ਲੈ ਲਈ। ਨਿੱਜੀ ਹਸਪਤਾਲ ਦੀ ਲਾਪਰਵਾਹੀ ਦੀ ਇੰਤਹਾ ਉਦੋਂ ਹੋ ਗਈ, ਜਦੋਂ ਨਿੱਜੀ ਹਸਪਤਾਲ ਵੱਲੋਂ ਕੋਰੋਨਾ ਪੌਜੇਟਿਵ ਮਰੀਜ ਨੂੰ ਘਰ ਭੇਜਣ ਦੀ ਕੋਈ ਸੂਚਨਾ ਸਿਹਤ ਵਿਭਾਗ ਬਰਨਾਲਾ ਨੂੰ ਨਹੀਂ ਦਿੱਤੀ ਗਈ । ਜਦੋਂ ਕਿ ਨਿੱਜੀ ਹਸਪਤਾਲ ਵੱਲੋਂ ਅਜਿਹਾ ਕਰਨਾ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਦੀਆਂ ਧੱਜੀਆਂ ਉਡਾਉਣਾ ਹੀ ਹੈ। ਕੋਰੋਨਾ ਦੇ ਕਹਿਰ ਦਾ ਸ਼ਿਕਾਰ ਬਣਿਆ ਦੂਸਰਾ ਬਜੁਰਗ ਤਪਾ ਸਬ ਡਿਵੀਜਨ ਦੇ ਪਿੰਡ ਸੰਧੂ ਕਲਾਂ ਦਾ ਰਹਿਣ ਵਾਲਾ ਸੀ। ਦੋਵੇਂ ਬਜੁਰਗ ਭਾਂਵੇ ਕੋਰੋਨਾ ਪੌਜੇਟਿਵ ਸਨ, ਪਰ ਦੋਵੇਂ ਹੀ ਕ੍ਰਮਾਨੁਸਾਰ ਕੈਂਸਰ ਅਤੇ ਸੂਗਰ ਦੀ ਬੀਮਾਰੀ ਤੋਂ ਪੀੜਤ ਵੀ ਸਨ। ਨਿੱਜੀ ਹਸਪਤਲਾ ਦੀ ਲਾਪਰਵਾਹੀ ਦੀ ਵਜ੍ਹਾ ਕਰਕੇ ਹੀ ਜਿਲ੍ਹੇ ਅੰਦਰ 2 ਮੌਤਾਂ ਹੋਣ ਦੇ ਬਾਵਜੂਦ ਵੀ ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਿਟਨ ਚ, ਕੁੱਲ ਮੌਤਾਂ ਦਾ ਅੰਕੜਾ 9 ਦੀ ਬਜਾਏ 8 ਹੀ ਦੱਸਿਆ ਗਿਆ ਹੈ। ਦੇਰ ਸ਼ਾਮ ਸਿਵਲ ਹਸਪਤਾਲ ਤਪਾ ਦੇ ਐਸਐਮਉ ਡਾਕਟਰ ਜਸਵੀਰ ਸਿੰਘ ਔਲਖ ਨੇ ਸ਼ਹਿਣਾ ਦੇ ਮੁਕੰਦ ਸਿੰਘ ਦੀ ਮੌਤ ਦੀ ਪੁਸ਼ਟੀ ਵੀ ਕਰ ਦਿੱਤੀ।
ਮੁਕੰਦ ਸਿੰਘ ਦੀ 29 ਜੁਲਾਈ ਨੂੰ ਆਈ ਸੀ ਪੌਜੇਟਿਵ ਰਿਪੋਰਟ
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਨੁਸਾਰ ਮੁਕੰਦ ਸਿੰਘ ਕੈਂਸਰ ਦਾ ਮਰੀਜ ਸੀ, ਜਿਸ ਦਾ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਚੋਂ, ਇਲਾਜ ਚੱਲ ਰਿਹਾ ਸੀ। ਇਲਾਜ਼ ਦੌਰਾਨ ਹੀ 29 ਜੁਲਾਈ ਨੂੰ ਉਸ ਦੇ ਕੋਰੋਨਾ ਟੈਸਟ ਦੀ ਰਿਪੋਰਟ ਵੀ ਪੌਜੇਟਿਵ ਆ ਗਈ। ਪਰਿਵਾਰ ਦੇ ਮੈਂਬਰਾਂ ਅਨੁਸਾਰ ਲੁਧਿਆਣਾ ਹਸਪਤਾਲ ਦੇ ਡਾਕਟਰਾਂ ਨੇ 4 ਅਗਸਤ ਨੂੰ ਮੁਕੰਦ ਸਿੰਘ ਨੂੰ ਇਹ ਕਹਿ ਕੇ ਛੁੱਟੀ ਕਰ ਦਿੱਤੀ, ਹੁਣ ਤੁਸੀਂ ਇਸ ਦੀ ਘਰ ਲਿਜਾ ਕੇ ਹੀ ਸੇਵਾ ਕਰ ਲਉ। ਉਨਾਂ ਦੱਸਿਆ ਕਿ ਅੱਜ ਉਸ ਦੀ ਮੌਤ ਹੋ ਗਈ।
ਪਰਿਵਾਰ ਦੇ ਮੈਂਬਰਾਂ ਦੀ ਰਿਪੋਰਟ ਨੈਗੇਟਿਵ
ਐਸਐਮਉ ਡਾਕਟਰ ਔਲਖ ਨੇ ਦੱਸਿਆ ਕਿ ਲੁਧਿਆਣਾ ਹਸਪਤਾਲ ਵੱਲੋਂ 29 ਜੁਲਾਈ ਨੂੰ ਮਿਲੀ ਸੂਚਨਾ ਸਿਹਤ ਵਿਭਾਗ ਬਰਨਾਲਾ ਨੂੰ ਵੀ ਭੇਜੀ ਗਈ ਸੀ । ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਮੁਕੰਦ ਸਿੰਘ ਦੇ ਸੰਪਰਕ ਚ, ਰਹੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਸੈਂਪਲ ਵੀ ਲੈ ਕੇ ਜਾਂਚ ਲਈ ਭੇਜੇ ਗਏ। ਇੱਨ੍ਹਾਂ ਸਾਰੇ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਹਸਪਤਾਲ ਚੋਂ ਛੁੱਟੀ ਦੇ ਕੇ ਘਰ ਭੇਜਣ ਦੀ ਨਹੀਂ ਮਿਲੀ ਕੋਈ ਸੂਚਨਾ- ਐਸ.ਐਮ.ਉ ਔਲਖ
ਸਿਵਲ ਹਸਪਤਾਲ ਤਪਾ ਦੇ ਐਸਐਮਉ ਡਾਕਟਰ ਜਸਵੀਰ ਸਿੰਘ ਔਲਖ ਨੇ ਪੁੱਛਣ ਤੇ ਦੱਸਿਆ ਕਿ ਲੁਧਿਆਣਾ ਦੇ ਨਿੱਜੀ ਹਸਪਤਾਲ ਵੱਲੋਂ ਕੋਰੋਨਾ ਪੌਜੇਟਿਵ ਮਰੀਜ ਨੂੰ ਛੁੱਟੀ ਦੇ ਕੇ ਘਰ ਭੇਜਣ ਬਾਰੇ ਸਾਨੂੰ ਕੋਈ ਸੂਚਨਾ ਨਹੀਂ ਭੇਜੀ ਗਈ । ਉਨਾਂ ਮੰਨਿਆ ਕਿ ਕੋਰੋਨਾ ਪੌਜੇਟਿਵ ਮਰੀਜ ਨੂੰ ਇਸ ਤਰਾਂ ਘਰ ਅੰਦਰ ਹੀ ਰੱਖਣ ਲਈ ਭੇਜਣਾ , ਹੋਰਨਾਂ ਵਿਅਕਤੀਆਂ ਦੀ ਜਾਨ ਵੀ ਖਤਰਾ ਚ, ਪਾਉਣਾ ਹੀ ਹੈ।