ਪੀਪਲਜ਼ ਲਿਟਰੇਰੀ ਫੈਸਟੀਵਲ: ਪੰਜਾਬ ਦੀਆਂ ਸਮੱਸਿਆਵਾਂ ਲਈ ਨਵ ਉਦਾਰਵਾਦ ਨੀਤੀਆਂ ਜ਼ਿੰਮੇਵਾਰ 

Advertisement
Spread information
ਅਸ਼ੋਕ ਵਰਮਾ , ਬਠਿੰਡਾ, 26 ਦਸੰਬਰ 2024
        ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਦੂਜੇ ਦਿਨ ਵਿਚਾਰ ਚਰਚਾ ਵਿੱਚ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਪੰਜਾਬ ਦੀਆਂ ਵੱਖ-ਵੱਖ  ਸਮੱਸਿਆਵਾਂ ਨਵ-ਉਦਾਰਵਾਦੀ ਨੀਤੀਆਂ ਦੀ ਦੇਣ ਹਨ। ਕੋਈ ਵੀ ਰਾਜਸੀ ਧਿਰ ਇਸ ਕਾਰਪੋਰੇਟੀ ਸ਼ਿਕੰਜੇ ਪ੍ਰਤੀ ਗੰਭੀਰ ਨਹੀਂ ਹੈ। ਅੱਜ ਦੇ ਪਹਿਲੇ ਸੈਸ਼ਨ ਵਿੱਚ ‘ਸਮਕਾਲੀ ਵਿਸ਼ਵ ਸਾਹਿਤ’ ਵਿਸ਼ੇ ਤੇ ਗੱਲ ਕਰਦਿਆਂ ਚਿੰਤਕ ਮਨਮੋਹਨ ਨੇ ਕਿਹਾ ਕਿ ਫਲਸਫੇ ਅਤੇ ਸਾਹਿਤ ਇੱਕ ਦੂਜੇ ਦੇ ਪੂਰਕ ਹਨ। ਇਤਿਹਾਸਕਾਰ ਸ਼ੁਭਾਸ ਪ੍ਰਹਾਰ ਨੇ ਆਪਣੀ ਗੱਲ ਕਰਦਿਆਂ ਕਿਹਾ ਕਿ ਹਾਲੇ ਵੀ ਪੰਜਾਬੀ ਭਾਸ਼ਾ ਨੂੰ ਗਿਆਨ ਅਤੇ ਵਿਗਿਆਨ ਦੀ ਭਾਸ਼ਾ ਬਣਾਉਣ ਲਈ ਬਹੁਤ ਉਪਰਾਲੇ ਕਰਨ ਦੀ ਲੋੜ ਹੈ। ਨਾਮਵਰ ਘੁਮੱਕੜ ਨਿਰਲੇਪ ਸਿੰਘ ਨੇ ਗੁਰੂ ਨਾਨਕ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਸਫਰ ਅਤੇ ਸਾਹਿਤ ਦਾ ਆਪਸੀ ਰਿਸ਼ਤਾ ਬਹੁਤ ਡੂੰਘਾ ਹੈ।             
       ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਨਾਮਵਰ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਮਸਨੂਈ ਬੁੱਧੀ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਤਕਨੀਕ ਦੁਆਰਾ ਮਨੁੱਖੀ ਸਭਿਅਤਾ ਵਿੱਚ ਆਉਣ ਵਾਲੀਆਂ ਵੱਡੀਆਂ ਤਬਦੀਲੀਆਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਸੈਸ਼ਨ ਦੇ ਸੂਤਰਧਰ ਕੁਮਾਰ ਸੁਸ਼ੀਲ ਸਨ। ਗੁਰਪੰਥ ਗਿੱਲ ਅਤੇ ਸੈਮ ਗੁਰਵਿੰਦਰ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਮਨਮੋਹਨ ਦੀ ਪੁਸਤਕ ‘ਵਾਮਕੀ’ ਅਤੇ ਸੁਭਾਸ਼ ਪਰਿਹਾਰ ਦੀ ਪੁਸਤਕ ‘ ਸੁਭਾਸ਼ ਪਰਿਹਾਰ @ਸੋਸ਼ਲ ਮੀਡੀਆ’ ਜਾਰੀ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਸੰਸਥਾ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮਾਂ ਦਾ ਮਕਸਦ ਸਾਹਿਤਕ ਸਮਾਜਕ ਮੁੱਦਿਆਂ ਤੇ ਵਿਚਾਰ ਚਰਚਾ ਕਰਕੇ ਲੋਕ ਰਾਏ ਬਣਾਉਣਾ ਹੁੰਦਾ ਹੈ।                                                               
         ਦੂਜੇ ਸੈਸ਼ਨ ਵਿਚ ‘ ਪੰਜਾਬ ਦੀ ਡਿਜ਼ੀਟਲ ਪੱਤਰਕਾਰੀ ਅਤੇ ਸਮਾਜਕ ਜ਼ਿਮੇਵਾਰੀ ‘ ਵਿਸ਼ੇ ਤੇ ਭਰਵੀਂ ਚਰਚਾ ਵਿੱਚ ‘ ਦ ਕਾਰਵਾਂ ‘ ਦੀ ਸੀਨੀਅਰ ਪੱਤਰਕਾਰ ਜਤਿੰਦਰ ਕੌਰ ਤੁੜ ਨੇ ਕਿਹਾ ਡਿਜ਼ੀਟਲ ਮੀਡੀਆ ਨੇ ਹਾਸ਼ੀਆਗ੍ਰਸਤ ਲੋਕਾਂ ਨੂੰ ਆਵਾਜ਼ ਦਿੱਤੀ ਹੈ । ਪ੍ਰੰਤੂ ਇਸ ਦਾ ਆਪਮੁਹਾਰਾਪਣ ਬਹੁਤੀ ਵਾਰ ਰਾਹੋਂ ਕੁਰਾਹੇ ਵੀ ਪਾ ਦਿੰਦਾ ਹੈ। ਉਹਨਾਂ ਕਿਹਾ ਕਿ ਫਿਰਕਾਪ੍ਰਸਤੀ ਅਤੇ ਧਾਰਮਿਕ ਕੱਟੜਤਾ ਦੇ ਰੁਝਾਨ ਨੂੰ ਨਕਾਰਨ ਦੀ ਲੋੜ ਹੈ। ‘ਦ ਸਿਟੀਜ਼ਨ ‘ ਦੇ ਐਸੋਸੀਏਟ ਸੰਪਾਦਕ ਰਾਜੀਵ ਖੰਨਾ ਨੇ ਕਿਹਾ ਕਿ ਵਿਊ ਅਤੇ ਰੈਵਨਿਉ ਦਾ ਨਾਗਵਲ ਡਿਜੀਟਲ ਪੱਤਰਕਾਰੀ ਦੀ ਆਤਮਾ ਨੂੰ ਮਾਰ ਰਿਹਾ ਹੈ। 
      ਨਿਊਜ਼ ਕਲਿਕ ਦੇ ਸੀਨੀਅਰ ਪੱਤਰਕਾਰ ਸ਼ਿਵ ਇੰਦਰ ਸਿੰਘ ਨੇ ਕਿਹਾ ਕਿ ਡਿਜੀਟਲ ਪੱਤਰਕਾਰੀ ਦੀ ਤਾਕਤ ਅਤੇ ਸੱਤਾਧਾਰੀ ਧਿਰਾਂ ਦੀ ਚਾਲਾਂ ਨੂੰ ਪਛਾਣਨ ਦੀ ਲੋੜ ਹੈ। ਇਸ ਵਿਚਾਰ ਚਰਚਾ ਵਿਚ ਸੁਖਨੈਬ ਸਿੱਧੂ ਅਤੇ ਜੈਕ ਸਰਾਂ ਨੇ ਵੀ ਹਿੱਸਾ ਲਿਆ। ਸੈਸ਼ਨ ਦਾ ਸੰਚਾਲਨ ਰਾਜਪਾਲ ਸਿੰਘ ਨੇ ਕੀਤਾ। ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵਿੱਚ ਪਾਠਕਾਂ ਨੇ ਡੂੰਘੀ ਦਿਲਚਸਪੀ ਵਿਖਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਗੋਂਦਾਰਾ, ਗੁਰਪ੍ਰੀਤ ਸਿੱਧੂ, ਗੁਰਬਿੰਦਰ ਬਰਾੜ, ਲਛਮਨ ਮਾਲੂਕਾ, ਸਮੇਤ ਦੂਰ ਦੂਰ ਤੋਂ ਸਾਹਿਤ ਪ੍ਰੇਮੀ ਅਤੇ ਸਮਾਜਕ ਸਰੋਕਾਰਾਂ ਨਾਲ ਜੁੜੇ ਲੋਕ ਪਹੁੰਚੇ।
Advertisement
Advertisement
Advertisement
Advertisement
Advertisement
error: Content is protected !!