ਰਘਵੀਰ ਹੈਪੀ, ਬਰਨਾਲਾ, 12 ਨਵੰਬਰ 2024
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਐਨ.ਐੱਸ.ਐੱਸ ਵਿਭਾਗ ਐਸ.ਡੀ. ਕਾਲਜ ਆਫ ਐਜੂਕੇਸ਼ਨ, ਬਰਨਾਲਾ ਦੇ ਸਹਿਯੋਗ ਨਾਲ ਮੇਰਾ ਯੁਵਾ ਭਾਰਤ ਦੇ ਬੈਨਰ ਹੇਠ “ਇਕ ਰੁੱਖ ਮਾਂ ਦੇ ਨਾਮ” ਮੁਹਿੰਮ ਤਹਿਤ ਇੱਕ ਦਿਨ ਦਾ ਕੈਂਪ ਲਾਇਆ ਗਿਆ, ਜਿਸ ਵਿੱਚ ਕਾਲਜ ਕੈਂਪਸ ਦੀ ਸਫਾਈ ਅਤੇ ਰੁੱਖ ਲਗਾਉਣ ਦੀ ਮੁਹਿੰਮ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕਾਲਜ ਪ੍ਰਿੰਸੀਪਲ ਤਪਨ ਕੁਮਾਰ ਸਾਹੁ, ਨਹਿਰੂ ਯੁਵਾ ਕੇਂਦਰ, ਬਰਨਾਲਾ ਦੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਰਿਸ਼ਿਵ ਸਿੰਗਲਾ ਨੇ ਹਿੱਸਾ ਲਿਆ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਕਾਲਜ ਵਿੱਚ ਪੌਦੇ ਲਗਾਏ। ਪ੍ਰੋਗਰਾਮ ਅਧਿਕਾਰੀ ਪ੍ਰੋ. ਹਰਪਾਲ ਕੌਰ ਅਤੇ ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਦੇ ਨਿਰਦੇਸ਼ਨ ਹੇਠ ਨੌਜਵਾਨਾਂ ਨੇ ਸਮਾਜ ਸੇਵਾ ਦੀਆਂ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਨੌਜਵਾਨਾਂ ਨੂੰ ਵੱਖ-ਵੱਖ ਟੀਮਾਂ ਵਿੱਚ ਵੰਡਿਆ ਗਿਆ, ਜਿਨ੍ਹਾਂ ਨੂੰ ਕੈਂਪਸ ਦੇ ਨਿਰਧਾਰਤ ਖੇਤਰਾਂ ਦੀ ਸਫਾਈ ਅਤੇ ਪੌਦੇ ਲਗਾਉਣ ਵਰਗੀਆਂ ਖਾਸ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਦਾ ਮੁੱਖ ਉਦੇਸ਼ ਸਮਾਜ ਸੇਵਾ ਰਾਹੀਂ ਸਿੱਖਿਆ ਨੂੰ ਉਭਾਰਨਾ ਸੀ, ਜਿਸ ਨਾਲ ਟੀਮ ਵਰਕ, ਜ਼ਿੰਮੇਵਾਰੀ ਅਤੇ ਵਾਤਾਵਰਣੀਕ ਜਾਗਰੂਕਤਾ ਦਾ ਵਿਕਾਸ ਹੋ ਸਕੇ।
ਪ੍ਰੋਗਰਾਮ ਅਧਿਕਾਰੀਆਂ ਨੇ ਸ਼ੁਰੂਆਤ ਵਿੱਚ ਸਵੈ ਸੇਵਕਾਂ ਨੂੰ ਐਨ.ਐੱਸ.ਐੱਸ ਦੇ ਮਹੱਤਵ ਅਤੇ ਸਮਾਜਿਕ ਵਿਕਾਸ ਵਿੱਚ ਇਸ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਸਾਰੇ ਸਮੂਹ ਇੰਚਾਰਜ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਦੀ ਨਿਗਰਾਨੀ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਹਰ ਟੀਮ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਿਭਾਏ। ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ ਨੇ ਸਮਾਜਿਕ ਜ਼ਿੰਮੇਵਾਰੀ ਦੀ ਇਸ ਸ਼ਾਨਦਾਰ ਮਿਸਾਲ ਦੀ ਸ਼ਲਾਘਾ ਕੀਤੀ।